ਜੇਲ੍ਹ ਮੰਤਰੀ ਹਰਜੋਤ ਬੈਂਸ ਦੀ ਕਾਰਵਾਈ ‘ਤੇ ਉੱਠੇ ਸਵਾਲ!

ਜੇਲ੍ਹ ਮੰਤਰੀ ਹਰਜੋਤ ਬੈਂਸ ਦੀ ਕਾਰਵਾਈ ‘ਤੇ ਉੱਠੇ ਸਵਾਲ!

ਚੰਡੀਗੜ੍ਹ: ਪਟਿਆਲਾ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਨੂੰ ਬਦਲਣ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ‘ਤੇ ਸਵਾਲ ਉਠਾਏ ਜਾ ਰਹੇ ਹਨ।

ਨਸ਼ਿਆਂ ਦੇ ਮਾਮਲੇ ਵਿੱਚ ਫਸੇ ਅਕਾਲੀ ਲੀਡਰ ਬਿਕਰਮ ਮਜੀਠੀਆ ਇਸ ਜੇਲ੍ਹ ਵਿੱਚ ਬੰਦ ਹਨ। ਜੇਲ੍ਹ ਮੰਤਰੀ ਹਰਜੋਤ ਬੈਂਸ ਵੱਲੋਂ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਕਰੀਬੀ ਸੁੱਚਾ ਸਿੰਘ ਨੂੰ ਇੱਥੇ ਸੁਪਰਡੈਂਟ ਲਾਇਆ ਗਿਆ ਹੈ। ਇਸ ਲਈ ਸਵਾਲ ਉੱਠ ਰਹੇ ਹਨ।
ਖਾਸ ਗੱਲ ਇਹ ਹੈ ਕਿ ਪਹਿਲਾਂ ਇੱਥੇ ਤਾਇਨਾਤ ਸ਼ਿਵਰਾਜ ਸਿੰਘ ਨੂੰ ਇਸ ਕਾਰਨ ਹਟਾ ਦਿੱਤਾ ਗਿਆ ਕਿ ਉਹ ਮਜੀਠੀਆ ਨੂੰ ਵੀਆਈਪੀ ਟ੍ਰੀਟਮੈਂਟ ਦੇ ਰਹੇ ਸਨ। ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਕੀ ‘ਆਪ’ ਸਰਕਾਰ ਮਜੀਠੀਆ ਨੂੰ ਵੀਆਈਪੀ ਟ੍ਰੀਟਮੈਂਟ ਤੋਂ ਰੋਕਣਾ ਚਾਹੁੰਦੀ ਹੈ ਜਾਂ ਦੇਣਾ ਚਾਹੁੰਦੀ ਹੈ? ‘ਆਪ’ ਸਰਕਾਰ ‘ਚ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਦੋ ਦਿਨ ਪਹਿਲਾਂ ਪਟਿਆਲਾ ਜੇਲ੍ਹ ਦਾ ਦੌਰਾ ਕੀਤਾ ਸੀ। ਇਸ ਤੋਂ ਬਾਅਦ ਕੱਲ੍ਹ ਅਚਾਨਕ ਜੇਲ੍ਹ ਸੁਪਰਡੈਂਟ ਨੂੰ ਬਦਲ ਦਿੱਤਾ ਗਿਆ। ਜਿਵੇਂ ਹੀ ਸ਼ਿਵਰਾਜ ਦੀ ਥਾਂ ਸੁੱਚਾ ਸਿੰਘ ਦੀ ਨਿਯੁਕਤੀ ਹੋਈ, ਉਸ ਦੀ ਬਾਦਲ ਪਰਿਵਾਰ ਨਾਲ ਨੇੜਤਾ ਦਾ ਰਾਜ਼ ਖੁੱਲ੍ਹ ਗਿਆ।
ਦੱਸ ਦਈਏ ਕਿ 1 ਮਾਰਚ ਨੂੰ ਸੁਖਬੀਰ ਬਾਦਲ ਮਜੀਠੀਆ ਨੂੰ ਮਿਲਣ ਗਏ ਸਨ। ਇਸ ਤੋਂ ਬਾਅਦ ਉਹ ਪਟਿਆਲਾ ਜੇਲ੍ਹ ਕੰਪਲੈਕਸ ਵਿੱਚ ਆਪਣੀ ਸੰਸਦ ਮੈਂਬਰ ਪਤਨੀ ਹਰਸਿਮਰਤ ਕੌਰ ਬਾਦਲ ਨਾਲ ਤਤਕਾਲੀ ਮੁੱਖ ਭਲਾਈ ਅਫ਼ਸਰ ਸੁੱਚਾ ਸਿੰਘ ਦੇ ਘਰ ਕੁਝ ਸਮਾਂ ਰੁਕੇ। ਹੁਣ ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਉਸੇ ਸੁੱਚਾ ਸਿੰਘ ਨੂੰ ਹੁਣ ਜੇਲ੍ਹਰ ਬਣਾ ਦਿੱਤਾ ਗਿਆ ਹੈ।
ਪਟਿਆਲਾ ਕੇਂਦਰੀ ਜੇਲ੍ਹ ਦੇ ਨਵੇਂ ਸੁਪਰਡੈਂਟ ਨੇ ਮੀਡੀਆ ਨੂੰ ਦੱਸਿਆ ਕਿ ਉਹ ਇਸ ਗੱਲ ਤੋਂ ਇਨਕਾਰ ਨਹੀਂ ਕਰਦੇ ਕਿ ਉਹ ਬਾਦਲ ਪਰਿਵਾਰ ਦੇ ਕਰੀਬੀ ਹਨ। ਉਨ੍ਹਾਂ ਦੱਸਿਆ ਕਿ 2003 ਵਿੱਚ ਉਹ ਜੇਲ੍ਹ ਵਿੱਚ ਤਾਇਨਾਤ ਸੀ। ਫਿਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਉਥੇ ਹੀ ਬੰਦ ਰਹੇ।
ਇੱਕ ਅਫ਼ਸਰ ਵਜੋਂ ਕੈਦੀਆਂ ਦੇ ਨੇੜੇ ਹੋਣਾ ਕੋਈ ਵੱਡੀ ਗੱਲ ਨਹੀਂ। ਇਸ ਲਈ ਮੈਂ ਉਨ੍ਹਾਂ ਨੂੰ ਚਾਹ ਉਤੇ ਬੁਲਾਇਆ ਸੀ। ਮੈਂ ਕਿਸੇ ਵੀ ਪੁਰਾਣੇ ਬੰਦੀ ਨੂੰ ਚਾਹ ਲਈ ਬੁਲਾ ਸਕਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਕਦੇ ਪੋਸਟਿੰਗ ਲਈ ਨਹੀਂ ਕਿਹਾ। ਵਿਭਾਗ ਦੇ ਮੁਖੀ ਨੇ ਮੇਰੇ ਸਾਫ਼ ਸੁਥਰੇ ਅਕਸ ਕਾਰਨ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ। ਪੰਜਾਬ ਦੇ ਏਡੀਜੀਪੀ ਜੇਲ੍ਹ ਪੀਕੇ ਸਿਨਹਾ ਨੇ ਦੱਸਿਆ ਕਿ ਮੰਤਰੀ ਦੇ ਦਖ਼ਲ ਤੋਂ ਬਾਅਦ ਇਹ ਹੁਕਮ ਜਾਰੀ ਕੀਤੇ ਗਏ ਹਨ। ਮੇਰੇ ਕੋਲ ਇਸ ਬਾਰੇ ਹੋਰ ਕਹਿਣ ਲਈ ਕੁਝ ਨਹੀਂ ਹੈ।

Leave a Reply

Your email address will not be published.