ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਸਖ਼ਤੀ ਨਾਲ ਕੰਮ ਕਰ ਰਿਹਾ ਹੈ ਭਾਰਤ-ਮੋਦੀ

ਗਲਾਸਗੋ/ਲੰਡਨ / ਪ੍ਰਧਾਨ ਮੰਤਰੀ ਮੋਦੀ ਨੇ ਇਸ ਗੱਲ ਜ਼ੋਰ ‘ਤੇ ਜ਼ੋਰ ਦਿੱਤਾ ਕਿ ਭਾਰਤ ਹੀ ਇਕ ਅਜਿਹਾ ਦੇਸ਼ ਹੈ ਜੋ ਪੈਰਿਸ ਸਮਝੌਤੇ ਤਹਿਤ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਉਸ ਦੀ ਭਾਵਨਾ ਅਨੁਸਾਰ ਕੰਮ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਆਪਣਾ ਭਾਸ਼ਨ ਰਿਗਵੇਦ ਦੀਆਂ ਦੋ ਲਾਈਨਾਂ ਨਾਲ ਸ਼ੁਰੂ ਕੀਤਾ। ਜਿਸ ਦਾ ਅਰਥ ਉਨ੍ਹਾਂ ਨੇ ‘ਸਾਰੇ ਨਾਲ ਮਿਲ ਕੇ ਚੱਲਣ’ ਦੱਸਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਜਲਵਾਯੂ ਤਬਦੀਲੀ ਨਾਲ ਸੰਬੰਧਿਤ ਮੁੱਦਿਆਂ ਨਾਲ ਨਜਿੱਠਣ ਲਈ ਸਖਤੀ ਨਾਲ ਕੰਮ ਕਰ ਰਿਹਾ ਹੈ। ਜੀਵਨ ਸ਼ੈਲੀ ‘ਚ ਬਦਲਾਅ ਲਈ ਸੱਦਾ ਦਿੰਦਿਆਂ ਮੋਦੀ ਨੇ ਕਿਹਾ ਕਿ ਵਾਤਾਵਰਨ ਪ੍ਰਤੀ ਚੇਤੰਨ ਜਾਗਰੂਕ ਜੀਵਨਸ਼ੈਲੀ ‘ਚ ਬਦਲਾਅ ਜਲਵਾਯੂ ਤਬਦੀਲੀ ਨਾਲ ਨਜਿੱਠਣ ‘ਚ ਕਾਫ਼ੀ ਮਦਦਗਾਰ ਸਾਬਿਤ ਹੋ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ‘ਚ ਸਾਡੀ ਆਬਾਦੀ ਸਿਰਫ 17 ਫ਼ੀਸਦੀ ਹੈ ਪਰ ਨਿਕਾਸੀ ‘ਚ ਹਿੱਸਾ ਸਿਰਫ਼ 5 ਫ਼ੀਸਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਨਾਨ ਫਾਸਿਲ ਤੇਲ ‘ਚ 25 ਫ਼ੀਸਦੀ ਵਾਧਾ ਕੀਤਾ ਹੈ। ਵਿਸ਼ਵ ਦੀ ਕੁਲ ਆਬਾਦੀ ਤੋਂ ਵੀ ਜ਼ਿਆਦਾ ਲੋਕ ਸਾਡੇ ਇਥੇ ਭਾਰਤੀ ਰੇਲ ‘ਚ ਯਾਤਰਾ ਕਰਦੇ ਹਨ। ਭਾਰਤੀ ਰੇਲ ਨੇ 2030 ਤੱਕ ਨੈਟ ਜ਼ੀਰੋ ਐਮਿਸ਼ਨ ਦਾ ਟੀਚਾ ਰੱਖਿਆ ਹੈ। ਐਲ. ਈ. ਡੀ. ਬਲਬ ਮੁਹਿੰਮ ਨਾਲ ਸਾਲਾਨਾ 40 ਮਿਲੀਅਨ ਟਨ ਉਤਸਰਜਨ ਘੱਟ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਅੰਤਰਰਾਸ਼ਟਰੀ ਸੋਲਰ ਗੱਲਜੋੜ ਦੀ ਪਹਿਲ ਕੀਤੀ। ਉਨ੍ਹਾਂ ਪੰਜ ਮੰਤਰ ਰੱਖੇ।

ਪਹਿਲਾ ਭਾਰਤ 2030 ਤੱਕ ਆਪਣੀ ਨਾਲ ਫਾਸਿਲ ਊਰਜਾ ਨੂੰ 500 ਗੀਗਾ ਬਾਈਟ ਤੱਕ ਪਹੁੰਚਾਏਗਾ। ਦੂਜਾ ਭਾਰਤ 2030 ਤੱਕ ਆਪਣੀ 50 ਫ਼ੀਸਦੀ ਊਰਜਾ ਜ਼ਰੂਰਤਾਂ ਨੂੰ ਨਵਿਆਉਣਯੋਗ ਊਰਜਾ ਤੋਂ ਪੂਰਾ ਕਰੇਗਾ। ਤੀਜਾ ਭਾਰਤ 2030 ਤੱਕ ਕੁਲ ਅਨੁਮਾਨਿਤ ਕਾਰਬਨ ਨਿਕਾਸੀ ਦਾ 1 ਬਿਲੀਅਨ ਟਨ ਘੱਟ ਕਰੇਗਾ। ਚੌਥਾ ਭਾਰਤ 2030 ਤੱਕ ਆਪਣੀ ਅਰਥਵਿਵਸਥਾ ਦੀ ਕਾਰਬਨ ਤੀਬਰਤਾ ਨੂੰ 45 ਫ਼ੀਸਦੀ ਤੱਕ ਘੱਟ ਕਰੇਗਾ। ਪੰਜਵਾਂ 2070 ਤੱਕ ਨੈਟ ਜ਼ੀਰੋ ਨਿਕਾਸੀ ਦਾ ਟੀਚਾ ਹਾਸਿਲ ਕਰੇਗਾ। ਉਨ੍ਹਾਂ ਕਿਹਾ ਕਿ ਸਾਡੀ ਉਮੀਦ ਹੈ ਕਿ ਵਿਕਸਿਤ ਦੇਸ਼ ਜਲਦੀ ਤੋਂ ਜਲਦੀ 1 ਲੱਖ ਕਰੋੜ ਡਾਲਰ ਦਾ ਵਾਤਾਵਰਨ ਫੰਡ ਮੁਹੱਈਆ ਕਰਵਾਏ। ਉਨ੍ਹਾਂ ਕਿਹਾ ਕਿ ਪਿਛੜੇ ਦੇਸ਼ਾਂ ਨੂੰ ਕੌਮਾਂਤਰੀ ਮਦਦ ਦੀ ਲੋੜ ਹੈ। ਇਸ ਲਈ ਵਿਕਸਿਤ ਦੇਸ਼ਾਂ ਨੂੰ ਅੱਗੇ ਆਉਣਾ ਹੋਵੇਗਾ।

ਆਪਣੇ ਸੰਬੋਧਨ ‘ਚ ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਕੂਲੀ ਸਿਲੇਬਸ ‘ਚ ਵਾਤਾਵਰਨ ਨੀਤੀਆਂ ਨੂੰ ਵੀ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀ ਪੀੜੀ ਇਸ ਚੁਣੌਤੀ ਬਾਰੇ ਬਿਹਤਰ ਤੌਰ ‘ਤੇ ਜਾਣੂ ਹੋ ਸਕੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਤੱਕ ਵਾਤਾਵਰਨ ਦੀਆਂ ਨੀਤੀਆਂ ਵਿਚ ਅਨੁਕੂਲਤਾ ‘ਤੇ ਸਹੀ ਢੰਗ ਨਾਲ ਜ਼ੋਰ ਨਹੀਂ ਦਿੱਤਾ ਗਿਆ। ਮੋਦੀ ਨੇ ਆਪਣੇ ਸੰਬੋਧਨ ਦੌਰਾਨ ਭਾਰਤ ਸਰਕਾਰ ਦੀਆਂ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕਿਵੇਂ ਭਾਰਤ ਜਲਵਾਯੂ ਤਬਦੀਲੀ ਕਾਰਨ ਪੈਦਾ ਹੋਈ ਸਥਿਤੀ ਨਾਲ ਲੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਅਸੀਂ ਵਧਦੀ ਤਬਾਹੀ ‘ਚ ਹਾਂ, ਮੇਰਾ ਮੰਨਣਾ ਹੈ ਕਿ ਇਹ ਸੰਮੇਲਨ ਨਾ ਸਿਰਫ ਅਮਰੀਕਾ ਲਈ ਸਗੋਂ ਸਾਡੇ ਸਾਰਿਆਂ ਲਈ ਇਕ ਸ਼ਾਨਦਾਰ ਮੌਕਾ ਹੈ।

ਬਰਤਾਨੀਆ ਵਿਸ਼ਵ ਬੈਂਕ ਨੂੰ ਇੰਡੀਆ ਗਰੀਨ ਗਾਰੰਟੀ ਦੇਵੇਗਾ ਬਰਤਾਨੀਆ ਭਾਰਤ ‘ਚ ਹਰਿਤ ਪ੍ਰਾਜੈਕਟਾਂ ਲਈ ਵਾਧੂ 750 ਮਿਲੀਅਨ ਪੌਂਡ ਲਈ ਵਿਸ਼ਵ ਬੈਂਕ ਨੂੰ ਇੰਡੀਆ ਗਰੀਨ ਗਰੰਟੀ ਦੇਵੇਗਾ। ਕਾਪ 26 ਸਿਖਰ ਸੰਮੇਲਨ ‘ਚ ਭਾਰਤ ਨੂੰ ਲੈ ਕੇ ਇਕ ਅਹਿਮ ਐਲਾਨ ਕੀਤਾ ਗਿਆ। ਇਸ ਵਿਚ ਕਿਹਾ ਗਿਆ ਹੈ ਕਿ ਪੂਰੇ ਭਾਰਤ ‘ਚ ਹਰਿਤ ਪ੍ਰਾਜੈਕਟਾਂ ਲਈ ਬਰਤਾਨੀਆ ਵਿਸ਼ਵ ਬੈਂਕ ਨੂੰ ਇਕ ਇੰਡੀਆ ਗਰੀਨ ਗਾਰੰਟੀ ਉਪਬਲੱਧ ਕਰਵਾਏਗਾ। ਇਸ ਨਾਲ ਪ੍ਰਾਜੈਕਟਾਂ ਲਈ ਵਾਧੂ 750 ਮਿਲੀਅਨ ਪੌਂਡ ਦੀ ਰਾਸ਼ੀ ਮਿਲਣ ਦਾ ਰਸਤਾ ਸਾਫ਼ ਹੋ ਜਾਵੇਗਾ।

ਮੋਦੀ ਵਲੋਂ ਬਰਤਾਨਵੀ ਹਮਰੁਤਬਾ ਨਾਲ ਮੁਲਾਕਾਤ ਗਲਾਸਗੋ, (ਏਜੰਸੀ)-ਜਲਵਾਯੂ ਸਿਖਰ ਸੰਮੇਲਨ ‘ਚ ਹਿੱਸਾ ਲੈਣ ਲਈ ਗਲਾਸਗੋ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵੇਂ ਨੇਤਾਵਾਂ ਨੇ ਹਰਿਤ ਹਾਈਡਰੋਜਨ, ਨਵਿਆਉਣਯੋਗ ਅਤੇ ਸਾਫ਼ ਸੁਥਰੀ ਤਕਨੀਕ, ਆਰਥਿਕ ਅਤੇ ਰੱਖਿਆ ਵਰਗੇ ਖੇਤਰਾਂ ‘ਚ ਦੁਵੱਲੇ ਸਹਿਯੋਗ ਨੂੰ ਵਧਾਉਣ ਦੇ ਤਰੀਕਿਆਂ ‘ਤੇ ਚਰਚਾ ਕੀਤੀ। ਮਹਾਂਮਾਰੀ ਕੋਵਿਡ- 19 ਕਾਰਨ ਇਸ ਸਾਲ ਦੇ ਪਹਿਲਾਂ ਬਰਤਾਨਵੀ ਪ੍ਰਧਾਨ ਮੰਤਰੀ ਵਲੋਂ ਦੋ ਵਾਰ ਆਪਣਾ ਭਾਰਤ ਦੌਰਾ ਰੱਦ ਕਰਨ ਦੇ ਬਾਅਦ ਦੋਵੇਂ ਨੇਤਾਵਾਂ ਦਰਮਿਆਨ ਇਹ ਪਹਿਲੀ ਮੁਲਾਕਾਤ ਸੀ। ਮੁਲਾਕਾਤ ਦੌਰਾਨ ਨੇਤਾਵਾਂ ਨੇ 2030 ਤੱਕ ਦੀਆਂ ਤਰਜੀਹਾਂ ਦੇ ਖਾਕੇ ਦੀ ਸਮੀਖਿਆ ਕੀਤੀ ਖਾਸ ਤੌਰ ‘ਤੇ ਵਪਾਰ ਤੇ ਅਰਥ ਵਿਵਸਥਾ, ਸਿਹਤ, ਰੱਖਿਆ ਅਤੇ ਸੁਰੱਖਿਆ ਖੇਤਰ ਦੀ ਸਮੀਖਿਆ ਕੀਤੀ।

ਇਸ ਦੇ ਨਾਲ ਉਨ੍ਹਾਂ ਨੇ ਐਫ. ਟੀ. ਏ. ਗੱਲਬਾਤ ਸ਼ੁਰੂ ਕਰਨ ਦੀ ਦਿਸ਼ਾ ‘ਚ ਚੁੱਕੇ ਕਦਮਾਂ ਸਮੇਤ ਉਨਤ ਵਪਾਰ ਭਾਈਵਾਲੀ ਪ੍ਰਦਾਨ ਕਰਨ ‘ਚ ਪ੍ਰਗਤੀ ‘ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਦੋਵੇਂ ਪ੍ਰਧਾਨ ਮੰਤਰੀਆਂ ਨੇ ਇਸ ਦੌਰਾਨ ਅਫ਼ਗਾਨਿਸਤਾਨ, ਅੱਤਵਾਦ, ਭਾਰਤ ਪ੍ਰਸ਼ਾਂਤ, ਕੋਵਿਡ ਦੇ ਬਾਅਦ ਕੌਮਾਂਤਰੀ ਆਰਥਿਕ ਸੁਧਾਰ ਸਮੇਤ ਖੇਤਰੀ ਤੇ ਕੌਮਾਂਤਰੀ ਚੁਣੌਤੀਆਂ ‘ਤੇ ਵੀ ਚਰਚਾ ਕੀਤੀ। ਇਸ ਦੇ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ‘ਚ ਜਲਦੀ ਹੀ ਪ੍ਰਧਾਨ ਮੰਤਰੀ ਜੌਹਨਸਨ ਦਾ ਸਵਾਗਤ ਕਰਨ ਦੀ ਇੱਛਾ ਪ੍ਰਗਟਾਈ।

ਭਾਰਤ ਸਮੇਤ ਵਿਕਾਸਸ਼ੀਲ ਦੇਸ਼ਾਂ ਦੇ ਕਿਸਾਨਾਂ ਲਈ ਜਲਵਾਯੂ ਤਬਦੀਲੀ ਵੱਡੀ ਚੁਣੌਤੀ-ਮੋਦੀ ਗਲਾਸਗੋ, 1 ਨਵੰਬਰ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਭਾਰਤ ਸਮੇਤ ਜ਼ਿਆਦਾਤਰ ਵਿਕਾਸਸ਼ੀਲ ਦੇਸ਼ਾਂ ਲਈ ਜਲਵਾਯੂ ਤਬਦੀਲੀ ਨੂੰ ਇਕ ਵੱਡੀ ਚੁਣੌਤੀ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਵਿਸ਼ੇ ਨੂੰ ਲੈ ਕੇ ਕੌਮਾਂਤਰੀ ਚਰਚਾਵਾਂ ‘ਚ ਅਨੁਕੂਲਨ ਨੂੰ ਉਨਾ ਮਹੱਤਵ ਨਹੀਂ ਦਿੱਤਾ ਗਿਆ ਜਿੰਨਾ ਉਸਦੇ ਪ੍ਰਭਾਵਾਂ ਨੂੰ ਘੱਟ ਕਰਨ ਨੂੰ ਦਿੱਤਾ ਗਿਆ। ਉਨ੍ਹਾਂ ਨੇ ਇਸ ਨੂੰ ਜਲਵਾਯੂ ਤਬਦੀਲੀ ਤੋਂ ਜ਼ਿਆਦਾ ਪ੍ਰਭਾਵਿਤ ਵਿਕਾਸਸ਼ੀਲ ਦੇਸ਼ਾਂ ਦੇ ਨਾਲ ਅਨਿਆਂ ਕਰਾਰ ਦਿੱਤਾ। ਅੰਤਰਰਾਸ਼ਟਰੀ ਜਲਵਾਯੂ ਸਿਖਰ ਸੰਮੇਲਨ ਸੀ . ਪੀ 26 ਦੇ ਇਕ ਸੈਸ਼ਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਸ ਮੌਕੇ ਕਿਹਾ ਕਿ ਭਾਰਤ ਸਮੇਤ ਵਿਕਾਸਸ਼ੀਲ ਦੇਸ਼ਾਂ ਦੇ ਕਿਸਾਨਾਂ ਲਈ ਜਲਵਾਯੂ ਤਬਦੀਲੀ ਵੱਡੀ ਚੁਣੌਤੀ ਹੈ ਅਤੇ ਇਸ ਨਾਲ ਖੇਤੀ ਦੇ ਤੌਰ ਤਰੀਕਿਆਂ ‘ਚ ਬਦਲਾਅ ਆ ਰਿਹਾ ਹੈ।

ਬੇਮੌਸਮੀ ਬਾਰਿਸ਼ ਅਤੇ ਹੜ੍ਹ ਜਾਂ ਲਗਾਤਾਰ ਆ ਰਹੇ ਤੁਫ਼ਾਨਾਂ ਨਾਲ ਫ਼ਸਲਾਂ ਤਬਾਹ ਹੋ ਰਹੀਆਂ ਹਨ। ਪੀਣ ਵਾਲੇ ਪਾਣੀ ਦੇ ਸਰੋਤ ਤੋਂ ਲੈ ਕੇ ਸਸਤੇ ਮਕਾਨਾਂ ਤੱਕ, ਸਾਰਿਆਂ ਨੂੰ ਜਲਵਾਯੂ ਤਬਦੀਲੀ ਦੇ ਪ੍ਰਭਾਵ ਸਹਿਣ ਕਰਨ ਦੇ ਅਨੁਕੂਲ ਬਣਾਉਣ ਦੀ ਜ਼ਰੂਰਤ ਹੈ। ਇਸ ਸਬੰਧੀ ਆਪਣੇ 3 ਵਿਚਾਰ ਪੇਸ਼ ਕਰਦਿਆਂ ਉਨ੍ਹਾਂ ਨੇ ਅਨੁਕੂਲਨ ਨੂੰ ਵਿਕਾਸ ਨੀਤੀਆਂ ਤੇ ਪ੍ਰਾਜੈਕਟਾਂ ਦਾ ਮੁੱਖ ਅੰਗ ਬਣਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ‘ਚ ਨਲ ਤੋਂ ਜਲ, ਸਵੱਛ ਭਾਰਤ ਅਤੇ ਉਜਵਲਾ ਵਰਗੇ ਪ੍ਰਾਜੈਕਟਾਂ ਨਾਲ ਜ਼ਰੂਰਤਮੰਦ ਨਾਗਰਿਕਾਂ ਨੂੰ ਅਨੁਕੂਲਨ ਦੇ ਫ਼ਾਇਦੇ ਤਾਂ ਮਿਲੇ ਹੀ ਹਨ, ਉਨ੍ਹਾਂ ਦੇ ਜੀਵਨ ਪੱਧਰ ‘ਚ ਵੀ ਸੁਧਾਰ ਆਇਆ ਹੈ।

ਸਕਾਟਿਸ਼ ਸੰਸਦ ‘ਚ ਪਹਿਲੀ ਸਿੱਖ ਮੈਂਬਰ ਪੈਮ ਗੋਸਲ ਵਲੋਂ ਮੋਦੀ ਨਾਲ ਮੁਲਾਕਾਤ ਮੋਦੀ ਨੂੰ ਮਿਲਣ ਵਾਲੇ ਭਾਰਤੀਆਂ ‘ਚ ਸ਼ਾਮਿਲ ਪੈਮ ਗੋਸਲ ਨੇ ਕਿਹਾ ਕਿ ਉਹ ਸਕਾਟਲੈਂਡ ਦੀ ਸੰਸਦ ‘ਚ ਪੁੱਜਣ ਵਾਲੀ ਪਹਿਲੀ ਭਾਰਤੀ ਸਿੱਖ ਔਰਤ ਹੈ। ਉਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਵਿਸ਼ਵ ਦੇ ਹੋਰਨਾਂ ਆਗੂਆਂ ਸਮੇਤ ਗਲਾਸਗੋ ‘ਚ ਦੇਖਣਾ ਸ਼ਾਨਦਾਰ ਹੈ। ਉਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਬਿਲਕੁਲ ਸਹੀ ਅਤੇ ਚੰਗੀ ਗੱਲ ਕਹੀ ਹੈ ਕਿ ਇਕ ਦੁਨੀਆ ਇਕ ਪਹਿਲ ਦੀ ਗੱਲ ਹੋਣੀ ਚਾਹੀਦੀ ਹੈ, ਇਹੀ ਕਾਰਨ ਹੈ ਕਿ ਸਾਰੇ ਨੇਤਾ ਇਹ ਯਕੀਨੀ ਬਣਾਉਣ ਲਈ ਇਕੱਠੇ ਆ ਰਹੇ ਹਨ ਕਿ ਅਸੀਂ ਸਾਰੇ ਇਕੱਠੇ ਹੋਈਏ ਅਤੇ ਉਸ ਨੇ ਕਿਹਾ ਕਿ ਸਿੱਖ ਪਿਛੋਕੜ ਤੋਂ ਹੋਣ ਕਾਰਨ ਸਾਡੇ ਕੋਲ ਇਕ Eਅੰਕਾਰ ਹੈ, ਜਿਸ ਦਾ ਅਰਥ ਹੈ ਪਰਮਾਤਮਾ ਇਕ ਹੈ।

Leave a Reply

Your email address will not be published. Required fields are marked *