ਗੂਗਲ ਪਲੇ ਸਟੋਰ ‘ਤੇ ਟੈਲੀਗ੍ਰਾਮ ਐਪ ‘ਚ ਖ਼ਤਰਨਾਕ ਵਾਇਰਸ
ਅਮਰੀਕਾ : ਗੂਗਲ ਪਲੇ ਸਟੋਰ ਨੂੰ ਐਂਡ੍ਰਾਇਡ ਸਮਾਰਟਫੋਨ ਯੂਜ਼ਰਸ ਲਈ ਐਪਸ ਡਾਊਨਲੋਡ ਕਰਨ ਲਈ
ਸਭ ਤੋਂ ਸੁਰੱਖਿਅਤ ਪਲੇਟਫਾਰਮ ਮੰਨਿਆ ਜਾਂਦਾ ਹੈ ਪਰ ਕਈ ਵਾਰ ਖਤਰਨਾਕ ਮਾਲਵੇਅਰ ਵਾਲੇ ਐਪਸ
ਇਸ ਤੱਕ ਪਹੁੰਚ ਜਾਂਦੇ ਹਨ। ਸਾਈਬਰ ਸੁਰੱਖਿਆ ਖੋਜਕਰਤਾਵਾਂ ਨੇ ਹੁਣ ਗੂਗਲ ਪਲੇ ਸਟੋਰ ‘ਤੇ
ਉਪਲਬਧ ਟੈਲੀਗ੍ਰਾਮ ਅਤੇ ਸਿਗਨਲ ਐਪਸ ਦੇ ਕੁਝ ਸੰਸਕਰਣ ਲੱਭੇ ਹਨ ਜੋ ਸਪਾਈਵੇਅਰ ਤੋਂ
ਇਨਫੈਕਟਿਡ ਹਨ। ਮਤਲਬ ਕਿ ਇਨ੍ਹਾਂ ਐਪਸ ਰਾਹੀਂ ਐਂਡਰਾਇਡ ਡਿਵਾਈਸਾਂ ਦੀ ਜਾਸੂਸੀ ਕੀਤੀ ਜਾ
ਸਕਦੀ ਹੈ। ਸਾਈਬਰ ਸੁਰੱਖਿਆ ਕੰਪਨੀ ਕੈਸਪਰਸਕੀ ਨੇ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਮਸ਼ਹੂਰ
ਮੈਸੇਜਿੰਗ ਐਪਸ ਦੇ ਨਾਂ ਦਾ ਫਾਇਦਾ ਚੁੱਕ ਕੇ ਇਹ ਫਰਜ਼ੀ ਐਪਸ ਲੱਖਾਂ ਯੂਜ਼ਰਸ ਤੱਕ ਫੈਲਾਏ ਜਾ
ਰਹੇ ਸਨ। ਇਨ੍ਹਾਂ ਵਿੱਚ ਸਪਾਈਵੇਅਰ ਕਾਰਨ ਖ਼ਤਰਨਾਕ ਫੀਚਰਸ ਦਿੱਤੇ ਗਏ ਹਨ ਅਤੇ ਇਹ ਅਟੈਕਰ ਦੇ
ਕੰਟਰੋਲ ਵਾਲੇ ਸਰਵਰਾਂ ਨੂੰ ਯੂਜ਼ਰਸ ਦੀ ਨਿੱਜੀ ਜਾਣਕਾਰੀ ਭੇਜ ਰਹੇ ਸਨ। ਇਸ ਜਾਣਕਾਰੀ ਵਿੱਚ
ਨਾਂ, ਯੂਜ਼ਰ ਆਈਡੀ, ਸੰਪਰਕ ਅਤੇ ਫ਼ੋਨ ਨੰਬਰ ਤੋਂ ਲੈ ਕੇ ਨਿੱਜੀ ਚੈਟ ਮੈਸੇਜਿਸ ਤੱਕ ਸਭ ਕੁਝ
ਸ਼ਾਮਲ ਹੈ। ਖੋਜੀਆਂ ਨੇ ਇਸ ਗਤੀਵਿਧੀ ਨੂੰ ‘ਈਵਿਲ ਟੈਲੀਗ੍ਰਾਮ’ ਦਾ ਨਾਮ ਦਿੱਤਾ ਹੈ ਅਤੇ
ਦੱਸਿਆ ਹੈ ਕਿ ਮਸ਼ਹੂਰ ਮੈਸੇਜਿੰਗ ਐਪ ਦੀ ਪਛਾਣ ਦੀ ਵਰਤੋਂ ਕਰਦੇ ਹੋਏ ਗੂਗਲ ਪਲੇ ਸਟੋਰ ‘ਤੇ
ਖਤਰਨਾਕ ਸਪਾਈਵੇਅਰ ਐਪਸ ਨੂੰ ਕਿਵੇਂ ਸੂਚੀਬੱਧ ਕੀਤਾ ਗਿਆ ਸੀ। ਟੈਲੀਗ੍ਰਾਮ ਦੇ ਸਿੰਪਲੀਫਾਈਡ
ਤੇ ਟ੍ਰੇਡੀਸ਼ਨਲ ਚਾਇਨੀਜ਼ ਵਰਜ਼ਨ ਯੂ-ਯਗਹੁਰ ਦੀ ਸ਼ਕਲ ਵਿੱਚ ਇਨਫੈਕਟਿਡ ਐਪਸ ਨੂੰ ਗੂਗਲ ਪਲੇ
ਸਟੋਰ ਦਾ ਹਿੱਸਾ ਬਣਾਇਆ ਗਿਆ। ਇਨ੍ਹਾ ਦੇ ਨਾਲ ਅਧਿਕਾਰਤ ਟੈਲੀਗ੍ਰਾਮ ਪੇਜ ਨਾਲ
ਮਿਲਦੀਆਂ-ਜੁਲਦੀਆਂ ਤਸਵੀਰਾਂ ਵੀ ਲਿਸਟਿੰਗ ‘ਚ ਸ਼ਾਮਲ ਕੀਤੀਆਂ ਗਈਆਂ ਹਨ। ਰਿਪੋਰਟ ਵਿੱਚ
ਕਿਹਾ ਗਿਆ ਹੈ ਕਿ ਟੈਲੀਗ੍ਰਾਮ ਅਤੇ ਸਿਗਨਲ ਵਰਗੀਆਂ ਮੈਸੇਜਿੰਗ ਐਪਸ ਨਾਲ ਪਛਾਣਾਂ ਨੂੰ ਜੋੜ
ਕੇ, ਅਟੈਕਰ ਵਧੇਰੇ ਯੂਜ਼ਰਸ ਨੂੰ ਆਕਰਸ਼ਿਤ ਕਰਨ ਵਿੱਚ ਕਾਮਯਾਬ ਰਹੇ। ਇਨਫੈਕਟਿਡ ਐਪਸ ਦੇ
ਵੇਰਵੇ ਵਿੱਚ ਇਹ ਕਿਹਾ ਗਿਆ ਸੀ ਕਿ ਉਹ ਅਧਿਕਾਰਤ ਐਪਸ ਤੋਂ ਬਿਹਤਰ ਵਿਸ਼ੇਸ਼ਤਾਵਾਂ ਪ੍ਰਦਾਨ
ਕਰਦੇ ਹਨ। ਡਿਵੈਲਪਰ ਨੇ ਦਾਅਵਾ ਕੀਤਾ ਸੀ ਕਿ ਦੂਜੇ ਗਾਹਕਾਂ ਨਾਲੋਂ ਉਨ੍ਹਾਂ ਦੀ ਉੱਤਮਤਾ ਦਾ
ਕਾਰਨ ਦੁਨੀਆ ਭਰ ਵਿੱਚ ਫੈਲੇ ਡਾਟਾ ਸੈਂਟਰਾਂ ਦਾ ਉਨ੍ਹਾਂ ਦਾ ਨੈਟਵਰਕ ਹੈ। ਜੇ ਸਰਲ ਭਾਸ਼ਾ
ਵਿੱਚ ਸਮਝਿਆ ਜਾਵੇ ਤਾਂ ਇਹ ਐਪਸ ਟੈਲੀਗ੍ਰਾਮ ਕਲੋਨ ਦੇ ਰੂਪ ਵਿੱਚ ਡਿਵਾਈਸਾਂ ਤੱਕ ਪਹੁੰਚ ਗਏ
ਹਨ। ਜਿਵੇਂ ਹੀ ਗੂਗਲ ਨੂੰ ਇਨ੍ਹਾਂ ਐਪਸ ਅਤੇ ਸਪਾਈਵੇਅਰ ਬਾਰੇ ਪਤਾ ਲੱਗਾ ਤਾਂ ਇਨ੍ਹਾਂ ਐਪਸ
ਨੂੰ ਗੂਗਲ ਪਲੇ ਸਟੋਰ ਤੋਂ ਹਟਾ ਦਿੱਤਾ ਗਿਆ। ਹਾਲਾਂਕਿ, ਹਟਾਉਣ ਤੋਂ ਪਹਿਲਾਂ ਇਨ੍ਹਾਂ ਐਪਸ
ਨੂੰ ਲੱਖਾਂ ਯੂਜ਼ਰਸ ਵੱਲੋਂ ਡਾਊਨਲੋਡ ਕੀਤਾ ਗਿਆ ਸੀ। ਇਹ ਬਹੁਤ ਅਹਿਮ ਹੈ ਕਿ ਤੁਸੀਂ
ਪ੍ਰਸਿੱਧ ਐਪਸ ਦੇ ਕਲੋਨ ਜਾਂ ਸੋਧੇ ਹੋਏ ਸੰਸਕਰਣਾਂ ਦੀ ਵਰਤੋਂ ਨਾ ਕਰੋ ਅਤੇ ਉਹਨਾਂ ਨੂੰ
ਆਪਣੇ ਫੋਨ ਤੋਂ ਡਿਲੀਟ ਕਰ ਦਿਓ। ਇਸ ਤੋਂ ਇਲਾਵਾ ਜੇ ਤੁਹਾਨੂੰ ਪਲੇ ਸਟੋਰ ‘ਤੇ ਕੋਈ ਐਪ
ਸ਼ੱਕੀ ਲੱਗਦਾ ਹੈ, ਤਾਂ ਤੁਸੀਂ ਉਸ ਦੀ ਰਿਪੋਰਟ ਵੀ ਕਰ ਸਕਦੇ ਹੋ।