‘ਖੇਤੀ ਬਚਾਉ-ਲੋਕਤੰਤਰ ਬਚਾਉ ਦਿਵਸ’ : ਕਿਸਾਨਾਂ ਵੱਲੋਂ ਤਿਆਰੀਆਂ ਮੁਕੰਮਲ

Home » Blog » ‘ਖੇਤੀ ਬਚਾਉ-ਲੋਕਤੰਤਰ ਬਚਾਉ ਦਿਵਸ’ : ਕਿਸਾਨਾਂ ਵੱਲੋਂ ਤਿਆਰੀਆਂ ਮੁਕੰਮਲ
‘ਖੇਤੀ ਬਚਾਉ-ਲੋਕਤੰਤਰ ਬਚਾਉ ਦਿਵਸ’ : ਕਿਸਾਨਾਂ ਵੱਲੋਂ ਤਿਆਰੀਆਂ ਮੁਕੰਮਲ

ਚੰਡੀਗੜ੍ਹ / ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਦੇਸ਼ ਦੀ ਰਾਜਧਾਨੀ ਦੀਆਂ ਬਰੂਹਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੇ 7 ਮਹੀਨੇ ਮੁਕੰਮਲ ਹੋਣ ’ਤੇ 26 ਜੂਨ ਨੂੰ ‘ਖੇਤੀ ਬਚਾਉ-ਲੋਕਤੰਤਰ ਬਚਾਉ’ ਦਿਵਸ ਮਨਾਉਣ ਦੇ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤਹਿਤ ਪੰਜਾਬ ਅਤੇ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ।

ਕਿਸਾਨ ਯੂਨੀਅਨਾਂ ਨੇ ਪਿੰਡ-ਪਿੰਡ ਅਤੇ ਸ਼ਹਿਰ-ਸ਼ਹਿਰ ਜਾ ਕੇ ਇਹ ਦਿਵਸ ਮਨਾਉਣ ਦੀ ਅਪੀਲ ਕੀਤੀ ਹੈ। ਪੰਜਾਬ ਅਤੇ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ 26 ਜੂਨ ਨੂੰ ਕ੍ਰਮਵਾਰ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਅਤੇ ਗੁਰਦੁਆਰਾ ਨਾਢਾ ਸਾਹਿਬ ਤੋਂ ਇਕੱਠੀਆਂ ਹੋ ਕੇ ਚੰਡੀਗੜ੍ਹ ਸਥਿਤ ਰਾਜ ਭਵਨ ਵੱਲ ਕੂਚ ਕਰਨਗੀਆਂ ਅਤੇ ਰਾਜਪਾਲ ਰਾਹੀਂ ਰਾਸ਼ਟਰਪਤੀ ਦੇ ਨਾਂ ਰੋਸ ਪੱਤਰ ਸੌਂਪਣਗੀਆਂ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਭਾਜਪਾ ਆਗੂਆਂ ਦੇ ਘਰਾਂ/ਦਫ਼ਤਰਾਂ ਮੂਹਰੇ, ਟੌਲ ਪਲਾਜ਼ਿਆਂ, ਕਾਰਪੋਰੇਟ ਘਰਾਣਿਆਂ, ਰੇਲਵੇ ਸਟੇਸ਼ਨਾਂ ਦੇ ਪਾਰਕਾਂ ਅੰਦਰ ਅਤੇ ਨਿੱਜੀ ਥਰਮਲ ਪਲਾਂਟ ਸਣੇ ਸਵਾ ਸੌ ਤੋਂ ਵੱਧ ਥਾਵਾਂ ’ਤੇ ਹਨੇਰੀ ਅਤੇ ਝੱਖੜ ਦੇ ਬਾਵਜੂਦ ਧਰਨੇ ਜਾਰੀ ਹਨ, ਜਿਨ੍ਹਾਂ ਵਿੱਚ ਕਿਸਾਨ-ਮਜ਼ਦੂਰ, ਬਜ਼ੁਰਗ, ਨੌਜਵਾਨ, ਔਰਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ।

ਧਰਨਿਆਂ ਦੌਰਾਨ 26 ਜੂਨ ਨੂੰ ਰਾਜ ਭਵਨ ਵੱਲ ਮਾਰਚ ਵਿੱਚ ਵਧ-ਚੜ੍ਹ ਕੇ ਸ਼ਮੂਲੀਅਤ ਕਰਨ ਦਾ ਅਹਿਦ ਲਿਆ ਗਿਆ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ 26 ਜੂਨ ਨੂੰ ‘ਖੇਤੀ ਬਚਾਉ-ਲੋਕਤੰਤਰ ਬਚਾਉ’ ਦਿਵਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕਿਸਾਨ ਆਗੂਆਂ ਦੀ ਅਗਵਾਈ ਹੇਠ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਕਿਸਾਨ-ਮਜ਼ਦੂਰ ਤੇ ਹਰ ਵਰਗ ਦੇ ਲੋਕ ਮੁਹਾਲੀ ਗੁਰਦੁਆਰਾ ਅੰਬ ਸਾਹਿਬ ਤੋਂ ਇਕੱਠੇ ਹੋ ਕੇ ਚੰਡੀਗੜ੍ਹ ਸਥਿਤ ਰਾਜ ਭਵਨ ਵੱਲ ਕੂਚ ਕਰਨਗੇ ਅਤੇ ਰਾਸ਼ਟਰਪਤੀ ਦੇ ਨਾਮ ਮੰਗ-ਪੱਤਰ ਸੌਂਪਣਗੇ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਬੈਂਸ ਨੇ ਦੱਸਿਆ ਕਿ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂ 26 ਜੂਨ ਨੂੰ ਪੰਚਕੂਲਾ ਦੇ ਗੁਰਦੁਆਰਾ ਨਾਢਾ ਸਾਹਿਬ ਤੋਂ ਇਕੱਠੇ ਹੋ ਕੇ ਚੰਡੀਗੜ੍ਹ ਸਥਿਤ ਰਾਜ ਭਵਨ ਵੱਲ ਕੂਚ ਕਰਨਗੇ।

ਉਨ੍ਹਾਂ ਕਿਹਾ ਕਿ ਮੋਦੀ-ਹਕੂਮਤ ਨੇ ਨਿੱਜੀਕਰਨ, ਉਦਾਰੀਕਰਨ, ਸੰਸਾਰੀਕਰਨ ਦੀ ਨੀਤੀ ’ਤੇ ਚਲਦਿਆਂ ਜਿੱਥੇ ਖੇਤੀ ਸੱਭਿਆਚਾਰ ਨੂੰ ਉਜਾੜਨ ਲਈ ਤਿੰਨ ਖੇਤੀ ਕਾਨੂੰਨ ਲਿਆਂਦੇ ਹਨ, ਉਥੇ ਇਸ ਤੋਂ ਪਹਿਲਾਂ ਜਨਤਕ ਖੇਤਰ ਦੇ ਅਦਾਰਿਆਂ ਬੈਂਕਾਂ, ਬੀਮਾ, ਰੇਲਵੇ, ਏਅਰਪੋਰਟ, ਰੇਲਵੇ, ਬਿਜਲੀ ਬੋਰਡ, ਸੜਕਾਂ, ਸਿਹਤ, ਸਿੱਖਿਆ ਟਰਾਂਸਪੋਰਟ ਆਦਿ ਨੂੰ ਨਿੱਜੀ ਕੰਪਨੀਆਂ ਦੇ ਹਵਾਲੇ ਕਰ ਦਿੱਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਪਿਛਲੇ 7 ਮਹੀਨਿਆਂ ਤੋਂ ਆਪਣੇ ਹੱਕਾਂ ਲਈ ਲੜਾਈ ਲੜ ਰਿਹਾ ਹੈ ਅਤੇ ਇਸ ਦੌਰਾਨ 500 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਕਿ ਤਿੰਨੋਂ ਖੇਤੀ ਕਾਨੂੰਨ ਰੱਦ ਕਰ ਕੇ ਫ਼ਸਲਾਂ ਨੂੰ ਐੱਮਐੱਸਪੀ ’ਤੇ ਖ਼ਰੀਦ ਦੀ ਗਾਰੰਟੀ ਦਾ ਕਾਨੂੰਨ ਲਿਆਂਦਾ ਜਾਵੇ।

ਕਿਸਾਨਾਂ ਦੇ ਕੂਚ ਕਾਰਨ ਪੁਲੀਸ ਨੂੰ ਹੱਥਾਂ ਪੈਰਾਂ ਦੀ ਪਈ ਸੰਯੁਕਤ ਕਿਸਾਨ ਮੋਰਚਾ ਦੇ ਰਾਜ ਭਵਨ ਵੱਲ ਮਾਰਚ ਕਰਨ ਦੇ ਦਿੱਤੇ ਸੱਦੇ ਕਾਰਨ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਪੰਜਾਬ ਤੇ ਹਰਿਆਣਾ ਦੇ ਰਾਜ ਭਵਨ ਦੋਵਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਨਾਲ-ਨਾਲ ਸਥਿਤ ਹਨ। ਦੋ ਵੱਖ-ਵੱਖ ਥਾਵਾਂ ਤੋਂ ਕਿਸਾਨਾਂ ਦਾ ਵੱਡਾ ਕਾਫ਼ਲਾ 26 ਜੂਨ ਨੂੰ ਚੰਡੀਗੜ੍ਹ ਵੱਲ ਕੂਚ ਕਰੇਗਾ। ਸ਼ਹਿਰ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਣਾਏ ਰੱਖਣ ਲਈ ਪੁਲੀਸ ਕਿਸਾਨਾਂ ਨੂੰ ਪਹਿਲਾਂ ਹੀ ਰੋਕਣ ਦੀ ਕੋਸ਼ਿਸ਼ ਕਰੇਗੀ।

Leave a Reply

Your email address will not be published.