ਗੈਂਗਸਟਰ ਦੇ ਪਿਤਾ ਨੇ ਥਾਣੇ ਦੇ ਸਾਹਮਣੇ ਖ਼ੁਦ ਨੂੰ ਲਾਈ ਅੱਗ

ਲੁਧਿਆਣਾ : ਗੈਂਗਸਟਰ ਅਮਨ ਟੈਟੂ ਦੇ ਪਿਤਾ ਨੇ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਹੀ ਖੁਦ ‘ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਲਈ।

ਥਾਣੇ ਦੇ ਸਾਹਮਣੇ ਵਾਪਰੀ ਇਸ ਘਟਨਾ ਤੋਂ ਬਾਅਦ ਪੁਲਿਸ ਨੂੰ ਭਾਜੜਾਂ ਪੈ ਗਈਆਂ। ਇਸ ਤੋਂ ਪਹਿਲਾਂ ਕਿ ਪੁਲਿਸ ਮੁਲਾਜ਼ਮ ਉਸ ਨੂੰ ਬਚਾਉਂਦੇ ਅਤੇ ਅੱਗ ਬੁਝਾਉਂਦੇ ਉਹ 30 ਫੀਸਦੀ ਸੜ ਚੁੱਕਾ ਸੀ । ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਦਯਾਨੰਦ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ।

ਕੁਝ ਦਿਨਾਂ ਤੋਂ ਗੈਂਗਸਟਰ ਦਾ ਪਿਤਾ ਗੁਰਦੀਪ ਸਿੰਘ ਆਪਣੇ ਪੁੱਤਰ ‘ਤੇ ਗੋਲੀ ਚਲਾਉਣ ਵਾਲੇ ਸ਼ੋਅਰੂਮ ਮਾਲਕ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਥਾਣੇ ਦੇ ਗੇੜੇ ਮਾਰ ਰਿਹਾ ਸੀ। ਉਸ ਨੇ ਇਸ ਸਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਕੀਤੀ ਸੀ।

ਉਹ ਦੁਪਹਿਰ ਦੇ ਕਰੀਬ ਥਾਣੇ ਪਹੁੰਚਿਆ । ਇਸ ਤੋਂ ਪਹਿਲਾਂ ਕਿ ਪੁਲਿਸ ਮੁਲਾਜ਼ਮ ਉਸ ਨੂੰ ਰੋਕਦੇ ਗੁਰਦੀਪ ਸਿੰਘ ਨੇ ਹੱਥ ਵਿਚ ਫੜੀ ਤੇਲੇ ਦੀ ਛੋਟੀ ਕੈਨੀ ਆਪਣੇ ਉੱਪਰ ਡੋਲ ਲਈ ਅਤੇ ਖੁੱਦ ਨੂੰ ਅੱਗ ਲਗਾ ਲਈ। ਪੁਲਿਸ ਮੁਲਾਜ਼ਮਾਂ ਨੇ ਅੱਗ ’ਤੇ ਕਾਬੂ ਪਾ ਕੇ ਉਸ ਨੂੰ ਹਸਪਤਾਲ ਪਹੁੰਚਾਇਆ।

ਖ਼ੁਦ ਨੂੰ ਅੱਗ ਲਾਉਣ ਤੋਂ ਪਹਿਲਾਂ ਗੁਰਦੀਪ ਸਿੰਘ ਨੇ ਪ੍ਰਦਰਸ਼ਨ ਕਰਦਿਆਂ ਆਖਿਆ ਕਿ ਪੁਲਿਸ ਸ਼ੋਅਰੂਮ ਮਾਲਕ ਖ਼ਿਲਾਫ਼ ਕਾਰਵਾਈ ਕਰਨ ਤੋਂ ਝਿਜਕ ਰਹੀ ਹੈ। ਉਹ ਪਿਛਲੇ ਕਈ ਦਿਨਾਂ ਤੋਂ ਥਾਣੇ ਦੇ ਗੇੜੇ ਮਾਰ ਰਿਹਾ ਹੈ। ਉਸ ਨੇ ਦੋਸ਼ ਲਾਇਆ ਕਿ ਸ਼ਨਿੱਚਰਵਾਰ ਨੂੰ ਥਾਣੇ ਵਿੱਚ ਤਾਇਨਾਤ ਇੱਕ ਸਹਾਇਕ ਸਬ-ਇੰਸਪੈਕਟਰ (ਏਐਸਆਈ) ਨੇ ਉਸ ਨੂੰ ਥੱਪੜ ਮਾਰਿਆ ਸੀ।

ਦਰਅਸਲ 1 ਜੁਲਾਈ, 2021 ਨੂੰ ਗਿਆਸਪੁਰਾ ਵਿੱਚ ਇੱਕ ਦੁਕਾਨਦਾਰ ਤੋਂ ਪੈਸੇ ਵਸੂਲਣ ਦੀ ਕੋਸ਼ਿਸ਼ ਵਿੱਚ ਅਮਨ ਟੈਟੂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਘਟਨਾ ਤੋਂ ਬਾਅਦ ਉਹ ਲੁਧਿਆਣਾ ਛੱਡ ਕੇ ਬਰਨਾਲਾ ਵਾਲੇ ਪਾਸੇ ਚਲਾ ਗਿਆ ਸੀ। 9 ਜੁਲਾਈ, 2021 ਨੂੰ ਪੁਲਿਸ ਨੇ ਉਸਨੂੰ ਉਸਦੇ ਦੋ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਅਤੇ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ।

ਗੁਰਦੀਪ ਸਿੰਘ ਨੇ ਇਹ ਵੀ ਦੋਸ਼ ਲਾਇਆ ਹੈ ਕਿ ਪੁਲਿਸ ਕੋਲ ਸਵੈ-ਰੱਖਿਆ ਵਿੱਚ ਉਸ ਦੇ ਲੜਕੇ ’ਤੇ ਗੋਲੀ ਚਲਾਉਣ ਵਾਲੇ ਦੁਕਾਨਦਾਰ ਰਣਜੋਧ ਸਿੰਘ ਕੋਲ ਅਸਲਾ ਲਾਇਸੈਂਸ ਨਹੀਂ ਹੈ। ਹੋ ਸਕਦਾ ਹੈ ਕਿ ਉਸ ਕੋਲ ਗੈਰ-ਕਾਨੂੰਨੀ ਹਥਿਆਰ ਹੋਵੇ। ਉਸ ਦੋਸ਼ ਲਾਇਆ ਕਿ ਪੁਲਿਸ ਨੇ ਦੁਕਾਨਦਾਰ ਖ਼ਿਲਾਫ਼ ਕਾਰਵਾਈ ਨਹੀਂ ਕੀਤੀ। ਦੂਜੇ ਪਾਸੇ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਦੁਕਾਨਦਾਰ ਵੱਲੋਂ ਵਰਤਿਆ ਗਿਆ ਹਥਿਆਰ ਗੈਂਗਸਟਰ ਕੋਲੋਂ ਖੋਹ ਲਿਆ ਗਿਆ ਸੀ, ਜਦਕਿ ਉਸ ਕੋਲ ਕੋਈ ਵੀ ਨਾਜਾਇਜ਼ ਹਥਿਆਰ ਨਹੀਂ ਸੀ।

Leave a Reply

Your email address will not be published. Required fields are marked *