ਘੱਲੂਘਾਰਾ ਦਿਵਸ ਮੌਕੇ ਜਥੇਦਾਰ ਵੱਲੋਂ ਸਿੱਖ ਕੌਮ ਨੂੰ ਇਕਜੁੱਟ ਹੋਣ ਦਾ ਸੱਦਾ

Home » Blog » ਘੱਲੂਘਾਰਾ ਦਿਵਸ ਮੌਕੇ ਜਥੇਦਾਰ ਵੱਲੋਂ ਸਿੱਖ ਕੌਮ ਨੂੰ ਇਕਜੁੱਟ ਹੋਣ ਦਾ ਸੱਦਾ
ਘੱਲੂਘਾਰਾ ਦਿਵਸ ਮੌਕੇ ਜਥੇਦਾਰ ਵੱਲੋਂ ਸਿੱਖ ਕੌਮ ਨੂੰ ਇਕਜੁੱਟ ਹੋਣ ਦਾ ਸੱਦਾ

ਅੰਮ੍ਰਿਤਸਰ: ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਇਥੇ ਸ੍ਰੀ ਅਕਾਲ ਤਖਤ ਵਿਖੇ ਸਿੱਖ ਕੌਮ ਵੱਲੋਂ ਜੈਕਾਰਿਆਂ ਤੇ ਨਾਅਰਿਆਂ ਨਾਲ ਸ਼ਰਧਾਂਜਲੀ ਦਿੱਤੀ ਗਈ।

ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮੀ ਹਿੱਤਾਂ ਅਤੇ ਸਿੱਖ ਮਸਲਿਆਂ ਦੇ ਹੱਲ ਲਈ ਸਮੁੱਚੀ ਸਿੱਖ ਕੌਮ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਸ਼ਹੀਦੀ ਦਿਵਸ ਮੌਕੇ ਲਾਏ ਨਾਅਰਿਆਂ ਨੂੰ ਨਿਆਸੰਗਤ ਦੱਸਦਿਆਂ ਕਿਹਾ ਕਿ ਸਿੱਖ ਕੌਮ ਇਸ ਘਟਨਾ ਨੂੰ ਕਦੇ ਵੀ ਭੁੱਲ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਸਿੱਖ ਅਜਿਹੇ ਨਾਅਰੇ ਲਾ ਕੇ ਆਪਣੀ ਪੀੜ ਬਾਹਰ ਕੱਢ ਲੈਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਨੂੰ ‘ਸਾਕਾ ਨੀਲਾ ਤਾਰਾਤੇ ‘ਬਲਿਊ ਸਟਾਰ ਅਪਰੇਸ਼ਨ ਦੀ ਥਾਂ ’84 ਦਾ ਘੱਲੂਘਾਰਾ` ਆਖਿਆ ਜਾਵੇ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਹਰਿਮੰਦਰ ਸਾਹਿਬ ਨੂੰ ਆਉਂਦੇ ਸਾਰੇ ਰਸਤਿਆਂ ਦੀ ਘੇਰਾਬੰਦੀ ਕੀਤੀ ਗਈ ਸੀ। ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਵੀ ਸਾਦੇ ਕੱਪੜਿਆਂ ਵਿਚ ਪੁਲਿਸ ਕਰਮਚਾਰੀ ਮੌਜੂਦ ਸਨ। ਇਸ ਤੋਂ ਪਹਿਲਾਂ ਸਵੇਰੇ ਅਕਾਲ ਤਖਤ ਵਿਖੇ ਰੱਖੇ ਗਏ ਅਖੰਡ ਪਾਠ ਦੇ ਭੋਗ ਤੋਂ ਬਾਅਦ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਿਰੋਪੇ ਦੇ ਕੇ ਸਿੱਖ ਕੌਮ ਵਲੋਂ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸ਼ਹੀਦੀ ਯਾਦਗਾਰ ਵਿਖੇ ਰੱਖੇ ਅਖੰਡ ਪਾਠ ਦੇ ਵੀ ਭੋਗ ਪਾਏ ਗਏ। ਇਸ ਮੌਕੇ ਅਕਾਲ ਤਖਤ ਦੀ ਫਸੀਲ ਤੋਂ ਕੌਮ ਦੇ ਨਾਂ ਆਪਣੇ ਸੰਦੇਸ਼ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਅਕਾਲ ਤਖਤ ‘ਤੇ ਕੀਤਾ ਫੌਜੀ ਹਮਲਾ ਠੀਕ ਉਸੇ ਤਰ੍ਹਾਂ ਦਾ ਹਮਲਾ ਸੀ, ਜਿਸ ਤਰ੍ਹਾਂ ਦਾ ਹਮਲਾ 1962 ਵਿਚ ਚੀਨ ਅਤੇ 1965 ਵਿਚ ਪਾਕਿਸਤਾਨ ਨੇ ਭਾਰਤ ‘ਤੇ ਕੀਤਾ ਸੀ। ਇਸ ਹਮਲੇ ਵਿਚ ਫੌਜਾਂ ਨੇ ਉਹੀ ਵਿਵਹਾਰ ਕੀਤਾ, ਜੋ ਜੇਤੂ ਫੌਜਾਂ ਹਾਰੇ ਹੋਏ ਮੁਲਕ ਦੇ ਬਾਸ਼ਿੰਦਿਆਂ ਨਾਲ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਲਈ ਇਹ ਹਮਲਾ ਕੌਮ ਦੇ ਪਿੰਡੇ ‘ਤੇ ਇਕ ਅਜਿਹਾ ਨਾਸੂਰ ਹੈ, ਜੋ ਸਾਰਾ ਸਾਲ ਰਿਸਦਾ ਤੇ ਪੀੜ ਕਰਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਆਪਣੇ ਮਤਭੇਦ ਭੁਲਾ ਕੇ ਅਕਾਲ ਤਖਤ ਦੀ ਸਰਪ੍ਰਸਤੀ ਹੇਠ ਸਿਰ ਜੋੜ ਕੇ ਬੈਠੇ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ਕੌਮ ਦੀ ਤਾਕਤ ਦਾ ਸਰੋਤ ਹਨ ਤੇ ਰਾਜਸੀ ਮਤਭੇਦਾਂ ਦੇ ਚਲਦਿਆਂ ਆਪਣੀ ਇਸ ਤਾਕਤ ਨੂੰ ਕਦੇ ਕਮਜ਼ੋਰ ਨਾ ਕੀਤਾ ਜਾਵੇ।

ਇਸ ਦਿਨ ਨੂੰ ਅੰਮ੍ਰਿਤਸਰ ਨਸਲਕੁਸ਼ੀ ਦਿਨ ਐਲਾਨਣ ਦੀ ਮੰਗ ਬਾਰੇ ਉਨ੍ਹਾਂ ਕਿਹਾ ਕਿ ਇਹ ਹਮਲਾ ਸਿਰਫ ਸ੍ਰੀ ਹਰਿਮੰਦਰ ਸਾਹਿਬ ‘ਤੇ ਹੀ ਨਹੀਂ ਸੀ, ਸਗੋਂ 37 ਹੋਰ ਗੁਰੂਧਾਮਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਇਥੇ ਸਿੱਖਾਂ ਨੇ ਭਾਰਤੀ ਫੌਜ ਨੂੰ ਆਪਣੀ ਸਮਰੱਥਾ ਮੁਤਾਬਕ ਜਵਾਬ ਦਿੱਤਾ ਸੀ। ਇਸ ਦਿਨ ਨੂੰ ਸਿੱਖ ਕੌਮ ਘੱਲੂਘਾਰਾ ਪ੍ਰਵਾਨ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਨਸਲਕੁਸ਼ੀ ਇਕ ਤੋਂ 4 ਨਵੰਬਰ 1984 ਤੱਕ ਦਿੱਲੀ ਤੇ ਹੋਰ ਥਾਵਾਂ ‘ਤੇ ਹੋਈ ਸੀ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਨੂੰ ‘ਸਾਕਾ ਨੀਲਾ ਤਾਰਾ‘ ਤੇ ‘ਬਲਿਊ ਸਟਾਰ‘ ਅਪਰੇਸ਼ਨ ਦੀ ਥਾਂ ’84 ਦਾ ਘੱਲੂਘਾਰਾ‘ ਆਖਿਆ ਜਾਵੇ। ਉਧਰ ਪੁਲਿਸ ਨੇ ਇਹਤਿਆਤ ਵਜੋਂ ਕੁਝ ਸਿੱਖ ਨੌਜਵਾਨਾਂ ਨੂੰ ਘਰਾਂ ਵਿਚ ਹੀ ਨਜ਼ਰਬੰਦ ਕਰ ਦਿੱਤਾ। ਸਿੱਖ ਯੂਥ ਪਾਵਰ ਆਫ ਪੰਜਾਬ ਦੇ ਮੁਖੀ ਪਰਮਜੀਤ ਸਿੰਘ ਅਕਾਲੀ ਨੇ ਦੱਸਿਆ ਕਿ ਪੁਲਿਸ ਵੱਲੋਂ ਉਨ੍ਹਾਂ ਸਮੇਤ ਹੋਰ ਕਈ ਸਿੱਖ ਨੌਜਵਾਨਾਂ ਨੂੰ ਰਾਤ ਤੋਂ ਹੀ ਘਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ ਸੀ। ਕਰੋਨਾ ਕਾਰਨ ਚੱਲ ਰਹੀ ਦੋ ਦਿਨ ਦੀ ਤਾਲਾਬੰਦੀ ਕਾਰਨ ਭਾਵੇਂ ਬਾਜ਼ਾਰ ਬੰਦ ਸਨ, ਪਰ ਸ੍ਰੀ ਹਰਿਮੰਦਰ ਸਾਹਿਬ ਵਿਚ ਸੰਗਤ ਵੱਡੀ ਗਿਣਤੀ ਵਿੱਚ ਪੁੱਜੀ ਹੋਈ ਸੀ। ਖਾ

ਲਿਸਤਾਨ ਦੇ ਹੱਕ ਵਿਚ ਨਾਅਰੇਬਾਜ਼ੀ ਹੋਈ ਸ਼ਰਧਾਂਜਲੀ ਸਮਾਗਮ ਵਿਚ ਖਾਲਿਸਤਾਨ ਪੱਖੀ ਨਾਅਰੇ ਲੱਗੇ। ਲਗਭਗ ਇਕ ਘੰਟਾ ਨਾਅਰੇਬਾਜ਼ੀ ਹੁੰਦੀ ਰਹੀ। ਇਸ ਦੌਰਾਨ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਸ਼ਹੀਦੀ ਯਾਦਗਾਰ ਦੇ ਸਾਹਮਣੇ ਖੜ੍ਹੇ ਹੋ ਕੇ ਸਿੱਖ ਕੌਮ ਦੇ ਨਾਂ ਸੰਦੇਸ਼ ਪੜ੍ਹਿਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਵੀ ਹਾਜ਼ਰ ਸੰਗਤ ਨੂੰ ਸੰਬੋਧਨ ਕੀਤਾ। ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ, ਕੰਵਰਪਾਲ ਸਿੰਘ ਤੇ ਹੋਰਨਾਂ ਨੇ ਵੀ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਨਿਹੰਗ ਸਿੰਘ ਬਾਣੇ ਵਿਚ ਕੁਝ ਨੌਜਵਾਨਾਂ ਨੇ ਨੰਗੀਆਂ ਕਿਰਪਾਨਾਂ ਤੇ ਹੋਰ ਹਥਿਆਰ ਵੀ ਚੁੱਕੇ ਹੋਏ ਸਨ। ਕਈ ਨੌਜਵਾਨਾਂ ਨੇ ਸੰਤ ਭਿੰਡਰਾਂਵਾਲਾ ਜਿੰਦਾਬਾਦ ਦੇ ਪੋਸਟਰ ਚੁੱਕੇ ਹੋਏ ਸਨ ਅਤੇ ਕਈਆਂ ਨੇ ਅਜਿਹੀਆਂ ਟੀ-ਸ਼ਰਟਾਂ ਪਾਈਆਂ ਹੋਈਆਂ ਸਨ।

ਖਾਲਿਸਤਾਨ ਪੱਖੀ ਨਾਅਰੇ ਜਾਇਜ਼: ਜਗੀਰ ਕੌਰ ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼ਹੀਦੀ ਸਮਾਗਮ ਦੌਰਾਨ ਅਕਾਲ ਤਖਤ ‘ਤੇ ਲੱਗੇ ਖਾਲਿਸਤਾਨ ਪੱਖੀ ਨਾਅਰਿਆਂ ਨੂੰ ਜਾਇਜ਼ ਕਰਾਰ ਦਿੱਤਾ। ਉਨ੍ਹਾਂ ਖੁਲਾਸਾ ਕੀਤਾ ਕਿ ਜੂਨ 1984 ਘੱਲੂਘਾਰੇ ਸਮੇਂ ਫੌਜ ਵੱਲੋਂ ਚਲਾਈ ਗਈ ਗੋਲੀ ਨਾਲ ਹਰਿਮੰਦਰ ਸਾਹਿਬ ਵਿਖੇ ਪਹਿਲੀ ਮੰਜ਼ਿਲ ‘ਤੇ ਹਰ ਕੀ ਪੌੜੀ ਵਾਲੀ ਥਾਂ ‘ਤੇ ਵੱਡ ਅਕਾਰੀ ਹੱਥ ਲਿਖਤ ਪਾਵਨ ਸਰੂਪ ਵੀ ਗੋਲੀ ਲੱਗਣ ਨਾਲ ਜਖਮੀ ਹੋਇਆ ਸੀ। ਇਸ ਦੀ ਤਾਬਿਆ ਬੈਠਾ ਗ੍ਰੰਥੀ ਸਿੰਘ ਵੀ ਜਖਮੀ ਹੋ ਗਿਆ ਸੀ। ਉਨ੍ਹਾਂ ਇਸ ਜਖਮੀ ਸਰੂਪ ਨੂੰ ਦੇਖਣ ਮਗਰੋਂ ਦੱਸਿਆ ਕਿ ਉਸ ਵੇਲੇ ਹੋਏ ਨੁਕਸਾਨ ਸਬੰਧੀ ਜਾਰੀ ਕੀਤੇ ਵ੍ਹਾਈਟ ਪੇਪਰ ਦਾ ਅਧਿਐਨ ਕਰ ਰਹੇ ਹਨ ਅਤੇ ਜਲਦੀ ਹੀ ਇਸ ਵਾਈਟ ਪੇਪਰ ਨੂੰ ਮੁੜ ਪ੍ਰਕਾਸ਼ਤ ਕੀਤਾ ਜਾਵੇਗਾ।

Leave a Reply

Your email address will not be published.