ਚਮਕੌਰ ਸਾਹਿਬ ਦੇ ਸ਼ਹੀਦੀ ਜੋੜ ਮੇਲ ਮੌਕੇ ਵਿਸ਼ਾਲ ਨਗਰ ਕੀਰਤਨ

Home » Blog » ਚਮਕੌਰ ਸਾਹਿਬ ਦੇ ਸ਼ਹੀਦੀ ਜੋੜ ਮੇਲ ਮੌਕੇ ਵਿਸ਼ਾਲ ਨਗਰ ਕੀਰਤਨ
ਚਮਕੌਰ ਸਾਹਿਬ ਦੇ ਸ਼ਹੀਦੀ ਜੋੜ ਮੇਲ ਮੌਕੇ ਵਿਸ਼ਾਲ ਨਗਰ ਕੀਰਤਨ

ਸ੍ਰੀ ਚਮਕੌਰ ਸਾਹਿਬ / ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 2 ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਅਤੇ ਚਮਕੌਰ ਦੀ ਜੰਗ ਦੇ ਸ਼ਹੀਦਾਂ ਨੂੰ ਸਮਰਪਿਤ 3 ਦਿਨਾਂ ਸ਼ਹੀਦੀ ਸਮਾਗਮ ਦੇ ਅੱਜ ਆਖ਼ਰੀ ਦਿਨ ਵੀ ਵੱਡੀ ਗਿਣਤੀ ‘ਚ ਸੰਗਤਾਂ ਨੇ ਇੱਥੋਂ ਦੇ ਗੁਰਦੁਆਰਾ ਸਾਹਿਬਾਨ ‘ਚ ਨਤਮਸਤਕ ਹੁੰਦਿਆਂ ਕੌਮ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ।

ਅੱਜ ਆਖੀਰਲੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ । ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਲੋਂ ਕੀਤੀ ਗਈ । ਇਸ ਮੌਕੇ ਵਿਸ਼ੇਸ਼ ਤੌਰ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਹੈੱਡ ਗ੍ਰੰਥੀ ਗੁ: ਸ੍ਰੀ ਫ਼ਤਿਹਗੜ੍ਹ ਸਾਹਿਬ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਲੱਖੇਵਾਲ ਵੀ ਮੌਜੂਦ ਸਨ ।

ਨਗਰ ਕੀਰਤਨ ਅੱਗੇ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਗਤਕਾ ਅਖਾੜਾ ਚਮਕੌਰ ਸਾਹਿਬ, ਭਾਈ ਬਚਿੱਤਰ ਸਿੰਘ ਗਤਕਾ ਅਖਾੜਾ ਖਰੜ ਅਤੇ ਮੀਰੀ ਪੀਰੀ ਗਤਕਾ ਅਖਾੜਾ ਮਾਣੇਮਾਜਰਾ ਦੇ ਸਿੰਘ ਪੁਰਾਤਨ ਸ਼ਸਤਰਾਂ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ । ਉਨ੍ਹਾਂ ਪਿੱਛੇ ਖ਼ਾਲਸਾ ਸਕੂਲ ਸ੍ਰੀ ਜੰਡ ਸਾਹਿਬ ਦੇ ਵਿਿਦਆਰਥੀ, ਕੀਰਤਨ ਕਰਦੀਆਂ ਸ਼ਬਦ ਚੌਂਕੀ ਸੇਵਕ ਜਥਾ ਸ੍ਰੀ ਫ਼ਤਿਹਗੜ੍ਹ ਸਾਹਿਬ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸ੍ਰੀ ਫ਼ਤਿਹਗੜ੍ਹ ਸਾਹਿਬ, ਬਸੀ ਪਠਾਣਾ, ਪਟਿਆਲਾ ਦੀਆਂ ਸੰਗਤਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਸੁੰਦਰ ਪਾਲਕੀ ਇਕ ਅਲੌਕਿਕ ਨਜ਼ਾਰਾ ਪੇਸ਼ ਕਰ ਰਹੀਆਂ ਸਨ ।

ਨਗਰ ਕੀਰਤਨ ਗੁ: ਸ੍ਰੀ ਗੜ੍ਹੀ ਸਾਹਿਬ ਤੋਂ ਅਰੰਭ ਹੋ ਕੇ ਗੁ: ਸ੍ਰੀ ਕਤਲਗੜ੍ਹ ਸਾਹਿਬ, ਗੁ: ਸ਼ਹੀਦੀ ਬੁਰਜ ਭਾਈ ਜੈਤਾ ਜੀ, ਗੁ: ਸ੍ਰੀ ਦਮਦਮਾ ਸਾਹਿਬ, ਸ੍ਰੀ ਤਾੜੀ ਸਾਹਿਬ, ਸ੍ਰੀ ਰਣਜੀਤ ਗੜ੍ਹ ਸਾਹਿਬ ਹੁੰਦਾ ਹੋਇਆ ਗੁ: ਸ੍ਰੀ ਕਤਲਗੜ੍ਹ ਸਾਹਿਬ ਦੇ ਬਾਬਾ ਸੰਗਤ ਸਿੰਘ ਦੀਵਾਨ ਹਾਲ ਵਿਚ ਪੁੱਜਾ ਜਿੱਥੇ ਕੀਰਤਨ ਸੋਹਿਲੇ ਦੇ ਪਾਠ ਉਪਰੰਤ ਸੰਪੂਰਨ ਹੋਇਆ । ਨਗਰ ਕੀਰਤਨ ਦੀ ਅਰੰਭਤਾ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਇੰਸਪੈਕਟਰ ਸਤਨਾਮ ਸਿੰਘ ਸਰਹਾਲੀ, ਮੈਨੇਜਰ ਭਾਈ ਨੱਥਾ ਸਿੰਘ, ਇੰਸਪੈਕਟਰ ਰਣਜੀਤ ਸਿੰਘ ਭੋਮਾ, ਬਲਦੇਵ ਸਿੰਘ ਹਾਫਿਜਾਬਾਦ, ਅਮਨਦੀਪ ਸਿੰਘ ਮਾਂਗਟ, ਲਖਵੀਰ ਸਿੰਘ ਹਾਫਿਜਾਬਾਦ, ਹੈੱਡ ਗ੍ਰੰਥੀ ਗਿਆਨੀ ਮੇਜਰ ਸਿੰਘ, ਜਸਪਾਲ ਸਿੰਘ ਦਿਓਲ, ਹਰਦੀਪ ਸਿੰਘ ਸੋਨੀ ਕਤਲੌਰ, ਭਾਈ ਨਰਿੰਦਰ ਸਿੰਘ ਸੋਲਖੀਆਂ, ਗੁਰਪੁਰਬ ਸੇਵਾ ਸੁਸਾਇਟੀ ਚਮਕੌਰ ਸਾਹਿਬ ਦੇ ਪ੍ਰਧਾਨ ਮਨੋਹਰ ਸਿੰਘ ਮੱਕੜ, ਅਮਰਜੀਤ ਸਿੰਘ ਢਿੱਲੋਂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ ।

ਨਗਰ ਕੀਰਤਨ ਦੀ ਅਰੰਭਤਾ ਤੋਂ ਪਹਿਲਾ ਗੁ: ਸ੍ਰੀ ਗੜ੍ਹੀ ਸਾਹਿਬ, ਗੁ: ਸ੍ਰੀ ਕਤਲਗੜ੍ਹ ਸਾਹਿਬ, ਗੁ: ਸ੍ਰੀ ਦਮਦਮਾ ਸਾਹਿਬ, ਸ੍ਰੀ ਤਾੜੀ ਸਾਹਿਬ, ਸ੍ਰੀ ਸ਼ਹੀਦੀ ਬੁਰਜ ਭਾਈ ਜੈਤਾ ਜੀ, ਸ੍ਰੀ ਅਮਰਗੜ੍ਹ ਸਾਹਿਬ, ਗੁ: ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ, ਗੁ: ਸ਼ਹੀਦੀ ਅਸਥਾਨ ਪਿਆਰੇ ਸਾਹਿਬ ਸਿੰਘ ਜੀ, ਗੁ: ਸ੍ਰੀ ਅਮਰਗੜ੍ਹ ਸਾਹਿਬ, ਗੁ: ਯਾਦਗਾਰ ਸ਼ਹੀਦਾਂ ਸ੍ਰੀ ਹੇਮਕੁੰਟ ਲੰਗਰ ਅਸਥਾਨ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਦੀਵਾਨ ਸਜਾਏ ਗਏ । ਸਮਾਗਮ ਨੂੰ ਅਮਨ ਪੂਰਵਕ ਨੇਪਰੇ ਚਾੜ੍ਹਨ ‘ਤੇ ਮੇਲਾ ਇੰਚਾਰਜ ਐਸ. ਡੀ. ਐਮ. ਪਰਮਜੀਤ ਸਿੰਘ ਅਤੇ ਡੀ. ਐਸ. ਪੀ. ਗੁਰਦੇਵ ਸਿੰਘ ਨੇ ਸੰਗਤਾਂ ਦਾ ਧੰਨਵਾਦ ਕੀਤਾ ।

ਬਾਬਾ ਅਵਤਾਰ ਸਿੰਘ ਦੀ ਅਗਵਾਈ ਹੇਠ ਸਜਾਇਆ ਮੁਹੱਲਾ ਨਿਹੰਗ ਮੁਖੀ ਜਥੇਦਾਰ ਬਾਬਾ ਅਵਤਾਰ ਸਿੰਘ ਮੁਖੀ ਦਲ ਬਾਬਾ ਬਿਧੀ ਚੰਦ ਸੰਪਰਦਾਅ ਸੁਰਸਿੰਘ ਵਾਲਿਆਂ ਦੀ ਅਗਵਾਈ ਹੇਠ ਨਿਹੰਗ ਸਿੰਘਾਂ ਵਲੋਂ ਗੁ: ਸ੍ਰੀ ਤਾੜੀ ਸਾਹਿਬ ਤੋਂ ਮਹੱਲਾ ਸਜਾਇਆ ਗਿਆ । ਇਹ ਮੁਹੱਲਾ ਗੁ: ਸ੍ਰੀ ਤਾੜੀ ਸਾਹਿਬ ਤੋਂ ਅਰੰਭ ਹੋ ਕੇ ਇੱਥੋਂ ਦੇ ਵੱਖ-ਵੱਖ ਗੁਰਧਾਮਾਂ ਦੀ ਪਰਿਕਰਮਾ ਸਟੇਡੀਅਮ ‘ਚ ਪੁੱਜਾ ਜਿੱਥੇ ਨਿਹੰਗ ਸਿੰਘਾਂ ਵਲੋਂ ਜੰਗਜੂ ਖੇਡਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ । ਇਸ ਮੌਕੇ ਬਾਬਾ ਚਰਨਜੀਤ ਸਿੰਘ, ਜਥੇਦਾਰ ਬਲਬੀਰ ਸਿੰਘ, ਬਾਬਾ ਗੱਫਾ ਜੀ, ਬਾਬਾ ਬਲਕਾਰ ਸਿੰਘ, ਬਾਬਾ ਨਵਜੋਤ ਸਿੰਘ, ਬਾਬਾ ਗੁਰਰਾਜ ਸਿੰਘ ਨਗਾਰੀ ਸਿੰਘ, ਬਾਬਾ ਗੁਰਬਾਜ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਜੰਗਜੂ ਖੇਡਾਂ ਦਾ ਅਨੰਦ ਮਾਣਿਆ ।

ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਮਹੱਲਾ ਸਜਾਇਆ ਇਸੇ ਦੌਰਾਨ 96 ਕਰੋੜੀ ਸ਼ੋ੍ਰਮਣੀ ਅਕਾਲੀ ਪੰਥ ਬੁੱਢਾ ਦਲ ਦੇ ਨਿਹੰਗ ਸਿੰਘਾਂ ਵਲੋਂ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਦੀ ਅਗਵਾਈ ‘ਚ ਇਤਿਹਾਸਕ ਗੁਰਦੁਆਰਾ ਸ੍ਰੀ ਰਣਜੀਤ ਗੜ੍ਹ ਸਾਹਿਬ ਤੋਂ ਮਹੱਲਾ ਸਜਾਇਆ ਗਿਆ, ਜੋ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ, ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਸ੍ਰੀ ਗੜ੍ਹੀ ਸਾਹਿਬ, ਸ੍ਰੀ ਤਾੜੀ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸਥਾਨਕ ਸਟੇਡੀਅਮ ਪੁੱਜਾ ਜਿੱਥੇ ਨਿਹੰਗ ਸਿੰਘਾਂ ਨੇ ਘੋੜ ਸਵਾਰੀ, ਕੀਲਾ ਪੁਟਾਈ ਸਮੇਤ ਖ਼ਾਲਸਾਈ ਜੰਗਜੂ ਖੇਡਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ । ਇਸ ਮੌਕੇ ਬਾਬਾ ਨਾਗਰ ਸਿੰਘ ਹਰੀਆਂ ਵੇਲਾਂ ਵਾਲੇ, ਬਾਬਾ ਕੁਲਵਿੰਦਰ ਸਿੰਘ ਚੌਤਾਂ ਸ੍ਰੀ ਚਮਕੌਰ ਸਾਹਿਬ ਵਾਲੇ, ਬਾਬਾ ਰਘਵੀਰ ਖਿਆਲਾ, ਬਾਬਾ ਮਨਮੋਹਣ ਸਿੰਘ ਬਾਰਨ ਵਾਲੇ, ਬਾਬਾ ਨਿਹਾਲ ਸਿੰਘ ਹਰੀਆਂ ਬੇਲਾ ਵਾਲੇ, ਬਾਬਾ ਮੇਜਰ ਸਿੰਘ, ਬਾਬਾ ਖੜਕ ਸਿੰਘ, ਬਾਬਾ ਰਣਜੋਧ ਸਿੰਘ, ਬਾਬਾ ਇੰਦਰ ਸਿੰਘ ਘੋੜਿਆ ਵਾਲੇ, ਬਾਬਾ ਪਰਗਟ ਸਿੰਘ ਤਰਨਾ ਦਲ, ਬਾਬਾ ਮਾਨ ਸਿੰਘ ਮਜੀਠਾ ਸਮੇਤ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਵੱਡੀ ਗਿਣਤੀ ਵਿਚ ਹਾਜ਼ਰ ਸਨ ।

Leave a Reply

Your email address will not be published.