ਜਲਾਲਾਬਾਦ ‘ਚ ਅਫ਼ਗਾਨ ਝੰਡਾ ਬਦਲਣ ਤੋਂ ਨਾਰਾਜ਼ ਲੋਕਾਂ ‘ਤੇ ਤਾਲਿਬਾਨ ਨੇ ਚਲਾਈਆਂ ਗੋਲੀਆਂ-3 ਹਲਾਕ

Home » Blog » ਜਲਾਲਾਬਾਦ ‘ਚ ਅਫ਼ਗਾਨ ਝੰਡਾ ਬਦਲਣ ਤੋਂ ਨਾਰਾਜ਼ ਲੋਕਾਂ ‘ਤੇ ਤਾਲਿਬਾਨ ਨੇ ਚਲਾਈਆਂ ਗੋਲੀਆਂ-3 ਹਲਾਕ
ਜਲਾਲਾਬਾਦ ‘ਚ ਅਫ਼ਗਾਨ ਝੰਡਾ ਬਦਲਣ ਤੋਂ ਨਾਰਾਜ਼ ਲੋਕਾਂ ‘ਤੇ ਤਾਲਿਬਾਨ ਨੇ ਚਲਾਈਆਂ ਗੋਲੀਆਂ-3 ਹਲਾਕ

ਕਾਬੁਲ / ਅਫ਼ਗਾਨਿਸਤਾਨ ਦੀ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਤਾਲਿਬਾਨ ਵਲੋਂ ਜਗ੍ਹਾ-ਜਗ੍ਹਾ ‘ਤੇ ਲੱਗੇ ਅਫ਼ਗਾਨ ਝੰਡੇ ਉਤਾਰ ਕੇ ਉਨ੍ਹਾਂ ਦੀ ਬਜਾਏ ਆਪਣੇ ਸੰਗਠਨ ਦੇ ਝੰਡੇ ਲਹਿਰਾਏ ਜਾ ਰਹੇ ਹਨ |

ਇਸ ਤਬਦੀਲੀ ਦਾ ਅਫ਼ਗਾਨ ਨਾਗਰਿਕਾਂ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ | ਅੱਜ ਦੁਪਹਿਰ ਜਲਾਲਾਬਾਦ ਸ਼ਹਿਰ ਦੇ ਵਸਨੀਕਾਂ ਨੇ ਇਕ ਮੀਨਾਰ ‘ਤੇ ਤਾਲਿਬਾਨ ਦਾ ਝੰਡਾ ਉਤਾਰ ਕੇ ਉਸ ਦੀ ਜਗ੍ਹਾ ‘ਤੇ ਅਫ਼ਗਾਨ ਝੰਡਾ ਲਹਿਰਾ ਦਿੱਤਾ | ਇਸ ਦੇ ਬਾਅਦ ਸਥਾਨਕ ਅਫ਼ਗਾਨ ਨਾਗਰਿਕਾਂ ਨੇ ਸੜਕਾਂ ‘ਤੇ ਭਾਰੀ ਜਲੂਸ ਕੱਢਦਿਆਂ ਮੰਗ ਕੀਤੀ ਕਿ ਸਰਕਾਰੀ ਤੇ ਗ਼ੈਰ-ਸਰਕਾਰੀ ਦਫ਼ਤਰਾਂ ‘ਤੇ ਤਾਲਿਬਾਨ ਦੇ ਝੰਡੇ ਦੀ ਬਜਾਏ ਅਫ਼ਗਾਨ ਝੰਡਾ ਲਹਿਰਾਇਆ ਜਾਵੇ | ਲੋਕਾਂ ਨੇ ਆਪਣੇ ਹੱਥਾਂ ‘ਚ ਅਫ਼ਗਾਨ ਝੰਡੇ ਲੈ ਕੇ ਮਾਰਚ ਕੀਤਾ ਅਤੇ ਤਾਲਿਬਾਨ ਵਲੋਂ ਕੀਤੀ ਤਬਦੀਲੀ ਦੇ ਵਿਰੋਧ ‘ਚ ਨਾਅਰੇਬਾਜ਼ੀ ਵੀ ਕੀਤੀ | ਉਕਤ ਦੇ ਇਲਾਵਾ ਅਸਦਾਬਾਦ ਸ਼ਹਿਰ ‘ਚ ਵੀ ਸਥਾਨਕ ਲੋਕਾਂ ਨੇ ਅਫ਼ਗਾਨ ਝੰਡੇ ਹੱਥਾਂ ‘ਚ ਲੈ ਕੇ ਪ੍ਰਦਰਸ਼ਨ ਕੀਤਾ | ਇਸ ਨੂੰ ਲੈ ਕੇ ਬੌਖਲਾਹਟ ‘ਚ ਆਏ ਤਾਲਿਬਾਨ ਅੱਤਵਾਦੀਆਂ ਵਲੋਂ ਪ੍ਰਦਰਸ਼ਨਕਾਰੀਆਂ ‘ਤੇ ਗੋਲੀਆਂ ਚਲਾਈਆਂ ਗਈਆਂ | ਤਾਲਿਬਾਨ ਨੇ ਵਿਰੋਧ ਪ੍ਰਦਰਸ਼ਨਾਂ ਦੀ ਕਵਰੇਜ ਕਰ ਰਹੇ ਕੁਝ ਪੱਤਰਕਾਰਾਂ ਦੀ ਵੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਦੇ ਕੈਮਰੇ ਵੀ ਤੋੜ ਦਿੱਤੇ |

ਤਾਲਿਬਾਨ ਵਲੋਂ ਚਲਾਈਆਂ ਗੋਲੀਆਂ ਨਾਲ ਤਿੰਨ ਅਫ਼ਗਾਨ ਨਾਗਰਿਕਾਂ ਦੇ ਮਾਰੇ ਜਾਣ ਅਤੇ 12 ਹੋਰਨਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਮਿਲੀ ਹੈ | ਦਾਅਵਾ ਕੀਤਾ ਜਾ ਰਿਹਾ ਹੈ ਕਿ ਆਉਂਦੇ ਦਿਨਾਂ ‘ਚ ਤਾਲਿਬਾਨ ਵਿਰੁੱਧ ਦੇਸ਼ ਦੇ ਹੋਰਨਾਂ ਵੱਡੇ ਸ਼ਹਿਰਾਂ ‘ਚ ਵੀ ਅਫ਼ਗਾਨ ਨਾਗਰਿਕਾਂ ਵਲੋਂ ਪ੍ਰਦਰਸ਼ਨ ਕੀਤਾ ਜਾਵੇਗਾ | ਤਾਲਿਬਾਨ ਨੇ ਬਾਮਿਆਨ ‘ਚ ਮਾਰੇ ਗਏ ਹਜ਼ਾਰਾ ਨੇਤਾ ਅਬਦੁਲ ਅਲੀ ਮਜ਼ਾਰੀ ਦੇ ਬੁੱਤ ਨੂੰ ਢਾਹ ਦਿੱਤਾ ਹੈ | ਮਜ਼ਾਰੀ ਉਹੀ ਨੇਤਾ ਸਨ ਜੋ 1990 ਦੇ ਦਹਾਕੇ ਦੌਰਾਨ ਗ੍ਰਹਿ ਯੁੱਧ ਦੌਰਾਨ ਤਾਲਿਬਾਨੀਆਂ ਖ਼ਿਲਾਫ਼ ਲੜੇ ਸਨ | ਤਾਲਿਬਾਨ ਨੇ ਆਪਣੇ ਪਿਛਲੇ ਸ਼ਾਸਨ ਦੌਰਾਨ ਸਾਲ 1995 ‘ਚ ਹਜ਼ਾਰਾ ਨੇਤਾ ਦੀ ਹੱਤਿਆ ਕਰਨ ਦੇ ਨਾਲ-ਨਾਲ ਉੱਥੇ ਮੌਜੂਦ ਮਹਾਤਮਾ ਬੁੱਧ ਦੀਆਂ ਅਨੇਕਾ ਵਿਸ਼ਾਲ ਮੂਰਤੀਆਂ ਸਮੇਤ ਸਾਰੇ ਇਤਿਹਾਸਕ ਅਤੇ ਪੁਰਾਤਤਵ ਸਮਾਰਕਾਂ ਨੂੰ ਜ਼ਮੀਨਦੋਜ਼ ਕਰ ਦਿੱਤਾ ਸੀ |

ਤਾਲਿਬਾਨ ਦੀ ਕਰਜ਼ਈ ਨਾਲ ਮੁਲਾਕਾਤ ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਤਾਲਿਬਾਨ ਦੇ ਇਕ ਗੁੱਟ ਦੇ ਸ਼ਕਤੀਸ਼ਾਲੀ ਅਤੇ ਸੀਨੀਅਰ ਨੇਤਾ ਨਾਲ ਮੁਲਾਕਾਤ ਕੀਤੀ, ਜਿਸ ਨੂੰ ਇਕ ਸਮੇਂ ਜੇਲ੍ਹ ਵਿਚ ਰੱਖਿਆ ਗਿਆ ਸੀ ਅਤੇ ਜਿਸ ਦੇ ਸੰਗਠਨ ਨੂੰ ਅਮਰੀਕਾ ਨੇ ਅੱਤਵਾਦੀ ਸੰਗਠਨ ਦੇ ਤੌਰ ‘ਤੇ ਸੂਚੀਬੱਧ ਕੀਤਾ ਹੈ | ਕਰਜ਼ਈ ਅਤੇ ਡਿਗ ਚੁੱਕੀ ਸਰਕਾਰ ਵਿਚ ਉੱਚ ਅਹੁੱਦੇ ‘ਤੇ ਰਹੇ ਅਬਦੁੱਲਾ ਅਬਦੁੱਲਾ ਨੇ ਅਨਸ ਹਕਾਨੀ ਨਾਲ ਸ਼ੁਰੂਆਤੀ ਬੈਠਕਾਂ ਤਹਿਤ ਮੁਲਾਕਾਤ ਕੀਤੀ | ਕਰਜ਼ਈ ਦੇ ਬੁਲਾਰੇ ਨੇ ਕਿਹਾ ਕਿ ਇਸ ਨਾਲ ਤਾਲਿਬਾਨ ਦੇ ਚੋਟੀ ਦੇ ਨੇਤਾ ਅਬਦੁੱਲ ਗਨੀ ਬਰਾਦਰ ਨਾਲ ਗੱਲਬਾਤ ਦਾ ਆਧਾਰ ਤਿਆਰ ਹੋਵੇਗਾ | ਅਮਰੀਕਾ ਨੇ ਹਕਾਨੀ ਨੈਟਰਵਕ ਨੂੰ ਸਾਲ 2012 ‘ਚ ਅੱਤਵਾਦੀ ਸੰਗਠਨ ਐਲਾਨਿਆ ਸੀ ਅਤੇ ਉਸ ਦੀ ਭਵਿੱਖ ਦੀ ਸਰਕਾਰ ਵਿਚ ਭੂਮਿਕਾ ਅੰਤਰਰਾਸ਼ਟਰੀ ਪਾਬੰਦੀ ਲਗ ਸਕਦੀ ਹੈ | ਤਾਲਿਬਾਨ ਨੇ ‘ਸੰਮਲਿਤ ਇਸਲਾਮੀ ਸਰਕਾਰ’ ਬਣਾਉਣ ਦਾ ਵਾਅਦਾ ਕੀਤਾ ਹੈ ਪਰ ਪਿਛਲੇ ਸਮੇਂ ਦੌਰਾਨ ਇਸਲਾਮ ਦੀ ਕੱਟੜ ਵਿਆਖਿਆ ਨਾਲ ਅਸਹਿਮਤੀ ਰੱਖਣ ਵਾਲਿਆਂ ਪ੍ਰਤੀ ਅਸਹਿਸ਼ੀਲਤਾ ਨੂੰ ਦੇਖਦੇ ਹੋਏ ਇਸ ਬਾਰੇ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ |

Leave a Reply

Your email address will not be published.