ਬ੍ਰਿਟਿਸ਼ ਕੋਲੰਬੀਆ : ਇਥੇ ਇੱਕ 17 ਸਾਲਾ ਇੰਡੋ-ਕੈਨੇਡੀਅਨ ਵਿਦਿਆਰਥੀ ਦੀ ਖਰਾਬ ਮੌਸਮ ਕਾਰਨ ਆਪਣੇ ਵਾਹਨ ਦਾ ਕੰਟਰੋਲ ਗੁਆਉਣ ਅਤੇ ਇੱਕ ਖੰਭੇ ਨਾਲ ਟਕਰਾ ਜਾਣ ਕਾਰਨ ਮੌਤ ਹੋ ਜਾਣ ਦੀ ਦੁਖਦ ਭਰਿਆ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਤਰਨ ਸਿੰਘ ਲਾਲ ਵਜੋਂ ਹੋਈ ਹੈ। ਤਰਨ ਸਿੰਘ ਲਾਲ ਆਪਣੀ ਕਾਰ ਚਲਾ ਕੇ ਕੰਮ ਤੋਂ ਘਰ ਜਾ ਰਿਹਾ ਸੀ।
ਮੌਸਮ ਖਰਾਬ ਹੋਣ ਕਾਰਨ ਉਸਦੀ ਟੇਸਲਾ ਬ੍ਰਿਟਿਸ਼ ਕੋਲੰਬੀਆ ਦੇ ਲੈਂਗਲੇ ਵਿਚ ਫਰੇਜ਼ਰ ਹਾਈਵੇਅ ਅਤੇ 228ਵੀਂ ਸਟਰੀਟ ਦੇ ਚੌਰਾਹੇ ਦੇ ਨੇੜੇ ਇੱਕ ਖੰਭੇ ਨਾਲ ਟਕਰਾ ਗਈ। ਲੈਂਗਲੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਫਰੇਜ਼ਰ ਹਾਈਵੇਅ ਅਤੇ 228ਵੀਂ ਸਟਰੀਟ ਨੇੜੇ ਹਾਦਸੇ ਵਾਲੀ ਥਾਂ ‘ਤੇ ਬੁਲਾਇਆ ਗਿਆ ਸੀ। ਤਰਨ ਸਿੰਘ ਲਾਲ ਜੋ ਕਿ ਸਰੀ ਦੇ ਤਮਨਾਵਿਸ ਸੈਕੰਡਰੀ ਸਕੂਲ ਦਾ ਵਿਦਿਆਰਥੀ ਸੀ, ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸਦੀ ਮਾਂ ਨੇ ਮੀਡੀਏ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸਨੇ ਕਰੈਸ਼ ਤੋਂ ਠੀਕ ਪਹਿਲਾਂ ਆਪਣੇ ਬੇਟੇ ਨਾਲ ਗੱਲ ਕੀਤੀ ਸੀ, ਅਤੇ ਉਸਨੂੰ ਘਰ ਜਾਣ ਤੋਂ ਪਹਿਲਾਂ ਰਸਤੇ ਵਿਚੋਂ ਕੁਝ ਖਾਣਾ ਲੈਣ ਲਈ ਕਿਹਾ ਸੀ। ਪੁਲਿਸ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਤਰਨ ਸਿੰਘ ਲਾਲ ਖੇਡ ਗਤੀਵਿਧੀਆਂ ਰਾਹੀਂ ਸਮਾਜ ਨਾਲ ਜੁੜਿਆ ਹੋਇਆ ਸੀ ਅਤੇ ਭਵਿੱਖ ਵਿਚ ਪੁਲਿਸ ਫੋਰਸ ਵਿਚ ਭਰਤੀ ਹੋਣ ਦੀ ਆਸ ਰੱਖਦਾ ਸੀ।