ਸ੍ਰੀਨਗਰ / ਪਿਛਲੇ ਸਾਲ ਅੱਜ ਦੇ ਦਿਨ ਪੂਰਬੀ ਲੱਦਾਖ ਦੇ ਗਲਵਾਨ ਘਾਟੀ ਖੇਤਰ ‘ਚ ਚੀਨ ਦੀ ਫ਼ੌਜ ਨਾਲ ਝੜਪਾਂ ਦੌਰਾਨ ਸ਼ਹੀਦ ਹੋਏ ਭਾਰਤੀ ਫੌਜ ਦੇ ਜਵਾਨਾਂ ਤੇ ਅਧਿਕਾਰੀਆਂ ਨੂੰ ਲੇਹ ਵਿਖੇ ਫ਼ੌਜ ਦੀ ਫਾਇਰ ਐਂਡ ਫਿਯੂਰੀ ਕੋਰ ਵਲੋ ਸ਼ਰਧਾਂਜਲੀ ਭੇਟ ਕੀਤੀ ਗਈ |
ਸ੍ਰੀਨਗਰ ਸਥਿਤ ਰੱਖਿਆ ਬੁਲਾਰੇ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਫ਼ੌਜ ਦੇ 20 ਜਵਾਨਾਂ ਨੇ ਦੇਸ਼ ਦੀ ਪ੍ਰਭੂਸੱਤਾ ਦੀ ਰਾਖੀ ਕਰਦੇ ਹੋਏ ਸਰਬਉੱਚ ਬਲਿਦਾਨ ਦਿੱਤਾ ਹੈ | ਲੇਹ ਸਥਿਤ 16 ਕੋਰ ਦੀ ਫਾਇਰ ਐਂਡ ਫਿਯੂਰੀ ਕੋਰ ਦੇ ਸੀ.ਉ.ਐਸ. ਮੇਜਰ ਜਨਰਲ ਆਕਾਸ਼ ਕੌਸ਼ਿਕ ਨੇ ਇਕ ਸਮਾਰੋਹ ਦੌਰਾਨ ਆਈਪਨਿਕ ਜੰਗੀ ਯਾਦਗਾਰ ਵਿਖੇ ਸ਼ਹੀਦ ਜਵਾਨਾਂ ਨੂੰ ਸਲਾਮੀ ਦਿੰਦੇ ਹੋਏ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਦੇਸ਼ ਉਨ੍ਹਾਂ ਬਹਾਦਰ ਜਵਾਨਾਂ ਦਾ ਹਮੇਸ਼ਾ ਰਿਣੀ ਰਹੇਗਾ, ਜਿਨ੍ਹਾਂ ਦੇਸ਼ ਦੇ ਮੁਸ਼ਕਿਲ ਤੇ ਉੱਚੇ ਪਹਾੜੀ ਖੇਤਰਾਂ ਦੀ ਰੱਖਿਆ ਕਰਦੇ ਹੋਏ ਦੇਸ਼ ਲਈ ਸਭ ਤੋਂ ਵੱਡੀ ਕੁਰਬਾਨੀ ਦਿੱਤੀ ਹੈ | ਫ਼ੌਜ ਮੁਖੀ ਜਨਰਲ ਐਮ.ਐਮ. ਨਰਵਾਣੇ ਨੇ ਪੂਰਬੀ ਲੱਦਾਖ ਦੀ ਗਲਵਾਨ ਘਾਟੀ ‘ਚ ਚੀਨ ਵਲੋਂ ਕੀਤੇ ਹਮਲੇ ਦਾ ਸਾਹਮਣਾ ਕਰਦਿਆਂ ਦੇਸ਼ ਦੀ ਖੇਤਰੀ ਅਖੰਡਤਾ ਖ਼ਾਤਰ ਇਕ ਸਾਲ ਪਹਿਲਾਂ ਬਲਿਦਾਨ ਦੇਣ ਵਾਲੇ 20 ਜਵਾਨਾਂ ਦੀ ਬਹਾਦਰੀ ਦੀ ਪ੍ਰਸੰਸਾ ਕੀਤੀ ਹੈ | ਫੌਜ ਨੇ ਟਵੀਟ ਕੀਤਾ ਕਿ ਲੱਦਾਖ ਦੀ ਗਲਵਾਨ ਘਾਟੀ ‘ਚ ਸਰਬਉੱਚ ਬਲਿਦਾਨ ਦੇਣ ਵਾਲੇ ਬਹਾਦਰ ਜਵਾਨਾਂ ਦੀ ਵੀਰਤਾ ਹਮੇਸ਼ਾ ਰਾਸ਼ਟਰ ਦੀ ਯਾਦ ‘ਚ ਰਹੇਗੀ | ਜ਼ਿਕਰਯੋਗ ਹੈ ਕਿ ਗਲਵਾਨ ਘਾਟੀ ‘ਚ ਪਿਛਲੇ ਸਾਲ 15 ਜੂਨ ਨੂੰ ਚੀਨ ਦੇ ਫੌਜੀਆਂ ਨਾਲ ਝੜਪ ਦੌਰਾਨ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ, ਜਿਸ ਤੋਂ ਬਾਅਦ ਪੂਰਬੀ ਲੱਦਾਖ ‘ਚ ਟਕਰਾਅ ਵਾਲੇ ਬਿੰਦੂਆਂ ‘ਤੇ ਦੋਵਾਂ ਫੌਜਾਂ ਨੇ ਬਲ ਤੇ ਭਾਰੀ ਹਥਿਆਰ ਤਾਇਨਾਤ ਕੀਤੇ ਸਨ |
ਗਲਵਾਨ ਘਾਟੀ ਦੇ ਸ਼ਹੀਦਾਂ ਦੀ ਯਾਦ ‘ਚ ਵੀਡੀਉ ਜਾਰੀ ਭਾਰਤੀ ਫ਼ੌਜ ਵਲੋਂ ਗਲਵਾਨ ਘਾਟੀ ਦੇ ਸ਼ਹੀਦ ਜਵਾਨਾਂ ਦੀ ਯਾਦ ‘ਚ ‘ਗਲਵਾਨ ਕੇ ਵੀਰ’ ਦੇ ਨਾਂਅ ਹੇਠ ਇਕ ਵੀਡੀE ਗੀਤ ਜਾਰੀ ਕੀਤਾ ਹੈ | 4 ਮਿੰਟ 49 ਸੈਕਿੰਡ ਦੇ ਗੀਤ ਨੂੰ ਮਸ਼ਹੂਰ ਗਾਇਕ ਹਰੀਹਰਨ ਨੇ ਆਵਾਜ਼ ਦਿੱਤੀ ਹੈ |