ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਵੈਰਾਗੀ ਨੂੰ ਅੰਮ੍ਰਿਤ ਦੀ ਦਾਤ ਨਾਲ ਬਾਬਾ ਬੰਦਾ ਸਿੰਘ ਬਹਾਦਰ ਬਣਾ ਦਿੱਤਾ। ਗੁਰੂ ਜੀ ਨੇ ਬਾਬਾ ਜੀ ਨੂੰ ਜ਼ੁਲਮ ਦਾ ਨਾਸ਼ ਕਰਨ, ਜ਼ਾਲਮਾਂ ਨੂੰ ਸੋਧਣ ਅਤੇ ਖ਼ਾਲਸਾ ਰਾਜ ਦੀ ਸਥਾਪਨਾ ਲਈ ਪੰਜਾਬ ਵੱਲ ਤੋਰਿਆ। ਜਦੋਂ ਉਹ ਨਾਂਦੇੜ ਤੋਂ ਚੱਲੇ ਸਨ ਤਾਂ ਉਨ੍ਹਾਂ ਨਾਲ ਗੁਰੂ ਜੀ ਵੱਲੋਂ ਥਾਪੇ ਪੰਜ ਸਲਾਹਕਾਰ, ਗੁਰੂ ਜੀ ਵੱਲੋਂ ਬਖ਼ਸ਼ਿਸ਼ ਪੰਜ ਤੀਰ, ਨਿਸ਼ਾਨ ਸਾਹਿਬ ਤੇ ਨਗਾਰਾ ਸੀ। ਜਦੋਂ ਉਹ ਪੰਜਾਬ ਵਿਚ ਦਾਖ਼ਲ ਹੋਏ ਤਾਂ ਉਨ੍ਹਾਂ ਨਾਲ 40 ਹਜ਼ਾਰ ਲੋਕ ਸਨ ਜਿਹੜੇ ਆਪਣੀਆਂ ਜਾਨਾਂ ਤਲੀ ’ਤੇ ਰੱਖ ਕੇ ਜ਼ੁਲਮ ਦਾ ਨਾਸ਼ ਕਰਨ ਆਏ ਸਨ। ਬਾਬਾ ਜੀ ਕੋਲ ਕੋਈ ਸਿਖਲਾਈ ਪ੍ਰਾਪਤ ਫ਼ੌਜ ਨਹੀਂ ਸੀ, ਗੋਲਾ-ਬਾਰੂਦ ਵੀ ਨਹੀਂ ਸੀ ਤੇ ਵਧੀਆ ਹਥਿਆਰ ਵੀ ਨਹੀਂ ਸਨ ਪਰ ਉਨ੍ਹਾਂ ਕੋਲ ਸੱਚ ਦੀ ਤਾਕਤ ਤੇ ਗੁਰੂ ਜੀ ਤੋਂ ਪ੍ਰਾਪਤ ਅੰਮ੍ਰਿਤ ਦੀ ਦਾਤ ਸੀ। ਬਾਬਾ ਜੀ ਦੀ ਅਗਵਾਈ ਵਿਚ ਲੋਕਾਂ ਨੇ ਚੱਪੜਚਿੜੀ ਦੇ ਮੈਦਾਨ ਵਿਚ ਸਰਹੰਦ ਦੇ ਸੂਬੇ ਵਜ਼ੀਰ ਖ਼ਾਨ ਨੂੰ ਹਰਾਇਆ ਤੇ ਪੰਜਾਬ ਨੂੰ ਆਜ਼ਾਦ ਕਰਵਾ ਕੇ ਖ਼ਾਲਸਾ ਰਾਜ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਵੱਡੀ ਸਿੱਖ ਫ਼ੌਜ ਦੀ ਅਗਵਾਈ ਕਰਦਿਆਂ ਵਜ਼ੀਰ ਖ਼ਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਦਿਨ 12 ਮਈ 1710 ਨੂੰ ਵਜ਼ੀਰ ਖ਼ਾਨ ਮਾਰਿਆ ਗਿਆ, ਸਿੱਖ ਇਤਿਹਾਸ ਅੰਦਰ ਇਹ ਦਿਨ ‘ਸਰਹੰਦ ਫ਼ਤਹਿ ਦਿਵਸ’ ਵਜੋਂ ਜਾਣਿਆ ਜਾਂਦਾ ਹੈ। ਜ਼ੁਲਮ ਦਾ ਅੰਤ ਹੋਇਆ ਤੇ ਜ਼ਾਲਮਾਂ ਨੂੰ ਸੋਧਿਆ ਗਿਆ। ਕਿਸਾਨਾਂ ਨੂੰ ਜ਼ਮੀਨਾਂ ਦੀ ਮਾਲਕੀ ਮਿਲੀ ਤੇ ਉਹ ਸੇਵਾਦਾਰਾਂ ਦੀ ਥਾਂ ਸਰਦਾਰ ਬਣ ਗਏ। ਬਾਬਾ ਜੀ ਨੇ ਨਿਮਾਣਿਆਂ ਨੂੰ ਮਾਣ ਤੇ ਨਿਓਟਿਆਂ ਨੂੰ ਓਟ ਦੀ ਬਖ਼ਸ਼ਿਸ਼ ਕੀਤੀ। ਅਖ਼ੀਰ ਬਾਬਾ ਜੀ ਤੇ ਉਨ੍ਹਾਂ ਦੇ ਸਾਥੀ ਗੁਰਦਾਸ ਨੰਗਲ ਦੀ ਗੜ੍ਹੀ ਵਿਚ ਕੋਈ ਅੱਠ ਮਹੀਨਿਆਂ ਦੇ ਘੇਰੇ ਪਿੱਛੋਂ ਫੜੇ ਗਏ। ਫੜੇ ਗਏ ਉਨ੍ਹਾਂ ਦੇ 800 ਸਾਥੀਆਂ ’ਚ ਉਨ੍ਹਾਂ ਦਾ ਚਾਰ ਸਾਲ ਦਾ ਪੁੱਤਰ ਤੇ ਧਰਮ ਪਤਨੀ ਵੀ ਸ਼ਾਮਲ ਸਨ। ਇਨ੍ਹਾਂ ਸਾਰਿਆਂ ਨੂੰ ਜਲੂਸ ਦੀ ਸ਼ਕਲ ਵਿਚ ਲਾਹੌਰ ਤੋਂ ਦਿੱਲੀ ਲਿਆਂਦਾ ਗਿਆ। ਇਸ ਤੋਂ ਇਲਾਵਾ ਸੈਂਕੜੇ ਹੋਰ ਸਿੰਘਾਂ ਨੂੰ ਕਤਲ ਕਰ ਕੇ ਉਨ੍ਹਾਂ ਦੇ ਸਿਰ ਵੀ ਗੱਡਿਆਂ ਵਿਚ ਭਰ ਕੇ ਨਾਲ ਤੋਰੇ ਗਏ। ਦਿੱਲੀ ਦੇ ਬਾਜ਼ਾਰਾਂ ਵਿਚ ਜਲੂਸ ਨੂੰ ਫੇਰਨ ਪਿੱਛੋਂ ਬਾਬਾ ਜੀ ਅਤੇ ਬਾਕੀ ਫ਼ੌਜੀਆਂ ਨੂੰ ਕੈਦ ਕਰ ਲਿਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਬਾਕੀ ਸਿੰਘਾਂ ਦੀ ਸ਼ਹੀਦੀ ਬਾਰੇ ਲਤੀਫ਼ ਲਿਖਦਾ ਹੈ, ‘‘ਇਕ ਸੌ ਸਿੱਖ ਰੋਜ਼ਾਨਾ ਕਤਲ ਕੀਤੇ ਜਾਂਦੇ ਸਨ। ਉਹ ਬੜੀ ਬਹਾਦਰੀ ਨਾਲ ਮੌਤ ਨੂੰ ਜੱਫ਼ੀਆਂ ਪਾਂਦੇ ਸਨ। ਅੱਠਵਾਂ ਦਿਨ ਬੰਦੇ ਬਹਾਦਰ ਦੀ ਕਿਸਮਤ ਦਾ ਫ਼ੈਸਲਾ ਕਰਨ ਲਈ ਮੁਕੱਰਰ ਸੀ। ਉਸ ਨੂੰ ਜੰਗਲੀ ਜਾਨਵਰ ਵਾਂਗ ਧਰੀਕ ਕੇ ਲੋਹੇ ਦੇ ਪਿੰਜਰੇ ਵਿੱਚੋਂ ਬਾਹਰ ਕੱਢਿਆ ਗਿਆ। ਫਿਰ ਉਸ ਨੂੰ ਸ਼ਾਹੀ ਬਸਤਰ ਪੁਆਏ ਗਏ। ਉਸ ਦੇ ਸਾਥੀਆਂ ਦੇ ਕੱਟੇ ਸਿਰਾਂ ਨੂੰ ਨੇਜਿਆਂ ਉੱਪਰ ਟੰਗ ਕੇ ਉਸ ਦੇ ਦੁਆਲੇ ਨੁਮਾਇਸ਼ ਕੀਤੀ ਗਈ। ਜੱਲਾਦ ਨੰਗੀ ਤਲਵਾਰ ਲੈ ਕੇ ਹੁਕਮ ਦੀ ਉਡੀਕ ਵਿਚ ਕੋਲ ਖਲੋਤਾ ਸੀ।’’ਕੈਦੀਆਂ ਵਿਚ ਇਕ ਬੱਚਾ ਵੀ ਸੀ। ਉਸ ਦੀ ਮਾਂ ਨੇ ਬਾਦਸ਼ਾਹ ਕੋਲ ਅਪੀਲ ਕੀਤੀ ਕਿ ਮੇਰਾ ਪੁੱਤਰ ਸਿੱਖ ਨਹੀਂ ਹੈ। ਉਸ ਦਾ ਬੰਦਾ ਬਹਾਦਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਸ ਨੂੰ ਗ਼ਲਤੀ ਨਾਲ ਫੜਿਆ ਗਿਆ ਹੈ। ਬਾਦਸ਼ਾਹ ਨੂੰ ਉਸ ’ਤੇ ਤਰਸ ਆ ਗਿਆ ਤੇ ਉਸ ਨੂੰ ਰਿਹਾਅ ਕਰਨ ਦਾ ਹੁਕਮ ਜਾਰੀ ਕਰ ਦਿੱਤਾ। ਜੱਲਾਦ ਉਸ ਦਾ ਸਿਰ ਕੱਟਣ ਵਾਲਾ ਹੀ ਸੀ ਕਿ ਹੁਕਮ ਉਸ ਨੂੰ ਸੁਣਾ ਦਿੱਤਾ ਗਿਆ। ਜੱਲਾਦ ਨੇ ਉਸ ਨੂੰ ਰਿਹਾਅ ਕਰ ਦਿੱਤਾ। ਇਸ ’ਤੇ ਬੱਚੇ ਨੇ ਪੁੱਛਿਆ ਕਿ ਮੈਨੂੰ ਕਿਉਂ ਛੱਡਿਆ ਜਾ ਰਿਹਾ ਹੈ। ਜਦੋਂ ਉਸ ਨੂੰ ਪਤਾ ਚੱਲਿਆ ਕਿ ਉਸ ਦੀ ਮਾਂ ਨੇ ਇਹ ਆਖ ਕੇ ਉਸ ਨੂੰ ਰਿਹਾਅ ਕਰਵਾਇਆ ਹੈ ਕਿ ਉਹ ਸਿੱਖ ਨਹੀਂ ਹੈ ਤਾਂ ਬੱਚੇ ਨੇ ਬੜੀ ਦ੍ਰਿੜ੍ਹਤਾ ਨਾਲ ਆਖਿਆ, ‘‘ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਤਾਂ ਪੂਰਨ ਗੁਰਸਿੱਖ ਹਾਂ ਅਤੇ ਮੇਰਾ ਆਪਣੇ ਗੁਰੂ ’ਤੇ ਅਤੁੱਟ ਵਿਸ਼ਵਾਸ ਹੈ। ਮੇਰੇ ਨਾਲ ਉਹੀ ਸਲੂਕ ਕੀਤਾ ਜਾਵੇ ਜੋ ਮੇਰੇ ਸਾਥੀਆਂ ਨਾਲ ਕੀਤਾ ਜਾ ਰਿਹਾ ਹੈ।’’ ਖਾਫ਼ੀ ਖ਼ਾਂ ਲਿਖਦਾ ਹੈ, ‘‘ਉਹ ਲੜਕਾ ਤੁਰੰਤ ਕਤਲਗਾਹ ’ਤੇ ਪੁੱਜਾ ਤੇ ਜੱਲਾਦ ਦੀ ਤਲਵਾਰ ਨੇ ਉਸ ਦਾ ਸਿਰ ਧੜ ਤੋਂ ਅੱਡ ਕਰ ਦਿੱਤਾ।’’ ਇਰਵਨ ਲਿਖਦਾ ਹੈ, ‘‘ਸਾਰੇ ਹਿੰਦੁਸਤਾਨੀ ਤੇ ਯੂਰਪੀਅਨ ਇਤਿਹਾਸਕਾਰ ਸਿੱਖਾਂ ਦੇ ਉਸ ਸਬਰ ਤੇ ਦ੍ਰਿੜ੍ਹਤਾ ਜਿਸ ਦੀ ਪ੍ਰਦਰਸ਼ਨੀ ਉਨ੍ਹਾਂ ਨੇ ਮਰਨ ਸਮੇਂ ਕੀਤੀ ਸੀ, ਉਸ ਦੀ ਪ੍ਰਸ਼ੰਸਾ ਕਰਦੇ ਹਨ। ਉਨ੍ਹਾਂ ਨੂੰ ਮੌਤ ਦਾ ਉੱਕਾ ਹੀ ਭੈਅ ਨਹੀਂ ਸੀ। ਉਹ ਜੱਲਾਦ ਨੂੰ ‘ਮੁਕਤ’ ਕਹਿੰਦੇ ਸਨ ਤੇ ਬੜੇ ਚਾਅ ਤੇ ਉਤਸ਼ਾਹ ਨਾਲ ਉਸ ਨੂੰ ਆਖਦੇ ਸਨ, ‘‘ਮੁਕਤ ਸਾਨੂੰ ਪਹਿਲੋਂ ਮੁਕਤ ਕਰ।’’ ਬਾਬਾ ਜੀ ਦੀ ਸ਼ਹੀਦ ਹੋਣ ਦੀ ਵਾਰੀ ਤਿੰਨ ਮਹੀਨਿਆਂ ਪਿੱਛੋਂ ਆਈ। ਉਨ੍ਹਾਂ ਤੇ ਉਨ੍ਹਾਂ ਦੇ 26 ਸਾਥੀਆਂ ਨੂੰ ਦਿੱਲੀ ਦੀਆਂ ਗਲੀਆਂ ਵਿਚ ਜਲੂਸ ਦੇ ਰੂਪ ਵਿਚ ਫੇਰਿਆ ਗਿਆ। ਅਖ਼ੀਰ ਉਨ੍ਹਾਂ ਨੂੰ ਕੁਤਬ ਮੀਨਾਰ ਨੇੜੇ ਸ਼ਹੀਦ ਕਰਨ ਲਈ ਲਿਜਾਇਆ ਗਿਆ। ਬਾਬਾ ਜੀ ਨੂੰ ਮੁੜ ਆਖਿਆ ਗਿਆ ਕਿ ਜੇਕਰ ਉਹ ਇਸਲਾਮ ਕਬੂਲ ਕਰ ਲਵੇ ਤਾਂ ਉਸ ਦੇ ਸਾਰੇ ਗੁਨਾਹ ਮਾਫ਼ ਕਰ ਦਿੱਤੇ ਜਾਣਗੇ। ਪਰ ਬਾਬਾ ਜੀ ਨੇ ਦਿ੍ਰੜ੍ਹਤਾ ਨਾਲ ਉੱਤਰ ਦਿੱਤਾ, ‘‘ਮੈਂ ਧਰਮ ਤਿਆਗ ਕੇ ਜ਼ਲੀਲ ਹੋ ਕੇ ਜਿਊਣ ਨਾਲੋਂ ਮਰਨਾ ਕਬੂਲ ਕਰਾਂਗਾ।’’ ਜਦੋਂ ਬਾਬਾ ਜੀ ਆਪਣੇ ਫ਼ੈਸਲੇ ’ਤੇ ਅਟੱਲ ਰਹੇ ਤਾਂ ਬਾਦਸ਼ਾਹ ਫ਼ਰਖ਼ਸੀਅਰ ਨੇ ਪੁੱਛਿਆ, ‘‘ਹੇ ਕਾਫ਼ਰ ਬੰਦੇ, ਤੈਨੂੰ ਕਿਹੋ ਜਿਹੀ ਮੌਤ ਚਾਹੀਦੀ ਹੈ?’’ ਬਾਬਾ ਜੀ ਨੇ ਬਹੁਤ ਹੀ ਦਿ੍ਰੜ੍ਹਤਾ ਨਾਲ ਉੱਤਰ ਦਿੱਤਾ, ‘‘ਤੂੰ ਵੀ ਬਾਦਸ਼ਾਹ ਤੇ ਮੈਂ ਵੀ ਬਾਦਸ਼ਾਹ, ਮੈਨੂੰ ਉਹੋ ਜਿਹੀ ਮੌਤ ਦੇ ਜਿਹੋ ਜਿਹੀ ਤੂੰ ਆਪਣੇ ਲਈ ਲੋਚਦਾ ਹੈਂ।’’ਬਾਦਸ਼ਾਹ ਬਹੁਤ ਗੁੱਸੇ ਵਿਚ ਆ ਗਿਆ। ਉਸ ਹੁਕਮ ਕੀਤਾ ਕਿ ਪਹਿਲਾਂ ਇਸ ਦੀਆਂ ਅੱਖਾਂ ਕੱਢੀਆਂ ਜਾਣ ਤੇ ਮੁੜ ਇਸ ਦੀ ਬੋਟੀ-ਬੋਟੀ ਨੋਚ ਕੇ ਮਾਰਿਆ ਜਾਵੇ। ਬਾਬਾ ਜੀ ਦੇ ਚਾਰ ਸਾਲ ਦੇ ਬੇਟੇ ਅਜੈ ਸਿੰਘ ਨੂੰ ਉਨ੍ਹਾਂ ਦੀ ਗੋਦ ਵਿਚ ਬਿਠਾ ਕੇ ਬਾਬਾ ਜੀ ਨੂੰ ਆਖਿਆ ਗਿਆ ਕਿ ਇਸ ਨੂੰ ਕਤਲ ਕਰੋ। ਬਾਬਾ ਜੀ ਦਾ ਉੱਤਰ ਸੀ, “ਇਹ ਤਾਂ ਮੇਰਾ ਬੱਚਾ ਹੈ। ਜੇਕਰ ਤੇਰਾ ਬੱਚਾ ਵੀ ਹੁੰਦਾ ਤਾਂ ਵੀ ਮੈਂ ਉਸ ਦੇ ਕਤਲ ਦਾ ਗੁਨਾਹ ਨਹੀਂ ਸੀ ਕਰਨਾ। ਮਾਸੂਮਾਂ ਉੱਤੇ ਜ਼ੁਲਮ ਨਹੀਂ ਕੀਤਾ ਜਾ ਸਕਦਾ।” ਬਾਬਾ ਜੀ ਦੇ ਨਾਂਹ ਕਰਨ ’ਤੇ ਅਜੈ ਸਿੰਘ ਨੂੰ ਕਤਲ ਕਰ ਦਿੱਤਾ ਗਿਆ ਤੇ ਉਸ ਦੇ ਦਿਲ ਨੂੰ ਕੱਢ ਕੇ ਬਾਬਾ ਜੀ ਦੇ ਮੂੰਹ ਵਿਚ ਤੁੰਨਿਆ ਗਿਆ। ਫਿਰ ਸਲਾਖਾਂ ਨੂੰ ਗਰਮ ਕਰ ਕੇ ਉਨ੍ਹਾਂ ਦੀਆਂ ਅੱਖਾਂ ਕੱਢੀਆਂ ਗਈਆਂ।
ਜਮੂਰ ਗਰਮ ਕਰ ਕੇ ਉਨ੍ਹਾਂ ਦੀ ਬੋਟੀ-ਬੋਟੀ ਨੋਚੀ ਗਈ। ਬਾਬਾ ਜੀ ਜਿੰਨੀ ਦੇਰ ਹੋਸ਼ ਵਿਚ ਰਹੇ, ਉਨ੍ਹਾਂ ਦੇ ਚਿਹਰੇ ਉੱਤੇ ਮੁਸਕਰਾਹਟ ਹੀ ਰਹੀ। ਨੌਂ ਜੂਨ 1716 ਦਾ ਦਿਨ ਇਤਿਹਾਸ ਵਿਚ ਮਹਾਨ ਦਿਨ ਬਣ ਗਿਆ। ਜਿੱਥੇ ਹਜ਼ਾਰਾਂ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਪਰ ਆਪਣੇ ਅਕੀਦੇ ਉੱਤੇ ਅਟੱਲ ਰਹੇ। ਬਾਬਾ ਜੀ ਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹਾਦਤ ਨਾਲ ਸਿੱਖਾਂ ਉੱਤੇ ਜ਼ੁਲਮ ਖ਼ਤਮ ਨਾ ਹੋਇਆ। ਸਗੋਂ ਫ਼ਰਖ਼ਸੀਅਰ ਨੇ ਜ਼ਕਰੀਆ ਖ਼ਾਂ ਨੂੰ ਹੁਕਮ ਦਿੱਤਾ ਕਿ ਸਿੱਖਾਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇ। ਉਨ੍ਹਾਂ ਨੂੰ ਪਹਾੜਾਂ ਤੇ ਜੰਗਲਾਂ ਵਿਚ ਜਾ ਕੇ ਸ਼ਰਨ ਲੈਣੀ ਪਈ ਪਰ ਉਹ ਆਪਣੇ ਧਰਮ ਅਤੇ ਟੀਚੇ ਉੱਤੇ ਦ੍ਰਿੜ੍ਹ ਰਹੇ। ਜਦੋਂ ਵੀ ਮੌਕਾ ਮਿਲਦਾ ਉਹ ਸਰਕਾਰੀ ਫ਼ੌਜਾਂ ਉੱਤੇ ਹਮਲਾ ਕਰਦੇ ਰਹੇ। ਬਾਬਾ ਜੀ ਨੇ ਜਿਹੜੀ ਭਵਿੱਖਬਾਣੀ ਫ਼ਰਖ਼ਸੀਅਰ ਲਈ ਕੀਤੀ ਸੀ, ਆਖ਼ਰ ਉਹ ਸੱਚ ਹੋ ਗਈ। ਬਾਦਸ਼ਾਹ ਫ਼ਰਖ਼ਸੀਅਰ ਵਿਰੁੱਧ 28 ਫਰਵਰੀ 1719 ਨੂੰ ਬਗਾਵਤ ਹੋ ਗਈ। ਬਾਦਸ਼ਾਹ ਨੂੰ ਫੜ ਕੇ ਰੱਸਿਆਂ ਨਾਲ ਬੰਨਿ੍ਹਆ ਗਿਆ ਤੇ ਉਸ ਦੀਆਂ ਅੱਖਾਂ ਕੱਢੀਆਂ ਗਈਆਂ। ਉਸ ਨੂੰ ਵੀ ਬੋਟੀ-ਬੋਟੀ ਕਰ ਕੇ ਕਤਲ ਕੀਤਾ ਗਿਆ। ਜਿਨ੍ਹਾਂ ਦੇ ਪੱਲੇ ਸੱਚ ਤੇ ਕੁਰਬਾਨੀ ਹੁੰਦੀ ਹੈ ਉਨ੍ਹਾਂ ਦੇ ਬੋਲ ਕਰਾਮਾਤ ਦਾ ਰੂਪ ਧਾਰ ਲੈਂਦੇ ਹਨ ਤੇ ਭਵਿੱਖਬਾਣੀ ਦਾ ਰੂਪ ਲੈ ਲੈਂਦੇ ਹਨ। ਬਾਬਾ ਜੀ ਨੇ ਕੇਵਲ ਆਪਣੀ ਕੁਰਬਾਨੀ ਹੀ ਨਹੀਂ ਦਿੱਤੀ ਸਗੋਂ ਆਪਣੇ ਮੁਰਸ਼ਦ ਵਾਂਗ ਸਾਰੇ ਪਰਿਵਾਰ ਦੀ ਕੁਰਬਾਨੀ ਦਿੱਤੀ। ਇਤਿਹਾਸ ਵਿਚ ਪਹਿਲਾਂ ਅਜੇਹਾ ਕਦੇ ਨਹੀਂ ਹੋਇਆ ਕਿ ਇਕ ਪਿਤਾ ਆਪਣੇ ਚਾਰ ਸਾਲ ਦੇ ਮਾਸੂਮ ਪੁੱਤਰ ਨੂੰ ਆਪਣੀ ਗੋਦ ਵਿਚ ਬਿਠਾ ਕੇ ਉਸ ਦੀ ਕੁਰਬਾਨੀ ਦੇਵੇ, ਆਪਣੇ ਸਾਹਮਣੇ ਉਸ ਦੀ ਬੋਟੀ-ਬੋਟੀ ਹੁੰਦੀ ਵੇਖੇ ਪਰ ਚਿਹਰੇ ਉੱਤੇ ਇਕ ਤਸੱਲੀ ਦੀ ਆਭਾ ਹੋਵੇ, ਅੱਖਾਂ ਵਿੱਚੋਂ ਹੰਝੂਆਂ ਦੀ ਥਾਂ ਗਰੂਰ ਦੀ ਝਲਕ ਪਵੇ ਤੇ ਪਰਮਾਤਮਾ ਦਾ ਸ਼ੁਕਰ ਕਰੇ। ਅਜਿਹਾ ਕਾਰਨਾਮਾ ਸ਼ਾਇਦ ਮੁੜ ਇਤਿਹਾਸ ਵਿਚ ਕਦੇ ਦੁਹਰਾਇਆ ਵੀ ਨਹੀਂ ਜਾਵੇਗਾ। ਬਾਬਾ ਜੀ ਦੀ ਧਰਮ ਪਤਨੀ ਨੇ ਖੂਹ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕੀਤੀ। ਗੁਰੂ ਜੀ ਦੇ ਥਾਪੇ ਜਰਨੈਲ ਬਾਬਾ ਜੀ ਨੇ ਅੰਮ੍ਰਿਤ ਤੇ ਸੱਚ ਦੀ ਸ਼ਕਤੀ ਨੂੰ ਇੱਥੋਂ ਤਕ ਸਿੱਧ ਕਰ ਦਿੱਤਾ ਕਿ ਇਸ ਨਾਲ ਵੱਡੀ ਤੋਂ ਵੱਡੀ ਜ਼ਾਲਮ ਸਰਕਾਰ ਦਾ ਤਖ਼ਤਾ ਵੀ ਪਲਟਿਆ ਜਾ ਸਕਦਾ ਹੈ। ਇਸੇ ਯਕੀਨ ਨੇ ਸਿੱਖਾਂ ਵਿੱਚੋਂ ਸ਼ਕਤੀ ਨੂੰ ਖ਼ਤਮ ਨਾ ਹੋਣ ਦਿੱਤਾ ਜਦਕਿ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ। ਉਦੋਂ ਪੰਜਾਬ ਵਿਚ ਕੇਵਲ ਗਿਣਤੀ ਦੇ ਹੀ ਸਿੱਖ ਰਹਿ ਗਏ ਸਨ। ਪਰ ਜਿਵੇਂ ਸਾਰੇ ਜੰਗਲ ਲਈ ਇਕ ਹੀ ਸ਼ੇਰ ਕਾਫ਼ੀ ਹੁੰਦਾ ਹੈ ਉਵੇਂ ਹੀ ਮੁੱਠੀ ਭਰ ਸਿੱਖਾਂ ਨੇ ਮੌਕੇ ਦੀ ਹਕੂਮਤ ਨੂੰ ਵਖ਼ਤ ਪਾਈ ਰੱਖਿਆ। ਉਹ ਆਉਂਦੇ, ਹਮਲਾ ਕਰਦੇ ਤੇ ਮੁੜ ਜੰਗਲਾਂ ਵਿਚ ਛੁਪ ਜਾਂਦੇ। ਉਨ੍ਹਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਸਨ। ਆਖ਼ਰ ਉਨ੍ਹਾਂ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠ ਖ਼ਾਲਸਾ ਰਾਜ ਕਾਇਮ ਕਰ ਹੀ ਲਿਆ। ਸਾਰੇ ਸੰਸਾਰ ਵਿਚ ਖ਼ਾਲਸਾ ਰਾਜ ਨੂੰ ਸਭ ਤੋਂ ਉੱਤਮ ਰਾਜ ਮੰਨਿਆ ਗਿਆ ਹੈ।—ਡਾ. ਰਣਜੀਤ ਸਿੰਘ