ਜਾਪਾਨ ਨੇ ਓਲੰਪਿਕ ਤੋਂ ਦੋ ਹਫ਼ਤੇ ਪਹਿਲਾਂ ਟੋਕੀਓ ’ਚ ਐਲਾਨੀ ‘ਕੋਰੋਨਾ ਐਮਰਜੈਂਸੀ’

Home » Blog » ਜਾਪਾਨ ਨੇ ਓਲੰਪਿਕ ਤੋਂ ਦੋ ਹਫ਼ਤੇ ਪਹਿਲਾਂ ਟੋਕੀਓ ’ਚ ਐਲਾਨੀ ‘ਕੋਰੋਨਾ ਐਮਰਜੈਂਸੀ’
ਜਾਪਾਨ ਨੇ ਓਲੰਪਿਕ ਤੋਂ ਦੋ ਹਫ਼ਤੇ ਪਹਿਲਾਂ ਟੋਕੀਓ ’ਚ ਐਲਾਨੀ ‘ਕੋਰੋਨਾ ਐਮਰਜੈਂਸੀ’

ਇੰਟਰਨੈਸ਼ਨਲ ਡੈਸਕ : ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਟੋਕੀਓ ਵਿਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਸ਼ਹਿਰ ’ਚ ਐਮਰਜੈਂਸੀ ਦਾ ਐਲਾਨ ਕੀਤਾ।

ਇਸ ਤੋਂ ਬਾਅਦ ਟੋਕੀਓ ਓਲੰਪਿਕ ’ਚ ਦਰਸ਼ਕਾਂ ਦੇ ਆਉਣ ’ਤੇ ਪਾਬੰਦੀ ਲਾਉਣ ਦੀ ਸੰਭਾਵਨਾ ਹੈ। ਇਹ ਐਲਾਨ ਅਜਿਹੇ ਸਮੇਂ ਵਿਚ ਹੋਇਆ ਹੈ, ਜਦੋਂ ਅੰਤਰਰਾਸ਼ਟਰੀ ਓਲੰਪਿਕ ਸੰਮਤੀ (ਆਈ. ਓ. ਸੀ.) ਦੇ ਪ੍ਰਧਾਨ ਥਾਮਸ ਬਾਕ ਵੀਰਵਾਰ ਟੋਕੀਓ ਪਹੁੰਚ ਗਏ। ਸੁਗਾ ਨੇ ਕਿਹਾ ਕਿ ਸੋਮਵਾਰ ਤੋਂ ਐਮਰਜੈਂਸੀ ਸਥਿਤੀ ਲਾਗੂ ਹੋ ਜਾਵੇਗੀ ਤੇ 22 ਅਗਸਤ ਤਕ ਰਹੇਗੀ। ਇਸ ਦਾ ਮਤਲਬ ਹੋਇਆ ਕਿ 23 ਜੁਲਾਈ ਤੋਂ ਸ਼ੁਰੂ ਹੋ ਕੇ 8 ਅਗਸਤ ਤਕ ਚੱਲਣ ਵਾਲੀਆਂ ਓਲੰਪਿਕ ਖੇਡਾਂ ਦਾ ਆਯੋਜਨ ਪੂਰੀ ਤਰ੍ਹਾਂ ਐਮਰਜੈਂਸੀ ਦਰਮਿਆਨ ਹੋਵੇਗਾ। ਉਨ੍ਹਾਂ ਕਿਹਾ ਕਿ ਦੇਸ਼ ’ਚ ਭਵਿੱਖ ਵਿਚ ਵਾਇਰਸ ਦੇ ਮਾਮਲੇ ਮੁੜ ਨਾ ਵਧਣ, ਇਸ ਲਈ ਐਮਰਜੈਂਸੀ ਸਥਿਤੀ ਲਾਗੂ ਕਰਨਾ ਜ਼ਰੂਰੀ ਹੈ। ਟੋਕੀਓ ਦੇ ਹਾਨੇਦਾ ਹਵਾਈ ਅੱਡੇ ’ਤੇ ਕੈਮਰਿਆਂ ਤੋਂ ਬਚਦਿਆਂ ਬਾਕ ਆਈ. ਓ. ਸੀ. ਦੇ ਹੈੱਡਕੁਆਰਟਰ ਪਹੁੰਚੇ, ਜੋ ਸ਼ਹਿਰ ਦੇ ਵਿਚਾਲੇ ਸਥਿਤ ਪੰਜ ਤਾਰਾ ਹੋਟਲ ਵਿਚ ਬਣਾਇਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਤਿੰਨ ਦਿਨ ਲਈ ਇਕਾਂਤਵਾਸ ਰਹਿਣਾ ਪਵੇਗਾ। ਐਮਰਜੈਂਸੀ ਸਥਿਤੀ ’ਚ ਮੁੱਖ ਤੌਰ ’ਤੇ ਧਿਆਨ ਸ਼ਰਾਬ ਪਿਲਾਉਣ ਵਾਲੇ ਬਾਰਜ਼ ਤੇ ਰੈਸਟੋਰੈਂਟਾਂ ਨੂੰ ਬੰਦ ਕਰਨ ਦੀ ਅਪੀਲ ’ਤੇ ਹੈ। ਸ਼ਰਾਬ ਪਿਲਾਉਣ ’ਤੇ ਪਾਬੰਦੀ ਓਲੰਪਿਕ ਸਬੰਧੀ ਸਰਗਰਮੀਆਂ ਨੂੰ ਸੀਮਤ ਕਰਨ ਵੱਲ ਇਕ ਕਦਮ ਹੈ। ਟੋਕੀਓ ਦੇ ਨਿਵਾਸੀਆਂ ਨੂੰ ਘਰਾਂ ਵਿਚ ਰਹਿਣ ਤੇ ਘਰੋਂ ਟੀ. ਵੀ. ’ਤੇ ਹੀ ਓਲੰਪਿਕ ਦੇਖਣ ਨੂੰ ਕਿਹਾ ਜਾ ਸਕਦਾ ਹੈ। ਸਿਹਤ ਮੰਤਰੀ ਨੋਰਿਹਿਸਾ ਤਾਮੁਰਾ ਨੇ ਕਿਹਾ ਕਿ ਮੁੱਖ ਮੁੱਦਾ ਇਹ ਹੈ ਕਿ ਲੋਕਾਂ ਨੂੰ ਓਲੰਪਿਕ ਦਾ ਮਜ਼ਾ ਲੈਂਦਿਆਂ ਸ਼ਰਾਬ ਪੀਣ ਲਈ ਬਾਹਰ ਜਾਣ ਤੋਂ ਕਿਵੇਂ ਰੋਕਿਆ ਜਾਵੇ।

Leave a Reply

Your email address will not be published.