ਜਪਾਨ ਦੀ ਰਾਜਧਾਨੀ ਟੋਕੀਓ ਵਿਚ ਇਸ ਵਾਰ ਓਲੰਪਿਕ

Home » Blog » ਜਪਾਨ ਦੀ ਰਾਜਧਾਨੀ ਟੋਕੀਓ ਵਿਚ ਇਸ ਵਾਰ ਓਲੰਪਿਕ
ਜਪਾਨ ਦੀ ਰਾਜਧਾਨੀ ਟੋਕੀਓ ਵਿਚ ਇਸ ਵਾਰ ਓਲੰਪਿਕ

ਜਪਾਨ ਦੀ ਰਾਜਧਾਨੀ ਟੋਕੀਓ ਵਿਚ ਐਤਕੀਂ ਹੋਈਆਂ ਓਲੰਪਿਕ ਖੇਡਾਂ ਕਈ ਪੱਖਾਂ ਤੋਂ ਨਿਵੇਕਲੀਆਂ ਅਤੇ ਨਿਆਰੀਆਂ ਸਨ।

ਇਹ ਓਲੰਪਿਕ ਖੇਡਾਂ 2020 ਵਿਚ 24 ਜੁਲਾਈ ਤੋਂ 9 ਅਗਸਤ ਤੱਕ ਹੋਣੀਆਂ ਸਨ ਪਰ ਸੰਸਾਰ ਭਰ ਵਿਚ ਕਰੋਨਾ ਵਾਇਰਸ ਦੀ ਮਾਰ ਕਾਰਨ ਸੰਭਵ ਨਹੀਂ ਹੋ ਸਕੀਆਂ। ਹੁਣ ਜਦੋਂ ਕਰੋਨਾ ਨੂੰ ਕੁਝ ਠੱਲ੍ਹ ਪਈ ਤਾਂ 23 ਜੁਲਾਈ 2021 ਤੋਂ 8 ਅਗਸਤ 2021 ਤੱਕ ਇਸ ਕੌਮਾਂਤਰੀ ਖੇਡ ਮੇਲੇ ਦਾ ਜਲੌਅ ਦੇਖਣ ਨੂੰ ਮਿਲਿਆ। ਕਰੋਨਾ ਦੇ ਮੱਦੇਨਜ਼ਰ ਲੱਗੀਆਂ ਬੰਦਿਸ਼ਾਂ ਕਾਰਨ ਓਲੰਪਿਕ ਪਿੰਡ ਵਿਚ ਪੂਰਾ ਰੰਗ ਨਹੀਂ ਬੱਝ ਸਕਿਆ ਅਤੇ ਦਰਸ਼ਕਾਂ ਦੀ ਗਿਣਤੀ ਬਹੁਤ ਸੀਮਤ ਰਹੀ। ਫਿਰ ਵੀ ਮਹਾਮਾਰੀ ਦੇ ਦੌਰ ਵਿਚ ਜਦੋਂ ਇਸ ਨੇ ਜ਼ਿੰਦਗੀ ਦੇ ਹਰ ਪੱਖ ਉਤੇ ਬਹੁਤ ਵੱਡੇ ਅਸਰ ਪਾਏ ਹਨ ਤਾਂ ਓਲੰਪਿਕ ਖੇਡਾਂ ਦਾ ਹੋਣਾ ਹੀ ਵੱਡਾ ਹਾਸਲ ਹੈ। ਪ੍ਰਾਚੀਨ ਓਲੰਪਿਕ ਖੇਡਾਂ ਦਾ ਇਤਿਹਾਸ ਤਾਂ ਸਦੀਆਂ ਪੁਰਾਣਾ ਹੈ ਅਤੇ ਇਹ ਚੌਥੀ ਸਦੀ ਤੱਕ ਜਾ ਪੁੱਜਦਾ ਹੈ। ਉਸ ਵਕਤ ਓਲੰਪਿਕ ਦਾ ਰੰਗ-ਢੰਗ ਵਧੇਰੇ ਕਰਕੇ ਧਾਰਮਿਕ ਸੀ ਪਰ 1896 ਵਿਚ ਜਦੋਂ ਏਥਨਜ਼ (ਯੂਨਾਨ) ਵਿਚ ਪਹਿਲੀਆਂ ਆਧੁਨਿਕ ਓਲੰਪਿਕ ਖੇਡਾਂ ਦਾ ਆਰੰਭ ਹੋਇਆ ਤਾਂ ਇਸ ਦਾ ਘੇਰਾ ਵਾਹਵਾ ਵਿਸ਼ਾਲ ਹੋ ਗਿਆ। 20ਵੀਂ ਅਤੇ 21ਵੀਂ ਸਦੀ ਵਿਚ ਤਾਂ ਬਹੁਤ ਲੰਮੀਆਂ ਪੁਲਾਘਾਂ ਪੁੱਟੀਆਂ ਗਈਆਂ ਅਤੇ ਇਸ ਅੰਦਰ ਬਹੁਤ ਸਾਰੀਆਂ ਬੁਨਿਆਦੀ ਅਤੇ ਸਿਫਤੀ ਤਬਦੀਲੀਆਂ ਵੀ ਆਈਆਂ।

ਉਂਜ, ਇਨ੍ਹਾਂ ਖੇਡਾਂ ਦੀ ਆਪਸੀ ਰਾਬਤੇ ਦੀ ਤੰਦ ਬਹੁਤ ਮਜ਼ਬੂਤ ਰਹੀ। ਕੁਝ ਕੁ ਅਪਵਾਦਾਂ ਦੇ ਬਾਵਜੂਦ ਬਹੁਤ ਮਾਮਲਿਆਂ ਵਿਚ ਇਹ ਮਿਸਾਲੀ ਵੀ ਹੋ ਨਿਬੜੀ। 1896 ਵਾਲੀਆਂ ਓਲੰਪਿਕ ਖੇਡਾਂ ਵਿਚ 14 ਮੁਲਕਾਂ ਦੇ 241 ਖਿਡਾਰੀਆਂ ਨੇ 43 ਖੇਡ ਵੰਨਗੀਆਂ ਵਿਚ ਸ਼ਿਰਕਤ ਕੀਤੀ ਸੀ। ਐਤਕੀਂ ਟੋਕੀਓ ਓਲੰਪਿਕ ਵਿਚ ਹਿੱਸਾ ਲੈਣ ਵਾਲੇ ਮੁਲਕਾਂ ਦੀ ਗਿਣਤੀ 200 ਤੋਂ ਪਾਰ ਹੋ ਗਈ, ਭਾਵ ਸੰਸਾਰ ਦਾ ਤਕਰੀਬਨ ਹਰ ਮੁਲਕ ਇਸ ਦਾ ਹਿੱਸਾ ਬਣਿਆ ਹੈ ਅਤੇ ਖਿਡਾਰੀਆਂ ਦੀ ਗਿਣਤੀ ਵੀ 11 ਹਜ਼ਾਰ ਤੋਂ ਉਪਰ ਚਲੇ ਗਈ ਹੈ। ਐਤਕੀਂ ਵਾਲੀਆਂ ਓਲੰਪਿਕ ਖੇਡਾਂ ਭਾਰਤ ਲਈ ਵੀ ਨਿਵੇਕਲੀਆਂ ਸਾਬਤ ਹੋਈਆਂ। ਐਤਕੀਂ ਇਸ ਨੇ ਆਪਣੇ ਰਿਕਾਰਡ ਅਨੁਸਾਰ ਹੁਣ ਤੱਕ ਸਭ ਤੋਂ ਵੱਧ, ਸੱਤ ਤਗਮੇ ਜਿੱਤੇ ਜਿਸ ਵਿਚ ਸੋਨੇ ਦਾ ਇਕ ਤਗਮਾ, ਚਾਂਦੀ ਦੇ ਦੋ ਅਤੇ ਕਾਂਸੀ ਦੇ ਚਾਰ ਤਗਮੇ ਸ਼ਾਮਿਲ ਹਨ। ਇਸ ਵਾਰ ਭਾਰਤੀ ਓਲੰਪਿਕ ਦਲ ਵੀ ਹੁਣ ਤੱਕ ਦਾ ਸਭ ਤੋਂ ਵੱਡਾ ਸੀ ਅਤੇ ਇਸ ਦੇ ਕੁੱਲ ਮੈਂਬਰ 124 ਸਨ। ਭਾਰਤ ਨੇ ਪਹਿਲੀ ਵਾਰ ਸੰਨ 1900 ਵਿਚ ਓਲੰਪਿਕ ਖੇਡਾਂ ਵਿਚ ਹਿੱਸਾ ਲਿਆ ਅਤੇ 1920 ਤੋਂ ਲੈ ਕੇ ਹੁਣ ਤੱਕ ਇਸ ਨੇ ਓਲੰਪਿਕ ਖੇਡਾਂ ਵਿਚ ਬਿਨਾ ਨਾਗਾ ਹਿੱਸਾ ਲਿਆ ਹੈ।

ਇਸ ਵਾਰ ਭਾਰਤ ਦੀ ਹਾਜ਼ਰੀ ਭਰਵੀਂ ਸੀ। ਬਹੁਤ ਚਿਰ ਬਾਅਦ ਹਾਕੀ ਦਾ ਜਲੌਅ ਦੇਖਣ ਨੂੰ ਮਿਲਿਆ। ਮੁੰਡਿਆਂ ਦੀ ਹਾਕੀ ਟੀਮ ਨੇ ਚਾਰ ਦਹਾਕਿਆਂ ਬਾਅਦ ਤਗਮਾ ਜਿੱਤਿਆ ਅਤੇ ਕੁੜੀਆਂ ਦੀ ਟੀਮ ਪਹਿਲੀ ਵਾਰ ਸੈਮੀ ਫਾਈਨਲ ਵਿਚ ਪੁੱਜੀ। ਇਨ੍ਹਾਂ ਜਿੱਤਾਂ ਨੂੰ ਭਾਰਤ ਵਿਚ ਹਾਕੀ ਦੇ ਮੁੜ ਉਭਾਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਐਤਕੀਂ ਵਾਲਾ ਕਾਂਸੀ ਦਾ ਤਗਮਾ ਮਿਲਾ ਕੇ ਭਾਰਤੀ ਹਾਕੀ ਟੀਮ ਓਲੰਪਿਕ ਖੇਡਾਂ ਵਿਚ ਹੁਣ ਤੱਕ 12 ਤਗਮੇ ਜਿੱਤ ਚੁੱਕੀ ਹੈ ਜਿਸ ਵਿਚੋਂ ਸੋਨੇ ਦੇ 8, ਚਾਂਦੀ ਦਾ ਇਕ ਅਤੇ ਕਾਂਸੀ ਦੇ ਤਿੰਨ ਤਗਮੇ ਸ਼ਾਮਿਲ ਹਨ। ਇਸ ਉਭਾਰ ਨੂੰ ਖਿਡਾਰੀਆਂ ਲਈ ਕੀਤੇ ਵਧੀਆ ਪ੍ਰਬੰਧਾਂ ਨਾਲ ਜੋੜਿਆ ਜਾ ਰਿਹਾ ਹੈ, ਭਾਵੇਂ ਕੁਝ ਕੱਟੜ ਧਿਰਾਂ ਨੇ ਇਸ ਨੂੰ ਇਸ ਢੰਗ ਨਾਲ ਪੇਸ਼ ਕਰਨ ਦਾ ਯਤਨ ਵੀ ਕੀਤਾ ਕਿ ਹਾਕੀ ਤਾਂ ਹੀ ਅੱਗੇ ਜਾ ਸਕੀ ਹੈ ਕਿਉਂਕਿ ਕੇ.ਪੀ.ਐਸ. ਗਿੱਲ ਵਰਗਿਆਂ ਤੋਂ ਇਸ ਦਾ ਖਹਿੜਾ ਛੁੱਟ ਗਿਆ ਹੈ ਹਾਲਾਂਕਿ ਹਕੀਕਤ ਇਹ ਹੈ ਕਿ ਉੜੀਸਾ ਦੀ ਨਵੀਨ ਪਟਨਾਇਕ ਸਰਕਾਰ ਨੇ 2018 ਤੋਂ 2023 ਤੱਕ ਦੋਹਾਂ ਹਾਕੀ ਟੀਮਾਂ ਦਾ ਜ਼ਿੰਮਾ ਚੁੱਕਿਆ ਹੋਇਆ ਹੈ। ਇਸ ਸਮੇਂ ਦੌਰਾਨ ਸਾਰਾ ਖਰਚਾ ਉੜੀਸਾ ਸਰਕਾਰ ਕਰ ਰਹੀ ਹੈ।

ਇਸੇ ਦਾ ਨਤੀਜਾ ਹੈ ਕਿ ਹਾਕੀ ਟੀਮਾਂ ਨੇ ਕਲਾਸਿਕ ਹਾਕੀ ਦਾ ਰੰਗ ਤਾਂ ਦਿਖਾਇਆ ਹੀ ਹੈ, ਸੰਸਾਰ ਦੀਆਂ ਚੋਟੀ ਦੀਆਂ ਟੀਮਾਂ ਦਾ ਮੁਕਾਬਲਾ ਕੀਤਾ ਹੈ। ਅਸਲ ਵਿਚ ਮਸਲਾ ਸਾਰਾ ਖੇਡ ਪ੍ਰਬੰਧਾਂ ਦਾ ਹੈ। ਪਿਛਲੇ ਕੁਝ ਸਮੇਂ ਤੋਂ ਹਰਿਆਣਾ ਖੇਡਾਂ ਦੇ ਖੇਤਰ ਵਿਚ ਮੱਲਾਂ ਮਾਰ ਰਿਹਾ ਹੈ। ਇਸ ਦਾ ਇਕੋ-ਇਕ ਕਾਰਨ ਪੁਖਤਾ ਪ੍ਰਬੰਧ ਹੀ ਹਨ। ਇਸ ਮਾਮਲੇ ਵਿਚ ਪੰਜਾਬ ਦੀ ਗੱਲ ਕਰੀਏ ਤਾਂ ਇਹ ਖੇਡਾਂ ਦੇ ਖੇਤਰ ਵਿਚ ਬਹੁਤ ਪਛੜ ਰਿਹਾ ਹੈ। ਐਤਕੀਂ ਓਲੰਪਿਕ ਖੇਡਾਂ ਵਿਚ ਪੰਜਾਬ ਦੀ ਖਿਡਾਰਨ ਕਮਲਪ੍ਰੀਤ ਕੌਰ ਨੇ ਵਾਹਵਾ ਮੱਲਾਂ ਮਾਰੀਆਂ ਪਰ ਖੇਡ ਮਾਹਿਰ ਦੱਸਦੇ ਹਨ ਕਿ ਜੇ ਕਿਤੇ ਕਮਲਪ੍ਰੀਤ ਕੌਰ ਨੂੰ ਸੰਸਾਰ ਪੱਧਰੀ ਕੋਚਿੰਗ ਦਿਵਾਈ ਹੁੰਦੀ ਤਾਂ ਇਨ੍ਹਾਂ ਓਲੰਪਿਕ ਖੇਡਾਂ ਵਿਚ ਉਸ ਦਾ ਤਗਮਾ ਪੱਕਾ ਸੀ। ਇਸ ਦੀ ਉਮਦਾ ਮਿਸਾਲ ਹਰਿਆਣੇ ਦੇ ਖਿਡਾਰੀ ਨੀਰਜ ਚੋਪੜਾ ਦੀ ਹੈ। ਉਸ ਨੂੰ ਪ੍ਰਬੰਧਕਾਂ ਦੀ ਯੋਗ ਅਗਵਾਈ ਮਿਲੀ ਅਤੇ ਕੋਚਿੰਗ ਵਾਲੇ ਪਾਸਿਓ ਵੀ ਕੋਈ ਕਸਰ ਨਹੀਂ ਛੱਡੀ ਗਈ; ਸਿੱਟ ਵਜੋਂ ਉਹ ਜੈਵਲਿਨ ਥ੍ਰੋਅ ਵਿਚ ਸੋਨ ਤਗਮਾ ਜਿੱਤਣ ਵਿਚ ਕਾਮਯਾਬ ਰਿਹਾ।

ਅਸਲ ਵਿਚ ਅਸੀਂ ਖੇਡਾਂ ਨੂੰ ਕਰੀਅਰ ਵਜੋਂ ਲੈਣ ਵਿਚ ਬੁਰੀ ਤਰ੍ਹਾਂ ਨਾਕਾਮ ਰਹੇ ਹਾਂ। ਸਾਡੇ ਪ੍ਰਤਿਭਾਸ਼ਾਲੀ ਖਿਡਾਰੀ ਰੁਜ਼ਗਾਰ ਬਾਝੋਂ ਰੁਲ ਰਹੇ ਹਨ। ਅਜਿਹੀਆਂ ਖਬਰਾਂ ਅਕਸਰ ਮੀਡੀਆ ਵਿਚ ਨਸ਼ਰ ਹੁੰਦੀਆਂ ਰਹਿੰਦੀਆਂ ਹਨ। ਫਿਰ ਜਿੰਨਾ ਚਿਰ ਨੌਜਵਾਨਾਂ ਨੂੰ ਕੋਈ ਭਰੋਸਾ ਨਹੀਂ ਬੱਝਦਾ, ਉਹ ਖੇਡਾਂ ਨੂੰ ਕਰੀਅਰ ਵਜੋਂ ਕਿਸ ਤਰ੍ਹਾਂ ਅਪਣਾਉਣਗੇ? ਇਸ ਮਾਮਲੇ ‘ਤੇ ਖੇਡਾਂ ਨਾਲ ਜੁੜੀਆਂ ਸੰਸਥਾਵਾਂ ਨੂੰ ਪਹਿਲ ਕਰਨੀ ਚਾਹੀਦੀ ਹੈ ਅਤੇ ਸਰਕਾਰ ਨਾਲ ਰਾਬਤਾ ਬਣਾ ਕੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਅਗਾਂਹ ਵਧਣ ਦਾ ਮੌਕਾ ਮੁਹੱਈਆ ਕਰਨਾ ਚਾਹੀਦਾ ਹੈ। ਇਹੀ ਇਕ ਰਾਹ ਹੈ ਜਿਸ ਉਤੇ ਚੱਲ ਕੇ ਖੇਡਾਂ ਦੇ ਖੇਤਰ ਵਿਚ ਮੱਲਾਂ ਮਾਰੀਆਂ ਜਾ ਸਕਦੀਆਂ ਹਨ। ਚੀਨ ਦੀ ਮਿਸਾਲ ਸਾਡੇ ਸਭ ਦੇ ਸਾਹਮਣੇ ਹੈ ਜੋ ਖੇਡਾਂ ਉਤੇ ਇੰਨੇ ਪੈਸੇ ਖਰਚ ਕਰ ਰਿਹਾ ਹੈ। ਇਹ ਰਾਹ ਅਪਣਾ ਕੇ ਭਾਰਤ ਵੀ ਖੇਡਾਂ ਦੇ ਖੇਤਰ ਵਿਚ ਛਾ ਸਕਦਾ ਹੈ। ਭਾਰਤ ਦੇ ਖਿਡਾਰੀਆਂ ਨੇ ਟੋਕੀਓ ਓਲੰਪਿਕ ਵਿਚ ਜੌਹਰ ਦਿਖਾ ਕੇ ਦੇਸ਼ ਵਾਸੀਆਂ ਦੀਆਂ ਜ਼ਿੰਦਗੀਆਂ ਵਿਚ ਖ਼ੁਸ਼ੀਆਂ ਦੇ ਪਲ ਲਿਆਂਦੇ ਹਨ।

ਭਾਰਤ ਨੇ ਸੋਨੇ ਦਾ ਇਕ, ਚਾਂਦੀ ਦੇ ਦੋ ਅਤੇ ਕਾਂਸੀ ਦੇ ਚਾਰ ਤਗ਼ਮੇ ਜਿੱਤੇ ਹਨ। ਹਾਕੀ ਦੀਆਂ ਦੋਹਾਂ ਟੀਮਾਂ ਨੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰਕੇ ਇਤਿਹਾਸ ਰਚਿਆ। ਵੀਰਵਾਰ ਮਨਪ੍ਰੀਤ ਸਿੰਘ ਦੀ ਅਗਵਾਈ ਵਿਚ ਖੇਡ ਰਹੀ ਪੁਰਸ਼ਾਂ ਦੀ ਹਾਕੀ ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤ ਕੇ ਦੇਸ਼ ਵਾਸੀਆਂ ਦੇ ਮਨਾਂ ਵਿਚ ਖੇੜਾ ਤੇ ਖ਼ੁਸ਼ੀਆਂ ਭਰ ਦਿੱਤੀਆਂ। ਸ਼ੁੱਕਰਵਾਰ ਕੁੜੀਆਂ ਦੀ ਹਾਕੀ ਦੀ ਟੀਮ ਸੈਮੀਫਾਈਨਲ ਵਿਚ ਇੰਗਲੈਂਡ ਦੀ ਟੀਮ ਤੋਂ ਹਾਰ ਗਈ ਪਰ ਉਹ ਜੁਝਾਰੂ ਭਾਵਨਾ, ਜਿਸ ਨਾਲ ਇਹ ਕੁੜੀਆਂ ਖੇਡੀਆਂ, ਨੇ ਲੋਕਾਂ ਦੇ ਮਨ ਜਿੱਤ ਲਏ। ਉਨ੍ਹਾਂ ਦਾ ਸੈਮੀਫਾਈਨਲ ਵਿਚ ਪ੍ਰਵੇਸ਼ ਕਰਨਾ ਇਕ ਵੱਡੀ ਪ੍ਰਾਪਤੀ ਤੇ ਸ਼ੁਰੂਆਤ ਹੈ। ਦੇਸ਼ ਤਗ਼ਮੇ ਜਿੱਤਣ ਵਾਲੇ ਹੋਰ ਖਿਡਾਰੀਆਂ ਨੂੰ ਵਧਾਈਆਂ ਦੇ ਰਿਹਾ ਹੈ। ਜੈਵਲਿਨ ਥਰੋ ਵਿਚ ਸੋਨੇ ਦਾ ਤਗ਼ਮਾ ਜਿੱਤਣ ਵਾਲਾ ਨੀਰਜ ਚੋਪੜਾ ਅਥਲੈਟਿਕਸ ਵਿਚ ਸੋਨੇ ਦਾ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਹੈ।

ਪੀਵੀ ਸਿੰਧੂ, ਜਿਸ ਨੇ ਪਿਛਲੀਆਂ ਓਲੰਪਿਕ ਖੇਡਾਂ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ, ਇਸ ਵਾਰ ਕਾਂਸੀ ਦਾ ਤਗ਼ਮਾ ਜਿੱਤ ਕੇ ਦੋ ਓਲੰਪਿਕ ਖੇਡਾਂ ਵਿਚ ਲਗਾਤਾਰ ਮੈਡਲ ਜਿੱਤਣ ਵਾਲੀ ਪਹਿਲੀ ਮਹਿਲਾ ਖਿਡਾਰੀ ਬਣੀ ਹੈ। ਮੀਰਾਬਾਈ ਚਾਨੂ ਨੇ ਭਾਰ ਚੁੱਕਣ ਵਿਚ ਚਾਂਦੀ ਦਾ ਤਗ਼ਮਾ, ਲਵਲੀਨਾ ਬੋਰਗੋਹੇਨ ਨੇ ਬਾਕਸਿੰਗ ਵਿਚ ਕਾਂਸੀ ਦਾ ਅਤੇ ਘੋਲਾਂ ਵਿਚ ਰਵੀ ਕੁਮਾਰ ਦਹੀਆ ਨੇ ਚਾਂਦੀ ਦਾ ਅਤੇ ਬਜਰੰਗ ਪੂਨੀਆ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਤਗ਼ਮੇ ਜਿੱਤਣ ਵਾਲਿਆਂ ਦੇ ਨਾਲ ਨਾਲ ਜਿੱਤਣ ਤੋਂ ਖੁੰਝ ਗਏ ਖਿਡਾਰੀਆਂ ਦੀਆਂ ਪ੍ਰਾਪਤੀਆਂ ਵੀ ਕੁਝ ਘੱਟ ਨਹੀਂ; ਉਦਾਹਰਨ ਦੇ ਤੌਰ ’ਤੇ ਪੰਜਾਬ ਦੀ ਕਮਲਪ੍ਰੀਤ ਕੌਰ ਦਾ ਡਿਸਕਸ ਥਰੋ ਵਿਚ ਓਲੰਪਿਕ ਵਿਚ 6ਵੇਂ ਸਥਾਨ ’ਤੇ ਰਹਿਣਾ ਸਾਰੇ ਦੇਸ਼ ਵਾਸੀਆਂ ਅਤੇ ਪੰਜਾਬੀਆਂ ਲਈ ਬੜੀ ਮਾਣ ਵਾਲੀ ਗੱਲ ਹੈ। ਬੈਡਮਿੰਟਨ, ਸ਼ੂਟਿੰਗ, ਤੀਰਅੰਦਾਜ਼ੀ, ਅਥਲੈਟਿਕਸ, ਘੋਲਾਂ, ਬਾਕਸਿੰਗ ਆਦਿ ਖੇਡਾਂ ਵਿਚ ਜਿੱਤੇ ਗਏ ਤਗ਼ਮੇ ਅਹਿਮ ਪ੍ਰਾਪਤੀਆਂ ਹਨ ਪਰ ਜੋ ਵਿਆਪਕ ਖੇੜਾ ਲੋਕਾਂ ਦੇ ਮਨਾਂ ਵਿਚ ਹਾਕੀ ਦੀਆਂ ਟੀਮਾਂ ਨੇ ਲਿਆਂਦਾ ਹੈ, ਉਸ ਦਾ ਕੋਈ ਮੁਕਾਬਲਾ ਨਹੀਂ।

ਸਮੂਹਿਕ ਖੇਡ ਹੋਣ ਕਾਰਨ ਕਰੋੜਾਂ ਦੇਸ਼ ਵਾਸੀਆਂ ਦੇ ਸੁਪਨੇ ਹਾਕੀ ਨਾਲ ਜੁੜੇ ਹੋਏ ਹਨ। ਆਧੁਨਿਕ ਹਾਕੀ ਪਹਿਲੀ ਵਾਰ 1908 ਦੀਆਂ ਓਲੰਪਿਕ ਖੇਡਾਂ ਵਿਚ ਖੇਡੀ ਗਈ; 1912 ਤੇ 1916 ਵਿਚ ਗ਼ੈਰਹਾਜ਼ਰ ਰਹੀ ਅਤੇ 1920 ਵਿਚ ਓਲੰਪਿਕ ਖੇਡਾਂ ਵਿਚ ਪਰਤੀ। 1924 ਦੀਆਂ ਓਲੰਪਿਕ ਖੇਡਾਂ ਵਿਚ ਹਾਕੀ ਮੁਕਾਬਲੇ ਨਹੀਂ ਹੋਏ ਪਰ 1928 ਤੋਂ ਇਹ ਓਲੰਪਿਕ ਖੇਡਾਂ ਦਾ ਲਗਾਤਾਰ ਹਿੱਸਾ ਬਣੀ ਰਹੀ ਹੈ। ਇਤਫ਼ਾਕ ਦੀ ਗੱਲ ਹੈ ਕਿ ਭਾਰਤ ਦੀ ਹਾਕੀ ਟੀਮ ਨੇ 1928 ਵਿਚ ਪਹਿਲੀ ਵਾਰ ਮੁੰਡਾ ਕਬੀਲੇ ਨਾਲ ਸਬੰਧਿਤ ਖਿਡਾਰੀ ਜੈਪਾਲ ਸਿੰਘ ਮੁੰਡਾ ਦੀ ਅਗਵਾਈ ਵਿਚ ਖੇਡਾਂ ਵਿਚ ਹਿੱਸਾ ਲਿਆ। ਟੀਮ ਨੇ ਸੋਨੇ ਦਾ ਤਗ਼ਮਾ ਜਿੱਤਿਆ ਅਤੇ ਇੱਥੋਂ ਸ਼ੁਰੂ ਹੋਇਆ ਭਾਰਤ ਦੇ ਹਾਕੀ ਖਿਡਾਰੀਆਂ ਦੀ ਜਾਦੂਮਈ ਖੇਡ ਦਾ ਸੁਨਹਿਰੀ ਦੌਰ। 1928 ਤੋਂ 1956 ਤਕ ਸਾਰੀਆਂ ਓਲੰਪਿਕ ਖੇਡਾਂ ਵਿਚ ਭਾਰਤ ਨੇ ਸੋਨੇ ਦੇ ਤਗ਼ਮੇ (6 ਤਗ਼ਮੇ, ਕਿਉਂਕਿ ਦੂਸਰੀ ਆਲਮੀ ਜੰਗ ਕਾਰਨ 1940 ਅਤੇ 1944 ਵਿਚ ਖੇਡਾਂ ਨਹੀਂ ਸਨ ਹੋਈਆਂ) ਜਿੱਤੇ।

ਇਹੀ ਕਾਰਨ ਸੀ ਕਿ ਇਹ ਖੇਡ ਹਿੰਦੋਸਤਾਨੀ ਬਰ੍ਹੇ-ਸਗੀਰ (ਉਪ-ਮਹਾਂਦੀਪ) ਵਿਚ ਢਾਕੇ ਤੋਂ ਲੈ ਕੇ ਪਿਸ਼ਾਵਰ ਤਕ ਅਤੇ ਜੰਮੂ-ਕਸ਼ਮੀਰ ਤੋਂ ਲੈ ਕੇ ਤਾਮਿਲ ਨਾਡੂ ਤਕ ਲੋਕਾਂ ਵਿਚ ਮਕਬੂਲ ਹੋਈ ਪਰ ਪੰਜਾਬੀਆਂ ਨੇ ਇਸ ਨੂੰ ਇਸ ਤਰ੍ਹਾਂ ਅਪਣਾਇਆ ਕਿ ਇਹ ਖੇਡ ਉਨ੍ਹਾਂ ਦਾ ਖੇਲ-ਧਰਮ ਬਣ ਗਈ। ਉਨ੍ਹਾਂ ਨੇ ਖੇਡ ਨੂੰ ਸੀਨੇ ਨਾਲ ਲਾਇਆ ਅਤੇ ਇਸ ਦੇ ਅਨੇਕ ਨਗੀਨੇ ਪੰਜਾਬ ਦੀ ਧਰਤੀ ’ਤੇ ਪੈਦਾ ਹੋਏ। ਭਾਰਤ ਨੇ 1960 ਵਿਚ ਚਾਂਦੀ ਦਾ, 1964 ਵਿਚ ਸੋਨੇ ਦਾ ਅਤੇ 1968 ਅਤੇ 1972 ਵਿਚ ਕਾਂਸੀ ਦੇ ਤਗ਼ਮੇ ਜਿੱਤੇ। 1975 ਵਿਚ ਦੇਸ਼ ਨੇ ਵਿਸ਼ਵ ਹਾਕੀ ਕੱਪ ਜਿੱਤਿਆ। 1976 ਦੀਆਂ ਮੌਂਟਰੀਆਲ ਓਲੰਪਿਕ ਖੇਡਾਂ ਵਿਚ ਪਹਿਲੀ ਵਾਰ ਐਸਟਰੋਟਰਫ਼ ਇਸਤੇਮਾਲ ਕੀਤਾ ਗਿਆ ਅਤੇ ਭਾਰਤ ਦੀ ਹਾਕੀ ਟੀਮ ਉਸ ਸਾਲ ਸੈਮੀਫਾਈਨਲ ਤਕ ਨਾ ਪਹੁੰਚ ਸਕੀ। 1980 ਦੀਆਂ ਮਾਸਕੋ ਓਲੰਪਿਕ ਵਿਚ ਭਾਰਤ ਨੇ ਹਾਕੀ ਵਿਚ ਫਿਰ ਸੋਨੇ ਦਾ ਤਗ਼ਮਾ ਜਿੱਤਿਆ ਪਰ ਬਹੁਤ ਸਾਰੇ ਦੇਸ਼ਾਂ ਨੇ ਸੋਵੀਅਤ ਯੂਨੀਅਨ ਦੇ ਅਫ਼ਗ਼ਾਨਿਸਤਾਨ ਵਿਚ ਫ਼ੌਜਾਂ ਭੇਜਣ ਕਾਰਨ ਇਨ੍ਹਾਂ ਖੇਡਾਂ ਵਿਚ ਹਿੱਸਾ ਨਹੀਂ ਸੀ ਲਿਆ।

ਇਨ੍ਹਾਂ ਖੇਡਾਂ ਵਿਚ ਹੀ ਔਰਤਾਂ ਦੀ ਹਾਕੀ ਪਹਿਲੀ ਵਾਰ ਖੇਡੀ ਗਈ ਅਤੇ ਭਾਰਤ ਉੱਥੇ ਚੌਥੇ ਨੰਬਰ ’ਤੇ ਰਿਹਾ ਸੀ। ਮਹਿਲਾ ਟੀਮ ਨੇ 1982 ਦੀਆਂ ਦਿੱਲੀ ਦੀਆਂ ਏਸ਼ੀਅਨ ਖੇਡਾਂ ਵਿਚ ਸੋਨੇ ਦਾ ਤਗ਼ਮਾ ਜਿੱਤਿਆ ਜਦੋਂਕਿ ਪੁਰਸ਼ਾਂ ਦੀ ਟੀਮ ਫਾਈਨਲ ਵਿਚ ਪਾਕਿਸਤਾਨ ਤੋਂ 7-1 ਨਾਲ ਹਾਰ ਗਈ। 1980ਵਿਆਂ ਤੋਂ ਸਾਡੇ ਦੇਸ਼ ਵਿਚ ਹਾਕੀ ਦਾ ਪਤਨ ਸ਼ੁਰੂ ਹੋ ਗਿਆ। ਇਸ ਦਾ ਮੁੱਖ ਕਾਰਨ ਇਸ ਖੇਡ ਦਾ ਐਸਟਰੋਟਰਫ਼ ’ਤੇ ਖੇਡੇ ਜਾਣਾ ਸੀ। ਭਾਰਤ ਜਿਹੇ ਦੇਸ਼ ਵਿਚ ਜ਼ਿਆਦਾ ਐਸਟਰੋਟਰਫ਼ ਨਹੀਂ ਬਣਾਏ ਜਾ ਸਕਦੇ। ਇਸ ਕਾਰਨ ਆਸਟਰੇਲੀਆ ਅਤੇ ਯੂਰੋਪੀਅਨ ਦੇਸ਼ਾਂ ਦੀਆਂ ਟੀਮਾਂ ਦਾ ਗ਼ਲਬਾ ਵਧਿਆ। ਵਿਚ-ਵਿਚਾਲੇ ਭਾਰਤੀ ਟੀਮ ਨੇ ਕਈ ਵਾਰ ਹੰਭਲੇ ਮਾਰੇ ਤੇ ਕਈ ਨਾਮਵਰ ਖਿਡਾਰੀ ਪੈਦਾ ਕੀਤੇ ਪਰ 1964 ਤੋਂ ਪਹਿਲਾਂ ਵਾਲੀ ਸ਼ਾਨ ਵਾਪਸ ਨਾ ਆਈ। ਖੇਡ ਵਿਚ ਲਗਾਤਾਰ ਹਾਰਾਂ ਨੇ ਖੇਡ ਪ੍ਰੇਮੀਆਂ ਦੇ ਮਨਾਂ ਵਿਚ ਵੀ ਨਿਰਾਸ਼ਾ ਲਿਆਂਦੀ। ਫਿਰ ਵੀ ਜਦੋਂ ਭਾਰਤ ਦੀ ਟੀਮ ਓਲੰਪਿਕ ਤੇ ਹੋਰ ਮੁਕਾਬਲਿਆਂ ਵਿਚ ਖੇਡਦੀ ਤਾਂ ਲੋਕਾਂ ਦੇ ਮਨਾਂ ਵਿਚ ਵਲਵਲੇ ਉੱਠਦੇ ਕਿ ਸਾਡੀ ਟੀਮ ਜਿੱਤ ਪ੍ਰਾਪਤ ਕਰੇ। ਹਾਲ ਦੇ ਵਰ੍ਹਿਆਂ ਵਿਚ ਟੀਮ ਨੇ 2017 ਵਿਚ ਏਸ਼ੀਆ ਕੱਪ, 2018 ਵਿਚ ਏਸ਼ੀਅਨ ਚੈਂਪੀਅਨ ਟਰਾਫ਼ੀ ਅਤੇ 2019 ਵਿਚ ਐੱਫ਼ਆਈਐੱਚ ਸੀਰੀਜ਼ ਫਾਈਨਲ ਦੇ ਮੁਕਾਬਲੇ ਜਿੱਤੇ ਅਤੇ ਲੋਕਾਂ ਦੇ ਮਨਾਂ ਵਿਚ ਇਹ ਆਸਾਂ ਉੱਭਰੀਆਂ ਕਿ ਭਾਰਤ ਇਸ ਓਲੰਪਿਕ ਵਿਚ ਸੋਨੇ ਦਾ ਤਗ਼ਮਾ ਜਿੱਤੇਗਾ। ਇਸ ਜਿੱਤ ਵਿਚ ਟੀਮ ਦੇ ਕੋਚ ਗ੍ਰਾਹਮ ਰੀਡ ਅਤੇ ਉਸ ਦੇ ਸਹਿਯੋਗੀਆਂ ਦੇ ਨਾਲ ਨਾਲ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਤੇ ਉੜੀਸਾ ਸਰਕਾਰ, ਜਿਸ ਨੇ ਪੁਰਸ਼ਾਂ ਅਤੇ ਔਰਤਾਂ ਦੀ ਹਾਕੀ ਟੀਮ ਨੂੰ ਸਪਾਂਸਰ ਕੀਤਾ, ਦਾ ਵੱਡਾ ਯੋਗਦਾਨ ਹੈ।

Leave a Reply

Your email address will not be published.