ਚੰਨੀ ਦਾ ਭਾਣਜਾ ਗਿਰਫ਼ਤਾਰ, 4 ਦਿਨਾਂ ਦੇ ਰਿਮਾਂਡ ਤੇ ਲਿਆ ਈ.ਡੀ ਨੇ

ਗੈਰ-ਕਾਨੂੰਨੀ ਮਾਈਨਿੰਗ ਮਾਮਲੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ 8 ਫਰਵਰੀ ਤੱਕ ਈਡੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

ਭੁਪਿੰਦਰ ਸਿੰਘ ਹਨੀ ਨੂੰ ਅੱਜ ਜਲੰਧਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿਥੇ ਈਡੀ ਨੂੰ ਪੁੱਛ-ਗਿੱਛ ਲਈ ਚਾਰ ਦਿਨਾਂ ਦਾ ਰਿਮਾਂਡ ਮਿਲ ਗਿਆ ਹੈ।ਦੱਸਦੇਈਏ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਰੇਤ ਦੀ ਨਾਜਾਇਜ਼ ਮਾਈਨਿੰਗ ਮਾਮਲੇ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਈਡੀ ਨੇ ਹਨੀ ਨੂੰ ਪੁੱਛਗਿੱਛ ਲਈ ਜਲੰਧਰ ਦਫਤਰ ਬੁਲਾਇਆ ਸੀ। ਜਿੱਥੇ ਉਸ ਤੋਂ ਕਰੀਬ 7 ਤੋਂ 8 ਘੰਟੇ ਤੱਕ ਪੁੱਛਗਿੱਛ ਕੀਤੀ ਗਈ। ਈਡੀ ਜਵਾਬਾਂ ਤੋਂ ਸੰਤੁਸ਼ਟ ਨਹੀਂ ਸੀ ਅਤੇ ਇਸ ਲਈ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਨੂੰ ਰਾਤ 1 ਵਜੇ ਦੇ ਕਰੀਬ ਮੈਡੀਕਲ ਜਾਂਚ ਲਈ ਜਲੰਧਰ ਦੇ ਹਸਪਤਾਲ ਲਿਜਾਇਆ ਗਿਆ। ਹੁਣ ਹੋਰ ਪੁੱਛ-ਗਿੱਛ ਵਾਸਤੇ ਅਦਾਲਤ ਤੋਂ ਹਨੀ ਦਾ ਹੋਰ ਰਿਮਾਂਡ ਲਿਆ ਗਿਆ ਹੈ।

18 ਜਨਵਰੀ ਨੂੰ ਈਡੀ ਨੇ ਭੁਪਿੰਦਰ ਹਨੀ ਅਤੇ ਉਸ ਦੇ ਸਾਥੀਆਂ ਦੇ ਮੋਹਾਲੀ ਅਤੇ ਲੁਧਿਆਣਾ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਇਸ ਦੌਰਾਨ 10 ਕਰੋੜ ਦੀ ਨਕਦੀ, 12 ਲੱਖ ਰੋਲੈਕਸ ਘੜੀ, 21 ਲੱਖ ਦਾ ਸੋਨਾ ਬਰਾਮਦ ਕੀਤਾ ਗਿਆ। ਈਡੀ ਨੇ ਹਨੀ ਦੇ ਮੋਹਾਲੀ ਸਥਿਤ ਘਰ ਤੋਂ 8 ਕਰੋੜ ਰੁਪਏ ਅਤੇ ਉਸ ਦੇ ਸਾਥੀ ਸੰਦੀਪ ਦੇ ਲੁਧਿਆਣਾ ਸਥਿਤ ਠਿਕਾਣੇ ਤੋਂ 2 ਕਰੋੜ ਰੁਪਏ ਬਰਾਮਦ ਕੀਤੇ ਸਨ। 

ਈਡੀ ਦੀ ਇਹ ਕਾਰਵਾਈ ਸਾਲ 2018 ਵਿੱਚ ਦਰਜ ਹੋਏ ਨਾਜਾਇਜ਼ ਰੇਤ ਮਾਈਨਿੰਗ ਦੇ ਮਾਮਲੇ ਵਿੱਚ ਕੀਤੀ ਗਈ ਹੈ। ਇਹ ਮਾਮਲਾ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਵਾਈ ਦੌਰੇ ਦੌਰਾਨ ਰੇਤ ਦੀ ਨਾਜਾਇਜ਼ ਮਾਈਨਿੰਗ ਫੜੇ ਜਾਣ ਤੋਂ ਬਾਅਦ ਹੋਇਆ ਹੈ। ਇਸ ਮਗਰੋਂ ਪੁਲੀਸ ਨੇ ਰੋਪੜ ਥਾਣੇ ਵਿੱਚ ਆਈਪੀਸੀ ਦੀ ਧਾਰਾ 379, 420, 465, 467, 468, 471 ਅਤੇ ਮਾਈਨਜ਼ ਐਕਟ ਤਹਿਤ ਕੇਸ ਦਰਜ ਕਰ ਲਿਆ।

Leave a Reply

Your email address will not be published. Required fields are marked *