ਖੇਤੀ ਵਿਰੋਧੀ ਕਾਨੂੰਨਾਂ ’ਤੇ ਸੰਸਦ ’ਚ ਬਹਿਸ ਤੋਂ ਭੱਜ ਰਹੀ ਮੋਦੀ ਸਰਕਾਰ

Home » Blog » ਖੇਤੀ ਵਿਰੋਧੀ ਕਾਨੂੰਨਾਂ ’ਤੇ ਸੰਸਦ ’ਚ ਬਹਿਸ ਤੋਂ ਭੱਜ ਰਹੀ ਮੋਦੀ ਸਰਕਾਰ
ਖੇਤੀ ਵਿਰੋਧੀ ਕਾਨੂੰਨਾਂ ’ਤੇ ਸੰਸਦ ’ਚ ਬਹਿਸ ਤੋਂ ਭੱਜ ਰਹੀ ਮੋਦੀ ਸਰਕਾਰ

ਚੰਡੀਗੜ੍ਹ/ਨਵੀਂ ਦਿੱਲੀ / ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇਸ਼ ਦੇ ਸਭ ਤੋਂ ਮਹੱਤਵਪੂਰਨ ਮੁੱਦੇ ‘ਕਾਲ਼ੇ ਖੇਤੀ ਕਾਨੂੰਨਾਂ’ ਬਾਰੇ ਸੰਸਦ ਵਿੱਚ ਬਹਿਸ ਕਰਾਉਣ ਤੋਂ ਭੱਜ ਰਹੀ ਹੈ ਤਾਂ ਕਿ ਦੇਸ਼ ਅਤੇ ਦੁਨੀਆ ਸਾਹਮਣੇ ਮੋਦੀ ਸਰਕਾਰ ਦਾ ਅਸਲੀ ਚਿਹਰਾ ਨੰਗਾ ਨਾ ਹੋਵੇ।

ਇਸੇ ਲਈ ‘ਆਪ’ ਵਲੋਂ ਸੰਸਦ ਵਿਚ ਖੇਤੀ ਕਾਨੂੰਨਾਂ ’ਤੇ ਬਹਿਸ ਕਰਨ ਲਈ ਪੇਸ਼ ਕੀਤੇ ਜਾਂਦੇ ‘ਕੰਮ ਰੋਕੂ ਮਤੇ’ ਨੂੰ ਜਾਣ ਬੁੱਝ ਕੇ ਅਪ੍ਰਵਾਨ ਕੀਤਾ ਜਾਂਦਾ ਹੈ। ਵੀਰਵਾਰ ਨੂੰ ਜਾਰੀ ਬਿਆਨ ਰਾਹੀਂ ਮਾਨ ਨੇ ਕਿਹਾ ਕਿ ਸੰਸਦ ਵਿਚ ਵਿਚਾਰ ਚਰਚਾ ਹੋਣ ’ਤੇ ਦੇਸ਼ ਦੇ ਲੋਕਾਂ ਨੂੰ ਤਿੰਨ ਖੇਤੀ ਕਾਨੂੰਨਾਂ ਵਿਚ ਛੁਪੇ ‘ਇਸ ਸੱਚ’ ਦਾ ਪਤਾ ਲੱਗ ਜਾਵੇਗਾ ਕਿ ਕਿਸ ਤਰਾਂ ਮੋਦੀ ਸਰਕਾਰ ਦੇਸ਼ ਦੀ ਜ਼ਮੀਨ ਅਤੇ ਅਨਾਜ ਆਪਣੇ ਆਕਾ ਕਾਰਪੋਰੇਟਰਾਂ ਦੇ ਹਵਾਲੇ ਕਰ ਰਹੀ ਹੈ। ਭਗਵੰਤ ਮਾਨ ਨੇ ਵੀਰਵਾਰ ਨੂੰ ਸੰਸਦ ਵਿਚ ਲਗਾਤਰ 8ਵੀਂ ਵਾਰ ‘ਕੰਮ ਰੋਕੂ ਮਤਾ’ ਪੇਸ਼ ਕੀਤਾ। ਇਸ ਸਮੇਂ ਮਾਨ ਨੇ ਕਿਹਾ ਕਿ ਸੰਸਦ ਦੇ ਦੋਵੇਂ ਸਦਨਾਂ ਵਿਚ ‘ਆਪ’ ਵਲੋਂ ਖੇਤੀ ਬਿੱਲਾਂ ਬਾਰੇ ਬਹਿਸ ਕਰਾਉਣ ਦੀ ਗੱਲ ਜ਼ੋਰ-ਸ਼ੋਰ ਚੁੱਕੀ ਜਾਂਦੀ ਹੈ ਪਰ ਮੋਦੀ ਸਰਕਾਰ ਖੇਤੀ ਕਾਨੂੰਨਾਂ ਬਾਰੇ ਨਾ ਕੁਝ ਬੋਲ ਰਹੀ ਹੈ ਅਤੇ ਨਾ ਕੁਝ ਸੁਣ ਰਹੀ।

ਸਗੋਂ ਸੰਸਦ ਵਿਚ ਹੰਗਾਮੇ ਦੌਰਾਨ ਹੋਰ ਬਿੱਲ ਪਾਸ ਕਰ ਕੇ ਸੂਬਿਆਂ ਅਤੇ ਲੋਕਾਂ ਦੇ ਹੱਕਾਂ ’ਤੇ ਡਾਕਾ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨਾਂ ਦੀ ਮੰਗ ਅਨੁਸਾਰ ਨਰਿੰਦਰ ਮੋਦੀ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਵਾਪਸ ਤਾਂ ਕੀ ਲੈਣੇ ਸੀ, ਉਲਟਾ ਚੌਥਾ ‘ਬਿਜਲੀ ਸੋਧ ਬਿੱਲ 2021’ ਸੰਸਦ ’ਚ ਲਿਆ ਕੇ ਕਿਸਾਨਾਂ, ਮਜ਼ਦੂਰਾਂ ਅਤੇ ਰਾਜਾਂ ’ਤੇ ਹੋਰ ਡਾਕਾ ਮਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਸੋਧ ਬਿੱਲ ਪਾਸ ਹੋਣ ਨਾਲ ਰਾਜਾਂ ਨੂੰ ਭਿਖਾਰੀ ਬਣਾਇਆ ਜਾਵੇਗਾ ਕਿਉਂਕਿ ਪਹਿਲਾਂ ਹੀ ਜੀ.ਐੱਸ.ਟੀ ਪ੍ਰਣਾਲੀ ਲਾਗੂ ਕਰ ਕੇ ਮੋਦੀ ਸਰਕਾਰ ਨੇ ਰਾਜਾਂ ਨੂੰ ਕੇਂਦਰ ਤੋਂ ਪੈਸੇ ਮੰਗਣ ਵਾਲੇ ਭਿਖਾਰੀ ਬਣਾ ਦਿੱਤਾ ਹੈ। ਇੰਝ ਵੀ ਬਿਜਲੀ ਸੋਧ ਬਿੱਲ ਰਾਹੀਂ ਰਾਜਾਂ ਤੋਂ ਬਿਜਲੀ ਖੋਹ ਕੇ ਬਾਅਦ ਵਿਚ ਰਾਜਾਂ ਨੂੰ ਬਿਜਲੀ ਲਈ ਭਿਖਾਰੀ ਬਣਾ ਦਿੱਤਾ ਜਾਵੇਗਾ।

Leave a Reply

Your email address will not be published.