ਗੇਲ ਦੇ ਡਾਇਰੈਕਟਰ ਸਮੇਤ 5 ਨੂੰ ਸੀਬੀਆਈ ਨੇ ਕੀਤਾ ਕਾਬੂ

ਸੀਬੀਆਈ ਨੇ ਗੈਸ ਅਥਾਰਿਟੀ ਆਫ ਇੰਡੀਆ ਲਿਮਟਿਡ (ਗੇਲ) ਦੇ ਡਾਇਰੈਕਟਰ (ਮਾਰਕੀਟਿੰਗ) ਈਐੱਸ ਰੰਗਨਾਥਨ ਨੂੰ ਗਿ੍ਰਫ਼ਤਾਰ ਕੀਤਾ ਹੈ।

ਮਹਾਰਤਨ ਪੀਐੱਸਯੂ ਦੇ ਪੈਟਰੋ ਕੈਮੀਕਲ ਉਤਪਾਦ ਖ਼ਰੀਦਣ ਵਾਲੀ ਨਿੱਜੀ ਕੰਪਨੀਆਂ ਨੂੰ ਛੂਟ ਦੇਣ ਦੇ ਬਦਲੇ ਕਥਿਤ ਤੌਰ ’ਤੇ 50 ਲੱਖ ਰੁਪਏ ਤੋਂ ਜ਼ਿਆਦਾ ਦੀ ਰਿਸ਼ਵਤ ਲੈਣ ਦੇ ਮਾਮਲੇ ਵਿਚ ਇਹ ਕਾਰਵਾਈ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਨੇ ਗੇਲ ਡਾਇਰੈਕਟਰ ਈਐੱਸ ਰੰਗਨਾਥਨ, ਵਿਚੋਲਿਆਂ ਅਤੇ ਵਪਾਰੀਆਂ ਦੀ ਸ਼ਮੂਲੀਅਤ ਵਾਲੇ ਕਥਿਤ ਘੁਟਾਲੇ ਦਾ ਪਤਾ ਲਾਇਆ ਅਤੇ ਪੰਜ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ। ਕੇਂਦਰੀ ਏਜੰਸੀ ਨੇ ਰੰਗਨਾਥਨ ਦੇ ਦਫ਼ਤਰ ਅਤੇ ਰਿਹਾਇਸ਼ ਸਮੇਤ ਅੱਠ ਸਥਾਨਾਂ ’ਤੇ ਛਾਪੇ ਮਾਰੇ ਸਨ। ਸੀਬੀਆਈ ਦੇ ਬੁਲਾਰੇ ਆਰਸੀ ਜੋਸ਼ੀ ਨੇ ਕਿਹਾ, ਰੰਗਨਾਥਨ ਦੇ ਕੰਪਲੈਕਸਾਂ ਤੋਂ ਛਾਪੇਮਾਰੀ ਦੌਰਾਨ ਕਰੀਬ 1.29 ਕਰੋੜ ਰੁਪਏ ਨਕਦ ਅਤੇ ਲਗਪਗ 1.25 ਕਰੋੜ ਰੁਪਏ ਦੇ ਸੋਨੀ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਬਰਾਮਦ ਕੀਤਾ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਇਹ ਦੋਸ਼ ਹੈ ਕਿ ਰੰਗਨਾਥਨ ਮਹਾਰਤਨ ਪੀਐੱਸਯੂ ਵੱਲੋਂ ਮਾਰਕੀਟਿੰਗ ਕੀਤੇ ਜਾਣ ਵਾਲੇ ਪੈਟਰੋ ਰਸਾਇਣ ਉਤਪਾਦਾਂ ਨੂੰ ਖ਼ਰੀਦਣ ਵਾਲੀਆਂ ਨਿੱਜੀ ਕੰਪਨੀਆਂ ਨੂੰ ਦਿੱਤੀ ਜਾਣ ਵਾਲੀ ਛੂਟ ਦੇ ਸੰਭਾਵਤ ਲਾਭਪਾਤਰੀਆਂ ਤੋਂ ਰਿਸ਼ਵਤ ਲੈ ਰਹੇ ਸਨ। ਇਹ ਦੋਸ਼ ਲਾਇਆ ਗਿਆ ਹੈ ਕਿ ਰੰਗਨਾਥਨ ਵਿਚੋਲੀਏ ਪਵਨ ਗੌਰ ਅਤੇ ਦਿੱਲੀ ਦੇ ਬਹਾਦੁਰਗੜ੍ਹ ਰੋਡ ਸਥਿਤ ਰਿਸ਼ਭ ਪਾਲੀਕੇਮ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਰਾਜੇਸ਼ ਕੁਮਾਰ ਨਾਲ ਭ੍ਰਿਸ਼ਟ ਅਤੇ ਗ਼ੈਰ-ਕਾਨੂੰਨੀ ਸਰਗਰਮੀਆਂ ਵਿਚ ਸ਼ਾਮਲ ਸਨ। ਐੱਫਆਈਆਰ ’ਚ ਦੋਸ਼ ਲਾਇਆ ਗਿਆ ਹੈ ਕਿ ਕੁਮਾਰ ਅਤੇ ਗੌਰ ਨੇ ਗੇਲ ਵੱਲੋਂ ਮਾਰਕੀਟਿੰਗ ਕੀਤੇ ਜਾਣ ਵਾਲੇ ਪੈਟਰੋ ਰਸਾਇਣ ਉਤਪਾਦਾਂ ਦੀ ਖ਼ਰੀਦ ਕਰ ਰਹੀਆਂ ਨਿੱਜੀ ਕੰਪਨੀਆਂ ਤੋਂ ਰਿਸ਼ਵਤ ਲੈਣ ਵਿਚ ਰੰਗਨਾਥਨ ਦੇ ਵਿਚੋਲਿਆਂ ਦੇ ਤੌਰ ’ਤੇ ਕੰਮ ਕੀਤਾ।

ਸੀਬੀਆਈ ਨੇ ਦੋਸ਼ ਲਾਇਆ ਹੈ ਕਿ ਇਸ ਤਰ੍ਹਾਂ ਦੇ ਇਕ ਰਿਸ਼ਵਤ ਦੇ ਆਦਾਨ-ਪ੍ਰਦਾਨ ਦੀ ਸੂਚਨਾ ਦੇ ਆਧਾਰ ’ਤੇ ਉਸ ਦੀ ਟੀਮ ਨੇ ਜਾਲ ਵਿਛਾਇਆ। ਇਸ ਵਿਚ ਦੋ ਵਿਚੋਲਿਆਂ ਗੌਰ ਅਤੇ ਕੁਮਾਰ ਨੂੰ ਰੰਗਨਾਥਨ ਦੇ ਨਾਂ ’ਤੇ ਲਈ ਗਈ ਲਗਪਗ 10 ਲੱਖ ਰੁਪਏ ਦੀ ਰਿਸ਼ਵਤ ਨਾਲ ਫੜਿਆ ਗਿਆ। ਰੰਗਨਾਥਨ ਅਤੇ ਹੋਰਨਾਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਤੋਂ ਬਾਅਦ ਸੀਬੀਆਈ ਨੇ ਦਿੱਲੀ ਵਿਚ ਭੀਕਾਜੀ ਕਾਮਾ ਪਲੇਸ ਸਥਿਤ ਦਫ਼ਤਰ ਅਤੇ ਨੋਇਡਾ ਦੇ ਸੈਕਟਰ-62 ਵਿਚ ਉਨ੍ਹਾਂ ਦੀ ਰਿਹਾਇਸ਼ ਸਮੇਤ ਦਿੱਲੀ-ਐੱਨਸੀਆਰ ਵਿਚ ਕਰੀਬ ਅੱਠ ਸਥਾਨਾਂ ’ਤੇ ਛਾਪੇਮਾਰੀ ਕੀਤੀ।ਏਜੰਸੀ ਨੇ ਰੰਗਨਾਥਨ ਤੋਂ ਇਲਾਵਾ ਵਿਚੋਲੀਏ ਗੌਰ ਅਤੇ ਕੁਮਾਰ, ਐੱਨ ਰਾਮਾਕ੍ਰਿਸ਼ਣਨ ਨਾਇਰ, ਕਾਰੋਬਾਰੀ ਸੌਰਭ ਗੁਪਤਾ ਅਤੇ ਉਨ੍ਹਾਂ ਦੀ ਪੰਚਕੂਲਾ ਸਥਿਤ ਕੰਪਨੀ ਯੂਨਾਈਟਿਡ ਪਾਲੀਮਰ ਇੰਡਸਟਰੀਜ਼, ਆਦਿੱਤਿਆ ਬੰਸਲ ਅਤੇ ਉਨ੍ਹਾਂ ਦੀ ਕੰਪਨੀ ਕਰਨਾਲ ਸਥਿਤ ਬੰਸਲ ਏਜੰਸੀ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਹੈ। ਰਾਮਕ੍ਰਿਸ਼ਨ ਨਾਇਰ ’ਤੇ ਰਿਸ਼ਵਤ ਦੀ ਰਕਮ ਇਕੱਠੀ ਕਰਨ ਦਾ ਦੋਸ਼ ਹੈ।

Leave a Reply

Your email address will not be published. Required fields are marked *