ਜਿੱਤ ਦਾ ਜਨੂਨ ਲੈ ਕੇ ਉਤਰੇ ਸੀ ਹਰਮਨਪ੍ਰੀਤ

Home » Blog » ਜਿੱਤ ਦਾ ਜਨੂਨ ਲੈ ਕੇ ਉਤਰੇ ਸੀ ਹਰਮਨਪ੍ਰੀਤ
ਜਿੱਤ ਦਾ ਜਨੂਨ ਲੈ ਕੇ ਉਤਰੇ ਸੀ ਹਰਮਨਪ੍ਰੀਤ

ਟੋਕੀਉ: ਭਾਰਤੀ ਹਾਕੀ ਟੀਮ ਨੇ ਉਲੰਪਿਕ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 41 ਸਾਲਾਂ ਬਾਅਦ ਦੇਸ਼ ਦੀ ਝੋਲੀ ਵਿਚ ਮੈਡਲ ਪਾਇਆ ਹੈ।

ਇਸ ਤੋਂ ਬਾਅਦ ਮੈਚ ਦੇ ਡਰੈਗ ਫਲਿਕਰ ਹਰਮਨਪ੍ਰੀਤ ਨੇ ਵਰਚੁਅਲ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਅਸੀਂ ਜਿੱਤ ਦਾ ਜਨੂਨ ਲੈ ਕੇ ਮੈਦਾਨ ਵਿਚ ਉਤਰੇ ਸੀ, ਬਾਅਦ ਵਿਚ ਪਛਤਾਉਣਾ ਨਹੀਂ ਸੀ ਚਾਹੁੰਦੇ। ਉਹਨਾਂ ਕਿਹਾ. ‘ਦੋ ਗੋਲ ਨਾਲ ਪਿੱਛੇ ਰਹਿਣ ਤੋਂ ਬਾਅਦ ਵੀ ਅਸੀਂ ਹਾਰ ਨਹੀਂ ਮੰਨੀ। ਇਕ ਦੂਜੇ ਨੂੰ ਇਹੀ ਕਹਿ ਰਹੇ ਸੀ ਕਿ ਸਾਡੇ ਕੋਲ ਕੁਝ ਕਰਨ ਗੁਜ਼ਰਨ ਦਾ ਆਖਰੀ ਮੌਕਾ ਹੈ, ਬਾਅਦ ਵਿਚ ਪੂਰੀ ਜ਼ਿੰਦਗੀ ਪਛਤਾਉਣਾ ਨਹੀਂ ਹੈ’। ਭਾਰਤੀ ਹਾਕੀ ਟੀਮ ਦੇ ਉਪ-ਕਪਤਾਨ ਨੇ ਕਿਹਾ ਕਿ, ‘ਸਾਡੇ ਲਈ ਇਹ ਬਹੁਤ ਜਜ਼ਬਾਤੀ ਪਲ ਸੀ। ਕਈ ਸਾਲਾਂ ਦੀ ਮਿਹਨਤ ਰੰਗ ਲਿਆਈ। ਅਸੀਂ ਸੈਮੀਫਾਈਨਲ ਹਾਰਨ ਤੋਂ ਬਾਅਦ ਜਿੱਤ ਦਾ ਜਨੂਨ ਲੈ ਕੇ ਹੀ ਉਤਰੇ ਸੀ। ਪੂਰੀ ਟੀਮ ਨੇ ਅਖੀਰ ਤੱਕ ਹਾਰ ਨਹੀਂ ਮੰਨੀ’। ਇਸ ਦੌਰਾਨ ਟੀਮ ਦੇ ਕੋਚ ਗ੍ਰਾਹਰ ਰੀਡ ਨੇ ਕਿਹਾ ਕਿ ਸੈਮੀਫਾਈਨਲ ਵਿਚ ਬੈਲਜ਼ੀਅਮ ਕੋਲੋਂ ਹਾਰਨ ਤੋਂ ਬਾਅਦ ਜਿਸ ਤਰ੍ਹਾਂ ਟੀਮ ਨੇ ਕਾਂਸੀ ਤਮਗੇ ਦੇ ਮੈਚ ਵਿਚ ਵਾਪਸੀ ਕੀਤੀ ਉਹ ਕਾਬਿਲ-ਏ ਤਾਰੀਫ ਹੈ। ਉਹਨਾਂ ਕਿਹਾ, ‘ਅਸੀਂ ਸੈਮੀਫਾਈਨਲ ਹਾਰ ਗਏ ਸੀ।

ਪੂਰੀ ਟੀਮ ਉਦਾਸ ਸੀ ਪਰ ਇਕੱਠੇ ਮਿਲ ਕੇ ਅਸੀਂ ਇਕ ਦੂਜੇ ਦਾ ਹੌਂਸਲਾ ਵਧਾਇਆ। ਅਸੀਂ ਹਮੇਸ਼ਾ ‘ਟੀਮ ਸਭ ਤੋਂ ਪਹਿਲਾਂ’ ਦੀ ਮਾਨਸਿਕਤਾ ‘ਤੇ ਜ਼ੋਰ ਦਿੰਦੇ ਰਹੇ ਹਾਂ। ਇਹ ਏਕਤਾ ਲਾਕਡਾਉਨ ਦੌਰਾਨ ਵੀ ਖਿਡਾਰੀਆਂ ਦੀ ਤਾਕਤ ਬਣੀ ਸੀ। ਉਸ ਹਾਰ ਤੋਂ ਬਾਅਦ ਅੱਜ ਇਸ ਤਰ੍ਹਾਂ ਵਾਪਸ ਕਰਨਾ ਜ਼ਬਰਦਸਤ ਸੀ’। ਪੰਜ ਉਲੰਪਿਕ ਟੀਮਾਂ ਦਾ ਹਿੱਸਾ ਰਹਿ ਚੁੱਕੇ ਆਸਟਰੇਲੀਆਈ ਕੋਚ ਨੇ ਕਿਹਾ, “ਇਹ ਉਲੰਪਿਕ ਵੱਖਰਾ ਸੀ। ਕੋਰੋਨਾ ਮਹਾਂਮਾਰੀ ਕਾਰਨ ਸਭ ਕੁਝ ਬਦਲਿਆ ਹੋਇਆ ਸੀ। ਇਹਨਾਂ ਖਿਡਾਰੀਆਂ ਨੇ ਸਖ਼ਤ ਮਿਹਨਤ ਕੀਤੀ ਹੈ ਅਤੇ ਕੁਰਬਾਨੀਆਂ ਵੀ ਦਿੱਤੀਆਂ”। ਮੈਚ ਵਿਚ ਦੋ ਗੋਲ ਕਰਨ ਵਾਲੇ ਸਿਮਰਨਜੀਤ ਸਿੰਘ ਨੂੰ ਪਹਿਲਾਂ 16 ਖਿਡਾਰੀਆਂ ਵਿਚ ਜਗ੍ਹਾ ਨਹੀਂ ਮਿਲ ਸਕੀ। ਉਹ ਇਕ ਰਿਜ਼ਰਵ ਵਜੋਂ ਟੀਮ ਵਿਚ ਆਏ ਸੀ ਪਰ ਜਦੋਂ ਵੀ ਉਹਨਾਂ ਨੂੰ ਮੌਕਾ ਮਿਲਿਆ ਉਹਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਕਿਹਾ, “ਮੈਨੂੰ ਯਕੀਨ ਸੀ ਕਿ ਮੈਨੂੰ ਟੀਮ ਵਿਚ ਚੁਣਿਆ ਜਾਵੇਗਾ ਪਰ ਚੋਣ ਨਾਲ ਹੋਣ ਕਾਰਨ ਮੈਂ ਨਿਰਾਸ਼ ਸੀ। ਕੋਚ ਨੇ ਮੈਨੂੰ ਕਿਹਾ ਸੀ ਕਿ ਉਹ ਵੀ ਇਸ ਤੋਂ ਦੁਖੀ ਸਨ ਪਰ ਮੇਰੇ ਲਈ ਇਹ ਮਾਇਨੇ ਰੱਖਦਾ ਹੈ ਕਿ ਅਸੀਂ ਉਲੰਪਿਕ ਵਿਚ ਕਿੱਥੇ ਰਹਿੰਦੇ ਹਾਂ। ਮੈਂ ਟੀਮ ਵਿਚ ਹੋਵਾਂ ਜਾਂ ਨਹੀਂ ਇਸ ਨਾਲ ਫਰਕ ਨਹੀਂ ਪੈਂਦਾ”। ਕੋਚ ਨੇ ਇਹ ਵੀ ਕਿਹਾ ਕਿ ਭਾਰਤੀ ਟੀਮ ਦਾ ਸਰਬੋਤਮ ਪ੍ਰਦਰਸ਼ਨ ਅਜੇ ਬਾਕੀ ਹੈ।

Leave a Reply

Your email address will not be published.