ਖੇਤੀ ਕਾਨੂੰਨ: ਪੰਜਾਬ ਭਾਰਤੀ ਜਨਤਾ ਪਾਰਟੀ ਵਿਚ ਸ਼ੁਰੂ ਹੋਈ ਬਗਾਵਤ

Home » Blog » ਖੇਤੀ ਕਾਨੂੰਨ: ਪੰਜਾਬ ਭਾਰਤੀ ਜਨਤਾ ਪਾਰਟੀ ਵਿਚ ਸ਼ੁਰੂ ਹੋਈ ਬਗਾਵਤ
ਖੇਤੀ ਕਾਨੂੰਨ: ਪੰਜਾਬ ਭਾਰਤੀ ਜਨਤਾ ਪਾਰਟੀ ਵਿਚ ਸ਼ੁਰੂ ਹੋਈ ਬਗਾਵਤ

ਚੰਡੀਗੜ੍ਹ: ਖੇਤੀ ਕਾਨੂੰਨਾਂ ਖਿਲਾਫ ਰੋਹ ਪੂਰੇ ਦੇਸ਼ ਵਿਚ ਫੈਲ ਰਿਹਾ ਹੈ। ਪੂਰੇ ਮੁਲਕ ਵਿਚ ਭਾਜਪਾ ਦੀ ਘੇਰਾਬੰਦੀ ਹੋ ਰਹੀ ਹੈ।

ਪੰਜਾਬ ਤੇ ਹਰਿਆਣਾ ਇਸ ਸੰਘਰਸ਼ ਦਾ ਧੁਰਾ ਬਣੇ ਹੋਏ ਹਨ। ਕਿਸਾਨਾਂ ਦੇ ਇੰਨੇ ਵੱਡੇ ਪੱਧਰ ਉਤੇ ਰੋਹ ਦੇ ਬਾਵਜੂਦ ਕੇਂਦਰ ਸਰਕਾਰ ਦੀ ਅੜੀ ਪਿੱਛੋਂ ਹੁਣ ਭਾਜਪਾ ਵਿਚ ਬਗਾਵਤ ਤੇਜ਼ ਹੋਣ ਲੱਗੀ ਹੈ। ਖਾਸਕਰ ਪੰਜਾਬ ਵਿਚ ਭਗਵਾ ਧਿਰ ਵਿਚ ਬਗਾਵਤੀ ਸੁਰ ਉਠਣ ਲੱਗੇ ਹਨ।ਪੰਜਾਬ ਦੇ ਸਾਬਕਾ ਮੰਤਰੀ ਅਤੇ ਧੜੱਲੇਦਾਰ ਭਾਜਪਾ ਆਗੂ ਵਜੋਂ ਜਾਣੇ ਜਾਂਦੇ ਅਨਿਲ ਜੋਸ਼ੀ, ਮਾਸਟਰ ਮੋਹਨ ਲਾਲ ਤੇ ਸਾਬਕਾ ਮੁੱਖ ਸੰਸਦੀ ਸਕੱਤਰ ਤੇ ਭਾਜਪਾ ਦੇ ਸਾਬਕਾ ਵਿਧਾਇਕ ਕੇਡੀ ਭੰਡਾਰੀ ਨੇ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਹੈ। ਪਤਾ ਲੱਗਾ ਹੈ ਕਿ ਹੋਰ ਵੀ ਵੱਡੀ ਗਿਣਤੀ ਆਗੂ ਆਪਣੀ ਹੀ ਪਾਰਟੀ ਖਿਲਾਫ ਆਵਾਜ਼ ਚੁੱਕਣ ਲਈ ਤਿਆਰ-ਬਰ-ਤਿਆਰ ਹਨ। ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਭਾਜਪਾ ਦੀ ਸੂਬਾਈ ਲੀਡਰਸ਼ਿਪ ਪੂਰੀ ਇਮਾਨਦਾਰੀ ਨਾਲ ਕਿਸਾਨਾਂ ਦਾ ਪੱਖ ਭਾਜਪਾ ਹਾਈਕਮਾਨ ਤੱਕ ਪਹੁੰਚਾਉਂਦੀ ਤਾਂ ਇਹ ਮਸਲਾ ਇੰਨਾ ਲਟਕਣ ਵਾਲਾ ਨਹੀਂ ਸੀ, ਕਿਉਂਕਿ ਸੂਬੇ ਦੇ ਕਈ ਵੱਡੇ ਆਗੂਆਂ ਨੂੰ ਕਿਸਾਨੀ ਜ਼ਮੀਨੀ ਹਕੀਕਤ ਬਾਰੇ ਪੂਰੀ ਜਾਣਕਾਰੀ ਨਹੀਂ ਹੈ, ਨਹੀਂ ਤਾਂ ਇਹ ਇਥੋਂ ਤੱਕ ਨੌਬਤ ਨਹੀਂ ਆਉਂਦੀ।

ਅਨਿਲ ਜੋਸ਼ੀ ਵੱਲੋਂ ਲਏ ਸਟੈਂਡ ਦੀ ਪਰੋੜ੍ਹਤਾ ਕਰਦਿਆਂ ਮਾਸਟਰ ਮੋਹਨ ਲਾਲ ਨੇ ਵੀ ਸਪਸ਼ਟ ਤੌਰ ‘ਤੇ ਕਿਹਾ ਕਿ ਸ੍ਰੀ ਜੋਸ਼ੀ ਨੇ ਕੋਈ ਮਾੜੀ ਗੱਲ ਨਹੀਂ ਕੀਤੀ, ਨਾ ਤਾਂ ਭਾਜਪਾ ਦਾ ਵਿਰੋਧ ਕੀਤਾ ਅਤੇ ਨਾ ਹੀ ਪ੍ਰਧਾਨ ਮੰਤਰੀ ਦਾ ਵਿਰੋਧ ਕੀਤਾ। ਉਨ੍ਹਾਂ ਨੇ ਸਾਰਾ ਠੀਕਰਾ ਪੰਜਾਬ ਦੀ ਸੂਬਾਈ ਲੀਡਰਸ਼ਿਪ ‘ਤੇ ਭੰਨਦਿਆਂ ਕਿਹਾ ਕਿ ਜੇਕਰ ਸੂਬੇ ਦੀ ਲੀਡਰਸ਼ਿਪ ਦਿਮਾਗੀ ਤੌਰ ਉਤੇ ਕਿਸਾਨ ਅੰਦੋਲਨ ਨੂੰ ਗੰਭੀਰਤਾ ਨਾਲ ਲੈ ਕੇ ਭਾਜਪਾ ਹਾਈਕਮਾਂਡ ਨਾਲ ਸੰਜੀਦਗੀ ਨਾਲ ਗੱਲ ਕਰਦੀ ਤਾਂ ਇਹ ਅੰਦੋਲਨ ਅੰਤਰਰਾਸ਼ਟਰੀ ਅੰਦੋਲਨ ਨਾ ਬਣਦਾ। ਉਨ੍ਹਾਂ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਕਿਸਾਨ ਅੰਦੋਲਨ ਕਾਰਨ ਪੰਜਾਬ ‘ਚ ਭਾਜਪਾ ਦੀ ਜਮੀਨ ਖਿਸਕ ਗਈ ਹੈ। ਭਾਜਪਾ ਦੇ ਸਾਬਕਾ ਵਿਧਾਇਕ ਕੇਡੀ ਭੰਡਾਰੀ ਨੇ ਅਨਿਲ ਜੋਸ਼ੀ ਦੇ ਬਿਆਨ ਦੀ ਹਮਾਇਤ ਕੀਤੀ। ਉਨ੍ਹਾਂ ਆਖਿਆ ਕਿਹਾ ਕਿ ਉਹ ਪੂਰੀ ਤਰ੍ਹਾਂ ਨਾਲ ਇਸ ਦੇ ਹੱਕ ਵਿਚ ਹਨ ਕਿ ਕਿਸਾਨਾਂ ਦੇ ਮਸਲੇ ਨੂੰ ਹੱਲ ਕੀਤਾ ਜਾਵੇ, ਜਿਵੇਂ ਉਹ ਚਾਹੁੰਦੇ ਹਨ।

ਉਨ੍ਹਾਂ ਕਿਹਾ ਕਿ ਉਹ ਸਭ ਤੋਂ ਪਹਿਲਾਂ ਪੰਜਾਬੀ ਹਨ ਤੇ ਦਿੱਲੀ ਦੀਆਂ ਬਰੂੰਹਾਂ ‘ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿਚ ਹਨ, ਜਿਹੜੇ ਪਿਛਲੇ ਛੇ ਮਹੀਨਿਆਂ ਤੋਂ ਉਥੇ ਆਪਣੇ ਹੱਕਾਂ ਲਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ ਕਿਉਂਕਿ ਉਹ ਸਾਡੇ ਹੀ ਭੈਣ-ਭਰਾ ਹਨ। ਉਨ੍ਹਾਂ ਕਿਹਾ ਕਿ ਮਾਰਚ ਮਹੀਨੇ ਦੌਰਾਨ ਭਾਜਪਾ ਦੀ ਕਾਰਜਕਾਰਨੀ ਕਮੇਟੀ ਵਿਚ ਪਾਰਟੀ ਦੇ ਸੀਨੀਅਰ ਆਗੂ ਅਨਿਲ ਜੋਸ਼ੀ ਨੇ ਪਾਰਟੀ ਦੇ ਅੰਦਰ ਹੀ ਖੁੱਲ੍ਹ ਕੇ ਇਸ ਮੁੱਦੇ ਨੂੰ ਰੱਖਿਆ ਸੀ ਕਿ ਕਿਸਾਨਾਂ ਦੇ ਮਾਮਲੇ ਨੂੰ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਥੇ ਸ੍ਰੀ ਜੋਸ਼ੀ ਦੀ ਗੱਲ ਨਹੀਂ ਸੁਣੀ ਗਈ ਤੇ ਪੰਜਾਬੀ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਨਾਲ ਖੜ੍ਹੀਏ। ਸਾਡਾ ਕਿਸਾਨਾਂ ਨਾਲ ਨਹੁੰ-ਮਾਸ ਦਾ ਰਿਸ਼ਤਾ ਹੈ। ਇਥੇ ਦੇ ਕਾਰੋਬਾਰੀ, ਛੋਟੇ ਵਪਾਰੀ ਤੇ ਇੰਡਸਟਰੀ ਵਾਲੇ ਕਿਸਾਨੀ ਤੋਂ ਬਿਨਾਂ ਚੱਲ ਨਹੀਂ ਸਕਦੇ। ਸ੍ਰੀ ਭੰਡਾਰੀ ਨੇ ਕਿਹਾ ਕਿ ਉਨ੍ਹਾਂ ਨੇ ਮਹਿਸੂਸ ਕੀਤਾ ਸੀ ਕਿ ਪੰਜਾਬ ਖਰਾਬੀ ਵੱਲ ਵਧ ਰਿਹਾ ਹੈ ਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ। ਉਨ੍ਹਾਂ ਕਿਹਾ ਕਿ ਜਿਹੜਾ ਸਟੈਂਡ ਅਨਿਲ ਜੋਸ਼ੀ ਨੇ ਲਿਆ ਹੈ, ਉਹ ਪੂਰੀ ਤਰ੍ਹਾਂ ਨਾਲ ਪਾਰਟੀ ਦੇ ਹੱਕ ਵਿਚ ਵੀ ਹੈ ਤੇ ਪੰਜਾਬ ਦੇ ਹੱਕ ਵਿਚ ਵੀ ਹੈ।

Leave a Reply

Your email address will not be published.