ਜਲ ਸੈਨਾ ਵੱਲੋਂ ਹਿੰਦ ਮਹਾਸਾਗਰ ਵਿੱਚ ਜੰਗੀ ਮਸ਼ਕਾਂ

ਨਵੀਂ ਦਿੱਲੀ, 24 ਜਨਵਰੀ

ਭਾਰਤੀ ਜਲ ਸੈਨਾ ਹਿੰਦ ਮਹਾਸਾਗਰ ਖੇਤਰ ਵਿੱਚ ਜੰਗੀ ਤਿਆਰੀਆਂ ਦੀ ਪਰਖ ਲਈ ਜੰਗੀ ਬੇੜਿਆਂ, ਪਣਡੁੱਬੀਆਂ ਅਤੇ ਹਵਾਈ ਜਹਾਜ਼ਾਂ ਆਦਿ ਦੀ ਮਦਦ ਨਾਲ ਵੱਡੇ ਪੱਧਰ ‘ਤੇ ਜੰਗੀ ਮਸ਼ਕਾਂ ਕਰ ਰਹੀ ਹੈ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਜਲ ਸੈਨਾ ਵੱਲੋਂ ਹਿੰਦ ਮਹਾਸਾਗਰ ਖੇਤਰ ਵਿੱਚ ਚੀਨੀ ਫੌਜ ਦੀ ਵਧਦੀ ਮੌਜੂਦਗੀ ਦੌਰਾਨ ਇਹ ਅਭਿਆਸ ਕੀਤਾ ਜਾ ਰਿਹਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਥੀਏਟਰ ਲੈਵਲ ਅਪਰੇਸ਼ਨਲ ਰੈੱਡੀਨੈੱਸ ਅਭਿਆਸ (ਟਰੋਪੈਕਸ) ਤਹਿਤ ਜਲ ਸੈਨਾ ਦੇ ਜੰਗੀ ਬੇੜਿਆਂ, ਕਾਰਵੈੱਟਾਂ, ਪਣਡੁੱਬੀਆਂ ਤੇ ਜਹਾਜ਼ਾਂ ਸਣੇ ਸੈਨਾ ਦੀਆਂ ਵੱਖ ਵੱਖ ਇਕਾਈਆਂ ਨੂੰ ਗੁੰਝਲਦਾਰ ਸਮੁੰਦਰੀ ਸੰਚਾਲਨ ਤਾਇਨਾਤੀ ਵਿੱਚੋਂ ਲੰਘਾਇਆ ਜਾਂਦਾ ਹੈ। ‘ਟਰੋਪੈਕਸ’ ਤਹਿਤ ਇਹ ਜੰਗੀ ਮਸ਼ਕਾਂ ਜਨਵਰੀ ਤੋਂ ਮਾਰਚ ਦੌਰਾਨ ਕੀਤੀਆਂ ਜਾ ਰਹੀਆਂ ਹਨ ਜਿਸ ਵਿੱਚ ਜਲ ਸੈੈਨਾ ਦੀਆਂ ਸਾਰੀਆਂ ਇਕਾਈਆਂ ਦੇ ਨਾਲ ਨਾਲ ਫੌਜ, ਹਵਾਈ ਫੌਜ ਅਤੇ ਤੱਟ ਰੱਖਿਅਕਾਂ ਨਾਲ ਸਬੰਧਤ ਜੰਗੀ ਸਾਜ਼ੋ ਸਾਮਾਨ ਵੀ ਸ਼ਾਮਲ ਹੁੰਦਾ ਹੈ।

ਜਲ ਸੈਨਾ ਦੇ ਤਰਜਮਾਨ ਕਮਾਂਡਰ ਵਿਵੇਕ ਮਧਵਾਲ ਮਸ਼ਕਾਂ ਤਹਿਤ ਜਲ ਸੈਨਾ ਦੇ ਮਾਰੂ ਬੇੜਿਆਂ, ਜੰਗੀ ਬੇੜਿਆਂ, ਪਣਡੁੱਬੀਆਂ ਸਣੇ ਸੈਨਾ ਦੀਆਂ ਸਾਰੀਆਂ ਲੜਾਕੂ ਇਕਾਈਆਂ ਦੀ ਪਰਖ ਲਈ ਇਨ੍ਹਾਂ ਨੂੰ ਗੁੰਝਲਦਾਰ ਸਮੁੰਦਰੀ ਸੰਚਾਲਨ ਤਾਇਨਾਤੀ ਵਿੱਚੋਂ ਲੰਘਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਅਭਿਆਸ ਹਥਿਆਰਾਂ ਦੀ ਪ੍ਰਤੱਖ ਫਾਇਰਿੰਗ ਸਣੇ ਜੰਗੀ ਸੰਚਾਲਨ ਦੇ ਵੱਖ-ਵੱਖ ਪਹਿਲੂਆਂ ਨੂੰ ਸ਼ਾਮਲ ਕਰਦਿਆਂ ਵੱਖ-ਵੱਖ ਪੜਾਵਾਂ ਵਿੱਚ ਬੰਦਰਗਾਹ ਅਤੇ ਸੁਮੰਦਰ ਦੋਵਾਂ ਵਿੱਚ ਕੀਤਾ ਜਾਂਦਾ ਹੈ। ਅਧਿਕਾਰੀ ਮੁਤਾਬਕ, ”ਪਿਛਲੇ ਕੁਝ ਸਾਲਾਂ ਦੌਰਾਨ ਕਾਰਜ-ਖੇਤਰ ਅਤੇ ਗੁੰਝਲਾਂ ਵਿੱਚ ਵਾਧਾ ਹੋਣ ਮਗਰੋਂ ਇਹ ਮਸ਼ਕਾਂ ਬਹੁ-ਪੱਧਰੀ ਖ਼ਤਰੇ ਵਾਲੇ ਮਾਹੌਲ ਵਿੱਚ ਕੰਮ ਕਰਨ ਲਈ ਭਾਰਤੀ ਜਲ ਸੈਨਾ ਦੇ ਸੰਯੁਕਤ ਬੇੜੇ ਦੀ ਲੜਾਕੂ ਤਿਆਰੀ ਪਰਖਣ ਦਾ ਮੌਕਾ ਦਿੰਦਾ ਹੈ।” -ਪੀਟੀਆਈ

Leave a Reply

Your email address will not be published. Required fields are marked *

Generated by Feedzy