ਚੰਦਰਯਾਨ-2 ਆਰਬੀਟਰ ਨੇ ਸੌਰ ਪ੍ਰੋਟਾਨ ਘਟਨਾਵਾਂ ਦਾ ਪਤਾ ਲਾਇਆ

ਚੰਦਰਯਾਨ-2 ਆਰਬੀਟਰ ਨੇ ਸੌਰ ਪ੍ਰੋਟਾਨ ਘਟਨਾਵਾਂ ਦਾ ਪਤਾ ਲਾਇਆ

ਚੰਦਰਯਾਨ-2 ਦੇ ਆਰਬੀਟਰ ’ਤੇ ਲੱਗੇ ਇਕ ‘ਲਾਰਜ ਏਰੀਆ ਸਾਫਟ ਐਕਸ-ਰੇ ਸਪੈਕਟ੍ਰੋਮੀਟਰ’ (ਕਲਾਸ) ਨੇ ਉਨ੍ਹਾਂ ਸੌਰ ਪ੍ਰੋਟਾਨ ਘਟਨਾਵਾਂ (ਐੱਸਪੀਈ) ਦਾ ਪਤਾ ਲਗਾਇਆ ਹੈ ਜਿਹੜੀਆਂ ਪੁਲਾੜ ’ਚ ਮਨੁੱਖਾਂ ਲਈ ਵਿਕਿਰਨਾਂ ਦਾ ਜੋਖ਼ਮ ਕਾਫ਼ੀ ਵਧਾ ਦਿੰਦੀਆਂ ਹਨ।

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇਹ ਜਾਣਕਾਰੀ ਦਿੱਤੀ ਹੈ।ਇਸਰੋ ਨੇ ਦੱਸਿਆ ਕਿ 18 ਜਨਵਰੀ ਨੂੰ ਇਸ ਉਪਕਰਨ ਨੇ ਕੋਰੋਨਲ ਮਾਸ ਇਜੈਕਸ਼ਨ (ਸੀਐੱਮਈ) ਦਾ ਵੀ ਪਤਾ ਲਾਇਆ, ਜੋ ਆਇਨਿਤ ਸਮੱਗਰੀ ਤੇ ਚੁੰਬਕੀ ਖੇਤਰਾਂ ਦੀ ਇਕ ਸ਼ਕਤੀਸ਼ਾਲੀ ਧਾਰਾ ਹੈ ਤੇ ਕੁਝ ਦਿਨਾਂ ਬਾਅਦ ਧਰਤੀ ’ਤੇ ਪਹੁੰਚਦੀ ਹੈ। ਇਸ ਨਾਲ ਭੂ-ਚੁੰਬਕੀ ਤੂਫ਼ਾਨ ਆਉਂਦੇ ਹਨ ਤੇ ਧਰੁਵੀ ਆਕਾਸ਼ ’ਚ ਰੋਸ਼ਨੀ ਪੈਦਾ ਹੁੰਦੀ ਹੈ।

ਇਸਰੋ ਨੇ ਕਿਹਾ ਕਿ ਅਜਿਹੇ ਬਹੁ-ਬਿੰਦੂਆਂ ਵਾਲੇ ਮੁੱਲਾਂਕਣ ਵੱਖ-ਵੱਖ ਗ੍ਰਹਿ ਪ੍ਰਣਾਲੀਆਂ ਨੂੰ ਸਮਝਣ ’ਚ ਮਦਦ ਕਰਦੇ ਹਨ। ਸੂਰਜ ’ਚ ਪ੍ਰਮਾਣੂ ਫਿਊਜ਼ਨ ਦੀ ਪ੍ਰਕਿਰਿਆ ਤੇਜ਼ ਹੋਣ ’ਤੇ ਸ਼ਕਤੀਸ਼ਾਲੀ ਸੌਰ ਵਿਕਿਰਨਾਂ ਪੈਦਾ ਹੁੰਦੀਆਂ ਹਨ ਜਿਸ ਕਾਰਨ ਕਦੀ-ਕਦੀ ਊਰਜਾਵਾਨ ਕਣ (ਸੌਰ ਪ੍ਰੋਟਾਨ ਘਟਨਾਵਾਂ ਜਾਂ ਐੱਸਪੀਈ) ਗ੍ਰਹਿਆਂ ਵੱਲ ਆਉਂਦੇ ਹਨ। ਇਨ੍ਹਾਂ ਕਣਾਂ ’ਚੋਂ ਜ਼ਿਆਦਾਤਰ ਬਹੁਤ ਜ਼ਿਆਦਾ ਊਰਜਾ ਵਾਲੇ ਪ੍ਰੋਟਾਨ ਹੁੰਦੇ ਹਨ ਜਿਹੜੇ ਪੁਲਾੜ ਪ੍ਰਣਾਲੀਆਂ ਨੂੰ ਪ੍ਰਭਾਵਿਤ ਕਰਦੇ ਹਨ ਤੇ ਪੁਲਾੜ ’ਚ ਮਨੁੱਖਾਂ ਲਈ ਵਿਕਿਰਨਾਂ ਦੇ ਜੋਖ਼ਮ ’ਚ ਭਾਰੀ ਵਾਧਾ ਕਰਦੇ ਹਨ। ਉਹ ਧਰਤੀ ਦੇ ਵਾਯੂਮੰਡਲ ’ਚ ਵੱਡੇ ਪੱਧਰ ’ਤੇ ਆਇਨੀਕਰਨ ਦਾ ਕਾਰਨ ਵੀ ਬਣ ਸਕਦੇ ਹਨ।

ਸੀਐੱਮਈ ਦੀ ਰਫ਼ਤਾਰ ਲਗਪਗ 1000 ਕਿਲੋਮੀਟਰ ਪ੍ਰਤੀ ਸੈਕਿੰਡ ਹੁੰਦੀ ਹੈ ਤੇ ਇਸ ਨੂੰ ਧਰਤੀ ਤਕ ਪੁੱਜਣ ’ਚ ਦੋ ਤੋਂ ਤਿੰਨ ਦਿਨ ਲੱਗਦੇ ਹਨ। ‘ਲਾਰਜ ਏਰੀਆ ਸਾਫਟ ਐਕਸ-ਰੇ ਸਪੈਕਟ੍ਰੋਮੀਟਰ’ (ਕਲਾਸ) ਨੇ ਐੱਸਪੀਈ ਤੇ ਸੀਐੱਮਈ ਦੋਵਾਂ ਘਟਨਾਵਾਂ ਬਾਰੇ ਪਤਾ ਲਾਇਆ ਹੈ।

ਜ਼ਿਕਰਯੋਗ ਹੈ ਕਿ ਚੰਦਰਮਾ ਦੇ ਦੱਖਣੀ ਧਰੁਵ ’ਤੇ ਉਤਰਨ ਦੀ ਯੋਜਨਾ ਤਹਿਤ ਚੰਦਰਯਾਨ-2 ਨੂੰ 22 ਜੁਲਾਈ, 2019 ਨੂੰ ਪੁਲਾੜ ’ਚ ਛੱਡਿਆ ਸੀ। ਹਾਲਾਂਕਿ ਲੈਂਡਰ ਵਿਕਰਮ 7 ਸੱਤ ਸਤੰਬਰ, 2019 ਨੂੰ ਚੰਦਰਮਾ ਦੀ ਸਤ੍ਹਾ ’ਤੇ ਕ੍ਰੈਸ਼ ਹੋ ਗਿਆ ਸੀ। ਇਸਰੋ ਨੇ ਉਦੋਂ ਕਿਹਾ ਸੀ ਕਿ ਮਿਸ਼ਨ ਨੇ 98 ਫ਼ੀਸਦੀ ਸਫਲਤਾ ਹਾਸਲ ਕੀਤੀ ਹੈ ਕਿਉਂਕਿ ਆਰਬੀਟਰ ਨੇ ਗਰਾਊਂਡ ਸਟੇਸ਼ਨ ਨਾਲ ਲਗਾਤਾਰ ਮਹੱਤਵਪੂਰਨ ਅੰਕੜੇ ਸਾਂਝੇ ਕਰਨੇ ਜਾਰੀ ਰੱਖੇ ਹਨ।

Leave a Reply

Your email address will not be published.