ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਇਕਜੁੱਟ ਕਰਨ ਲਈ ਸਿਰ-ਤੋੜ ਕੋਸ਼ਿਸ਼ਾਂ, ਬਿਹਤਰ ਤਾਲਮੇਲ ‘ਤੇ ਦਿੱਤਾ ਜ਼ੋਰ

ਚੰਡੀਗੜ੍ਹ / ਕਾਂਗਰਸ ਹਾਈਕਮਾਨ ਵਲੋਂ ਪਾਰਟੀ ਨੂੰ ਪੰਜਾਬ ‘ਚ ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕਜੁੱਟ ਕਰਨ ਤੇ ਸਰਕਾਰ ਤੇ ਪਾਰਟੀ ਦਰਮਿਆਨ ਬਿਹਤਰ ਤਾਲਮੇਲ ਪੈਦਾ ਕਰਨ ਲਈ ਭਾਵੇਂ ਸਿਰਤੋੜ ਕੋਸ਼ਿਸ਼ਾਂ ਜਾਰੀ ਹਨ ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਦਰਮਿਆਨ ਮਨ-ਮੁਟਾਅ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ ਪਰ ਅੱਜ ਇਥੇ ਕਾਂਗਰਸ ਵਿਧਾਇਕ ਦਲ ਦੀ ਹੋਈ ਮੀਟਿੰਗ ਦੌਰਾਨ ਨਵਜੋਤ ਨੇ ਪਾਰਟੀ ਦੇ ਸਾਰੇ ਪ੍ਰੋਗਰਾਮਾਂ ‘ਚ ਸ਼ਮੂਲੀਅਤ ਲਈ ਆਪਣੀ ਸਹਿਮਤੀ ਦਿੱਤੀ ।

ਮੀਟਿੰਗ ਦੌਰਾਨ ਜ਼ਿਆਦਾਤਾਰ ਵਿਧਾਇਕਾਂ ਵਲੋਂ ਰੇਤ ਦੀਆਂ ਕੀਮਤਾਂ ਘਟਾਉਣ ਅਤੇ ਪੈਟਰੋਲ ਤੇ ਡੀਜ਼ਲ ‘ਤੇ ਐਕਸਾਈਜ਼ ਡਿਊਟੀ ਘਟਾਉਣ ਦੀ ਮੰਗ ਵੀ ਉਠਾਈ ਅਤੇ ਕਿਹਾ ਕਿ ਸੂਬੇ ਦੇ ਲੋਕਾਂ ‘ਚ ਇਨ੍ਹਾਂ ਵਧੀਆਂ ਹੋਈਆਂ ਕੀਮਤਾਂ ਵਿਰੁੱਧ ਰੋਹ ਹੈ । ਇਸ ਤੋਂ ਪਹਿਲਾਂ ਸ[ ਸਿੱਧੂ ਵਲੋਂ ਕੱਲ੍ਹ ਇਥੇ ਇਕ ਸਮਾਗਮ ‘ਚ ਸਰਕਾਰ ਦੀ ਕਾਰਜਸ਼ੈਲੀ ਤੇ ਦਿੱਤੀਆਂ ਰਿਆਇਤਾਂ ਦੀ ਖੁੱਲ੍ਹ ਕੇ ਕੀਤੀ ਗਈ ਨੁਕਤਾਚੀਨੀ ਤੋਂ ਬਾਅਦ ਕੈਬਨਿਟ ਮੰਤਰੀ ਪਰਗਟ ਸਿੰਘ ਦੇ ਨਿਵਾਸ ‘ਤੇ ਕੱਲ੍ਹ ਰਾਤ ਕੋਈ 3 ਵਜੇ ਤੱਕ ਮੀਟਿੰਗਾਂ ਜਾਰੀ ਰਹੀਆਂ, ਜਿਨ੍ਹਾਂ ‘ਚ ਹਾਜ਼ਰ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਤੇ ਹਾਈਕਮਾਂਡ ਵਲੋਂ ਭੇਜੇ ਗਏ ਸ੍ਰੀਕਿ੍ਸ਼ਨਨ ਵਲੋਂ ਨਵਜੋਤ ਦੇ ਗ਼ੁੱਸੇ ਗਿਲੇ ਖ਼ਤਮ ਕਰਨ ਤੇ ਸਰਕਾਰ ਤੇ ਪਾਰਟੀ ਦਰਮਿਆਨ ਪਾਰਟੀ ਨੂੰ ਠੀਕ ਬਣਾਉਣ ਲਈ ਕਾਫ਼ੀ ਯਤਨ ਕੀਤੇ ਗਏ । ਸੂਚਨਾ ਅਨੁਸਾਰ ਨਵਜੋਤ ਤੇ ਮੁੱਖ ਮੰਤਰੀ ਦਰਮਿਆਨ ਅੜੀਅਲ ਰਵੱਈਆ ਹਾਈ ਕਮਾਨ ਲਈ ਕਾਫ਼ੀ ਮੁਸ਼ਕਿਲਾਂ ਦਾ ਕਾਰਨ ਬਣ ਰਿਹਾ ਹੈ । ਨਵਜੋਤ ਦਾ ਇਤਰਾਜ਼ ਸੀ ਕਿ ਸਰਕਾਰ ਵਲੋਂ ਕੱਲ੍ਹ ਮੰਤਰੀ ਮੰਡਲ ‘ਚ ਲਿਆਂਦੇ ਗਏ ਅਹਿਮ ਜਨਤਕ ਮੁੱਦਿਆਂ ਸਬੰਧੀ ਪਾਰਟੀ ਨੂੰ ਅੱਖੋਂ-ਪਰੋਖੇ ਕਰਦਿਆਂ ਬਿਲਕੁਲ ਵੀ ਵਿਸ਼ਵਾਸ ‘ਚ ਨਹੀਂ ਲਿਆ ਗਿਆ ਤੇ ਉਨ੍ਹਾਂ ਨੂੰ ਸਰਕਾਰ ਦੇ ਫ਼ੈਸਲਿਆਂ ਸਬੰਧੀ ਸੂਚਨਾ ਸੋਸ਼ਲ ਮੀਡੀਆ ਰਾਹੀਂ ਮਿਲ ਰਹੀ ਹੈ ਤੇ ਉਹ ਅਜਿਹੀ ਪ੍ਰਧਾਨਗੀ ਕਰਨ ਦੇ ਇੱਛੁਕ ਨਹੀਂ ।

ਨਵਜੋਤ ਦੇ ਤਿੱਖੇ ਵਿਰੋਧ ਦੇ ਬਾਵਜੂਦ ਐਡਵੋਕੇਟ ਜਨਰਲ ਦਾ ਅਸਤੀਫ਼ਾ ਭਾਵੇਂ ਸਰਕਾਰ ਕੋਲ ਆ ਗਿਆ ਸੀ, ਪਰ ਸਰਕਾਰ ਵਲੋਂ ਉਸ ਨੂੰ ਆਨੇ-ਬਹਾਨੇ ਪ੍ਰਵਾਨ ਨਾ ਕਰਨਾ ਵੀ ਨਵਜੋਤ ਦੇ ਗ਼ੁੱਸੇ ਦਾ ਕਾਰਨ ਬਣਿਆ । ਹਾਲਾਂਕਿ ਸੂਤਰਾਂ ਅਨੁਸਾਰ ਨਵੇਂ ਐਡਵੋਕੇਟ ਜਨਰਲ ਦੀ ਨਿਯੁਕਤੀ ਲਈ ਕਿਸੇ ਦੀ ਸਿਫ਼ਾਰਸ਼ ਨਹੀਂ ਕੀਤੀ ਜਾ ਰਹੀ । ਕੱਲ੍ਹ ਰਾਤ ਤਿੰਨ ਵਜੇ ਤੱਕ ਪਰਗਟ ਸਿੰਘ ਦੇ ਨਿਵਾਸ ‘ਤੇ ਚੱਲੀ ਇਸ ਮੀਟਿੰਗ ‘ਚ ਫ਼ੈਸਲਾ ਹੋਇਆ ਕਿ ਸਾਰੇ ਆਗੂ ਇਕੱਠੇ ਕੇਦਾਰਨਾਥ ਦੀ ਯਾਤਰਾ ‘ਤੇ ਜਾਣਗੇ, ਪਰ ਪਤਾ ਲੱਗਾ ਹੈ ਕਿ ਇਸ ਯਾਤਰਾ ‘ਚ ਮੁੱਖ ਮੰਤਰੀ ਚੰਨੀ, ਨਵਜੋਤ, ਹਰੀਸ਼ ਚੌਧਰੀ, ਸਪੀਕਰ ਰਾਣਾ ਕੇ.ਪੀ. ਸਿੰਘ ਤੇ ਹਰੀਸ਼ ਰਾਵਤ ਇਕੱਠੇ ਰਹੇ, ਪਰ ਮਨ-ਮੁਟਾਅ ਕਿਸ ਹੱਦ ਤੱਕ ਦੂਰ ਹੋਇਆ ਉਸ ਸਬੰਧੀ ਕੋਈ ਵੀ ਕੁਝ ਕਹਿਣ ਲਈ ਤਿਆਰ ਨਹੀਂ ਸੀ ।

ਕੈਪਟਨ ਅਮਰਿੰਦਰ ਸਿੰਘ ਵਲੋਂ ਨਵੀਂ ਪਾਰਟੀ ਦੇ ਕੀਤੇ ਗਏ ਐਲਾਨ ਤੋਂ ਤੁਰੰਤ ਬਾਅਦ ਪਾਰਟੀ ਹਾਈਕਮਾਂਡ ਦੇ ਆਦੇਸ਼ਾਂ ‘ਤੇ ਇਥੇ ਪੰਜਾਬ ਭਵਨ ਵਿਖੇ ਕਾਂਗਰਸ ਵਿਧਾਇਕਾਂ ਦੀ ਜੋ ਮੀਟਿੰਗ ਸੱਦੀ ਗਈ ਉਸ ‘ਚ ਵੀ ਪਾਰਟੀ ਤੇ ਸਰਕਾਰ ‘ਚ ਬਿਹਤਰ ਤਾਲਮੇਲ ਦਾ ਮੁੱਦਾ ਭਾਰੂ ਰਿਹਾ ਤੇ ਵਿਧਾਇਕਾਂ ਤੋਂ ਇਸ ਲਈ ਰਾਇ ਵੀ ਲਈ ਗਈ ਤੇ ਉਨ੍ਹਾਂ ਦੇ ਖੇਤਰਾਂ ਨਾਲ ਸਬੰਧਤ ਅਹਿਮ ਮੁੱਦਿਆਂ ਦੀ ਵੀ ਜਾਣਕਾਰੀ ਲਈ ਗਈ । ਮੀਟਿੰਗ ‘ਚ ਮੁੱਖ ਮੰਤਰੀ ਤੋਂ ਇਲਾਵਾ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਤੇ ਹਾਈਕਮਾਂਡ ਵਲੋਂ ਪੁੱਜੇ ਸ੍ਰੀ ਕ੍ਰਿਸ਼ਨਨ ਵੀ ਹਾਜ਼ਰ ਰਹੇ । ਕਾਂਗਰਸ ਹਲਕਿਆਂ ਦਾ ਇਹ ਮੰਨਣਾ ਹੈ ਕਿ ਜੇ ਪਾਰਟੀ ਫ਼ੌਰੀ ਇਕਮੁੱਠ ਨਾ ਹੋ ਸਕੀ ਤਾਂ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਨੂੰ ਨੁਕਸਾਨ ਵੀ ਉਠਾਉਣਾ ਪੈ ਸਕਦਾ ਹੈ । ਮੀਟਿੰਗ ਦੌਰਾਨ ਕੁਝ ਇਕ ਮੰਤਰੀ ਤੇ ਵਿਧਾਇਕ ਹਾਜ਼ਰ ਨਹੀਂ ਹੋ ਸਕੇ ਕਿਉਂਕਿ ਕੁਝ ਚੰਡੀਗੜ੍ਹ ਤੋਂ ਬਾਹਰ ਸਨ ਜਦਕਿ ਕੁਝ ਰਾਜ ਭਵਨ ਦੇ ਗੈਸਟ ਹਾਊਸ ‘ਚ ਵੱਖਰੀ ਮੀਟਿੰਗ ਕਰ ਰਹੇ ਸਨ ।

Leave a Reply

Your email address will not be published. Required fields are marked *