ਤਰਨ ਤਾਰਨ / ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਦੇਸ਼-ਵਿਦੇਸ਼ ‘ਚ ਵਸਦੀ ਸਿੱਖ ਸੰਗਤ ਨੇ ਸ਼ਰਧਾ ਭਾਵਨਾ ਨਾਲ ਮਨਾਇਆ।
5ਵੇਂ ਪਾਤਸ਼ਾਹ ਵਲੋਂ ਵਸਾਏ ਪਵਿੱਤਰ ਸ਼ਹਿਰ ਤਰਨ ਤਾਰਨ ਸਾਹਿਬ ਵਿਖੇ ਸੁਸ਼ੋਭਿਤ ਇਤਿਹਾਸਕ ਸ੍ਰੀ ਦਰਬਾਰ ਸਾਹਿਬ ਵਿਖੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਵੱਡੀ ਗਿਣਤੀ ‘ਚ ਸੰਗਤ ਨਤਮਸਤਕ ਹੋਈ। ਇਸ ਮੌਕੇ ਕੋਰੋਨਾ ਮਹਾਂਮਾਰੀ ‘ਤੇ ਆਸਥਾ ਭਾਰੀ ਦਿਖਾਈ ਦਿੱਤੀ ਤੇ ਸਵੇਰੇ ਤੜਕਸਾਰ ਤੋਂ ਹੀ ਲੱਖਾਂ ਦੀ ਗਿਣਤੀ ‘ਚ ਸੰਗਤਾਂ ਨੇ ਪਹੁੰਚ ਕੇ ਜਿਥੇ ਪਵਿੱਤਰ ਸਰੋਵਰ ‘ਚ ਇਸ਼ਨਾਨ ਕੀਤਾ, ਉਥੇ ਮੱਥਾ ਟੇਕ ਕੇ ਗੁਰੂ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸ਼ਹੀਦੀ ਦਿਹਾੜੇ ਦੇ ਸਬੰਧ ‘ਚ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਧਰਵਿੰਦਰ ਸਿੰਘ ਮਾਣੋਚਾਲ੍ਹ ਵਲੋਂ ਇਲਾਕੇ ਦੀਆਂ ਸਭਾ ਸੁਸਾਇਟੀਆਂ ਦੇ ਸਹਿਯੋਗ ਨਾਲ ਕਥਾ ਅਸਥਾਨ ਵਿਖੇ ਆਰੰਭ ਕੀਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਚਤਰ ਸਿੰਘ ਦੇ ਹਜ਼ੂਰੀ ਰਾਗੀ ਜਥੇ ਵਲੋਂ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਭਾਈ ਜੋਗਾ ਸਿੰਘ ਗ੍ਰੰਥੀ ਨੇ ਅਰਦਾਸ ਕੀਤੀ ਤੇ ਭਾਈ ਗੁਰਜੰਟ ਸਿੰਘ ਹੈੱਡ ਗ੍ਰੰਥੀ ਨੇ ਕਥਾ ਵਿਚਾਰਾਂ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ।
ਇਸ ਉਪਰੰਤ ਮਾਤਾ ਗੰਗਾ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਬਾਬਾ ਬੁੱਢਾ ਸਾਹਿਬ ਕੀਰਤਨੀ ਜਥਾ ਬੀਬੀਆਂ ਤੇ ਸੰਗਤਾਂ ਵਲੋਂ ਮਿਲ ਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ। ਬੀਬੀ ਸੁਪ੍ਰੀਤ ਕੌਰ ਸ਼ੇਰੋਂ ਵਾਲੇ ਬੱਚਿਆਂ ਦਾ ਕੀਰਤਨੀ ਜਥਾ, ਭਾਈ ਗੁਰਜੰਟ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਭਾਈ ਜਜਬੀਰ ਸਿੰਘ ਕਥਾਵਾਚਕ ਹਜ਼ੂਰੀ ਗ੍ਰੰਥੀ, ਭਾਈ ਗੁਰਿੰਦਰਪਾਲ ਸਿੰਘ ਬੈਂਕਾਂ ਕਵੀਸ਼ਰੀ ਜਥਾ, ਭਾਈ ਜਸਬੀਰ ਸਿੰਘ ਵਲਟੋਹਾ ਢਾਡੀ ਜਥਾ, ਗਿਆਨੀ ਗੁਰਦੀਪ ਸਿੰਘ ਕਥਾਵਾਚਕ ਕਪੂਰਥਲਾ, ਭਾਈ ਮਨਜੀਤ ਸਿੰਘ ਰਾਗੀ ਅੰਮ੍ਰਿਤਸਰ ਵਾਲੇ, ਭਾਈ ਰਣਜੀਤ ਸਿੰਘ ਚੰਡੀਗੜ੍ਹ, ਭਾਈ ਹਰਭਿੰਦਰ ਸਿੰਘ ਹਜ਼ੂਰੀ ਰਾਗੀ, ਭਾਈ ਤੇਜਪਾਲ ਸਿੰਘ ਰਾਗੀ ਅਤੇ ਭਾਈ ਗੁਰਇਕਬਾਲ ਸਿੰਘ ਬੀਬੀ ਕੌਲਾਂ ਜੀ ਭਲਾਈ ਕੇਂਦਰ ਅੰਮ੍ਰਿਤਸਰ ਵਲੋਂ ਗੁਰਬਾਣੀ ਦੇ ਰਸਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਅੰਦਰ ਗੁਰੂ ਕੇ ਲੰਗਰ ਅਤੇ ਠੰਢੇ ਮਿੱਠੇ ਜਲ ਦੀਆਂ ਲਗਾਈਆਂ ਛਬੀਲਾਂ ਉਪਰ ਸੰਗਤ ਨੇ ਜਲ ਛਕਿਆ। ਇਸ ਮੌਕੇ ਗੁਰਵਿੰਦਰ ਸਿੰਘ ਗੁਰਦੁਆਰਾ ਇੰਸਪੈਕਟਰ, ਨਿਰਮਲ ਸਿੰਘ ਕਾਹਲਵਾਂ ਮੀਤ ਮੈਨੇਜਰ, ਭਾਈ ਗੁਰਜੰਟ ਸਿੰਘ ਹੈੱਡ ਗ੍ਰੰਥੀ, ਰਜਿੰਦਰ ਸਿੰਘ ਬੇਦੀ, ਮਨਿੰਦਰ ਸਿੰਘ ਬੈਂਕ ਵਾਲੇ ਆਦਿ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।