ਓਟਾਵਾ : ਸਟੈਟਿਸਟਿਕਸ ਕੈਨੇਡਾ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ, ਕੈਨੇਡਾ ਦੀ ਬੇਰੁਜ਼ਗਾਰੀ ਦਰ ਥੋੜੀ ਘਟ ਕੇ 6.5% ਦਰਜ ਹੋਈ ਹੈ। ਹਾਲਾਂਕਿ ਇਸ ਦੇ ਨਾਲ ਹੀ ਅਰਥਵਿਵਸਥਾ ਵਿਚ 25,000 ਨੌਕਰੀਆਂ ਘਟ ਗਈਆਂ ਅਤੇ ਅਜਿਹਾ ਮੁੱਖ ਤੌਰ ‘ਤੇ ਪਾਰਟ-ਟਾਈਮ ਨੌਕਰੀਆਂ ਵਿਚ ਨਿਘਾਰ ਕਾਰਨ ਹੋਇਆ।
ਬੇਰੁਜ਼ਗਾਰੀ ਦਰ, ਜੋ ਕਿ ਸਤੰਬਰ 2024 ਤੋਂ ਬਾਅਦ ਦਾ ਸਭ ਤੋਂ ਹੇਠਲਾ ਪੱਧਰ ਹੈ, ਇਸ ਲਈ ਘਟੀ ਕਿਉਂਕਿ ਘੱਟ ਲੋਕ ਨੌਕਰੀ ਲੱਭ ਰਹੇ ਸਨ। ਸਟੈਟਕੈਨ ਦੇ ਅਨੁਸਾਰ ਜਨਵਰੀ ਵਿੱਚ ਪਿਛਲੇ ਸਾਲ ਦੀ ਤੁਲਨਾ ਵਿਚ ਉਹਨਾਂ ਲੋਕਾਂ ਦੀ ਗਿਣਤੀ ਵਧੀ ਦਰਜ ਹੋਈ ਜੋ ਨਾ ਤਾਂ ਨੌਕਰੀ ਕਰ ਰਹੇ ਸਨ ਅਤੇ ਨਾ ਹੀ ਨੌਕਰੀ ਲੱਭ ਰਹੇ ਸਨ। ਪਾਰਟ-ਟਾਈਮ ਨੌਕਰੀਆਂ ਵਿੱਚ 1.8% ਦੀ ਕਮੀ ਆਈ, ਪਰ ਫੁੱਲ-ਟਾਈਮ ਨੌਕਰੀਆਂ ਵਿੱਚ 0.3% ਦਾ ਵਾਧਾ ਹੋਇਆ। ਪ੍ਰਾਈਵੇਟ ਸੈਕਟਰ ਵਿੱਚ ਕੰਮ ਕਰਨ ਵਾਲਿਆਂ ਦੀ ਗਿਣਤੀ 52,000 ਘਟ ਗਈ, ਜਿਸ ਨਾਲ 2025 ਦੇ ਆਖ਼ਰੀ ਤਿੰਨ ਮਹੀਨਿਆਂ ਦੌਰਾਨ ਹੋਏ ਕੁਝ ਵਾਧੇ ਨੂੰ ਢਾਹ ਲੱਗੀ। ਪਬਲਿਕ ਸੈਕਟਰ ਵਿੱਚ ਨੌਕਰੀਆਂ ਦੀ ਗਿਣਤੀ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਆਈ। ਨੌਕਰੀਆਂ ਦੀ ਸਭ ਤੋਂ ਵੱਡੀ ਕਮੀ ਮੈਨੂਫ਼ੈਕਚਰਿੰਗ, ਸਿੱਖਿਆ ਸੇਵਾਵਾਂ ਅਤੇ ਲੋਕ ਪ੍ਰਸ਼ਾਸਨ ਦੇ ਖੇਤਰਾਂ ਵਿੱਚ ਹੋਈ। ਸੂਚਨਾ, ਸੱਭਿਆਚਾਰ ਅਤੇ ਮਨੋਰੰਜਨ; ਕਾਰੋਬਾਰ, ਬਿਲਡਿੰਗ ਅਤੇ ਹੋਰ ਸਹਾਇਤਾ ਸੇਵਾਵਾਂ; ਖੇਤੀਬਾੜੀ ਅਤੇ ਯੂਟਿਲਿਟੀਜ਼ ਵਿੱਚ ਨਵੀਆਂ ਨੌਕਰੀਆਂ ਸ਼ਾਮਲ ਹੋਈਆਂ। ਸੂਬਿਆਂ ਦੇ ਹਿਸਾਬ ਨਾਲ ਵੇਖੀਏ ਤਾਂ ਓਨਟੇਰਿਓ ਵਿੱਚ 67,000 ਨੌਕਰੀਆਂ ਘਟੀਆਂ। ਇਸਦੇ ਉਲਟ ਐਲਬਰਟਾ ਵਿੱਚ 20,000, ਸਸਕੈਚਵਨ ਵਿੱਚ 6,100 ਅਤੇ ਨਿਊਫ਼ੰਡਲੈਂਡ ਐਂਡ ਲੈਬਰਾਡੋਰ ਵਿੱਚ 3,800 ਨੌਕਰੀਆਂ ਵਧੀਆਂ। ਔਸਤ ਪ੍ਰਤੀ ਘੰਟਾ ਤਨਖ਼ਾਹ ਪਿਛਲੇ ਸਾਲ ਦੇ ਮੁਕਾਬਲੇ 3.3%, ਯਾਨੀ $1.18 ਵਧ ਕੇ $37.17 ਪ੍ਰਤੀ ਘੰਟਾ ਦਰਜ ਹੋਈ। 3923 ਕੈਪਿਟਲ ਮਾਰਕੀਟਸ ਦੇ ਸੀਨੀਅਰ ਅਰਥਸ਼ਾਸਤਰੀ ਐਂਡਰੂ ਗ੍ਰੈਂਥਮ ਨੇ ਕਿਹਾ ਕਿ ਇਹ ਰੁਜ਼ਗਾਰ ਰਿਪੋਰਟ ਮਿਲੀ-ਜੁਲੀ ਤਸਵੀਰ ਦਿਖਾਉਂਦੀ ਹੈ, ਕਿਉਂਕਿ ਇੱਕੋ ਮਹੀਨੇ ਵਿੱਚ ਨੌਕਰੀਆਂ ਵੀ ਘਟੀਆਂ ਹਨ ਅਤੇ ਬੇਰੁਜ਼ਗਾਰੀ ਦਰ ਵੀ। ਨਤੀਜੇ ਵਜੋਂ, ਸਾਨੂੰ ਸ਼ੱਕ ਹੈ ਕਿ ਇਸਦਾ ਬੈਂਕ ਔਫ਼ ਕੈਨੇਡਾ ’ਤੇ ਬਹੁਤ ਜ਼ਿਆਦਾ ਪ੍ਰਭਾਵ ਪਵੇਗਾ, ਅਤੇ ਇਸ ਨਾਲ ਸਾਡਾ ਇਹ ਵਿਚਾਰ ਨਹੀਂ ਬਦਲਦਾ ਕਿ ਇਸ ਸਾਲ ਦੇ ਬਾਕੀ ਸਮੇਂ ਲਈ ਵਿਆਜ ਦਰਾਂ ਸਥਿਰ ਰਹਿਣਗੀਆਂ।










