*ਹਰਦੀਪ ਨਿੱਝਰ ਦੇ ਕਤਲ ‘ਚ ਹੋ ਸਕਦੈ ਭਾਰਤ ਸਰਕਾਰ ਦਾ ਹੱਥ : ਪੀਐਮ ਟਰੂਡੋ *
ਕੈਨੇਡਾ : ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਤਣਾਅ ਵਧਦਾ ਜਾ ਰਿਹਾ ਹੈ। ਹੁਣ ਕੈਨੇਡਾ
ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖਾਲਿਸਤਾਨੀ ਨਿੱਝਰ ਨੂੰ ਲੈ ਕੇ ਵੱਡਾ ਬਿਆਨ ਦਿੱਤਾ
ਹੈ। ਉਨ੍ਹਾਂ ਕਿਹਾ ਹੈ ਕਿ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਭਾਰਤ ਸਰਕਾਰ ਅਤੇ ਖਾਲਿਸਤਾਨੀ
ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਸਬੰਧਾਂ ਦੀ ਜਾਂਚ ਕਰਨ ਵਿੱਚ ਰੁੱਝੀਆਂ ਹੋਈਆਂ ਹਨ। ਔਟਵਾ
ਵਿੱਚ ਹਾਊਸ ਆਫ ਕਾਮਨਜ਼ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਕਿਹਾ ਕਿ ਕੈਨੇਡੀਅਨ ਸੁਰੱਖਿਆ
ਏਜੰਸੀਆਂ ਭਾਰਤ ਸਰਕਾਰ ਅਤੇ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦਰਮਿਆਨ
ਸੰਭਾਵੀ ਸਬੰਧਾਂ ਦੇ ਦੋਸ਼ਾਂ ਦੀ ਸਰਗਰਮੀ ਨਾਲ ਜਾਂਚ ਕਰ ਰਹੀਆਂ ਹਨ। ਟਰੂਡੋ ਨੇ ਕਿਹਾ ਕਿ
ਆਪਣੀ ਧਰਤੀ ‘ਤੇ ਕੈਨੇਡੀਅਨ ਨਾਗਰਿਕ ਦੇ ਕਤਲ ‘ਚ ਕਿਸੇ ਹੋਰ ਦੇਸ਼ ਜਾਂ ਵਿਦੇਸ਼ੀ ਸਰਕਾਰ ਦੀ
ਸ਼ਮੂਲੀਅਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਸਾਡੀ ਪ੍ਰਭੂਸੱਤਾ ਦੀ ਉਲੰਘਣਾ ਹੈ, ਜੋ
ਕਿ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ’। ਉਨ੍ਹਾਂ ਕਿਹਾ ਕਿ ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕ
ਨਾਰਾਜ਼ ਹਨ ਅਤੇ ਸ਼ਾਇਦ ਡਰੇ ਵੀ ਹਨ। ਇਸ ਲਈ ਸਾਨੂੰ ਬਦਲਣ ਲਈ ਮਜਬੂਰ ਨਾ ਕਰੋ। ਤੁਹਾਨੂੰ
ਦੱਸ ਦੇਈਏ ਕਿ 18 ਜੂਨ ਨੂੰ ਕੈਨੇਡਾ ‘ਚ ਰਹਿ ਰਹੇ ਹਰਦੀਪ ਸਿੰਘ ਨਿੱਝਰ ਦਾ ਬ੍ਰਿਟਿਸ਼
ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀਆਂ
ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਨਿੱਝਰ ਵੱਖਵਾਦੀ ਸੰਗਠਨ ਸਿੱਖਸ ਫਾਰ ਜਸਟਿਸ (ਐਸਐਫਜੇ)
ਨਾਲ ਜੁੜਿਆ ਹੋਇਆ ਸੀ, ਜੋ ਭਾਰਤ ਵਿਚ ਪਾਬੰਦੀਸ਼ੁਦਾ ਹੈ। ਉਹ ਸਰੀ ਦੇ ਗੁਰੂ ਨਾਨਕ ਸਿੱਖ
ਗੁਰਦੁਆਰਾ ਸਾਹਿਬ ਦਾ ਪ੍ਰਧਾਨ ਸੀ। ਇਸ ਦੌਰਾਨ ਕੈਨੇਡੀਅਨ ਪੀਐਮ ਦੇ ਬਿਆਨ ਤੋਂ ਬਾਅਦ ਭਾਰਤ
ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕੈਨੇਡੀਅਨ ਸਰਕਾਰ ਦੀ ਜੰਮ ਕੇ
ਨਿਖੇਦੀ ਕੀਤੀ ਹੈ। ਭਾਰਤ ਨੇ ਕਿਹਾ ਇਹ ਇਲਜ਼ਾਮ ਬੇਹੱਦ ਬੇਤੁਕਾ ਅਤੇ ਰਾਜਨੀਤੀ ਤੋਂ ਪ੍ਰੇਰਿਤ
ਹੈ। ਹਰਦੀਪ ਨਿੱਝਰ, ਜਿਸ ਨੂੰ ਜਸਟਿਨ ਟਰੂਡੋ ਸਮਰਥਨ ਦਿੰਦੇ ਨਜ਼ਰ ਆ ਰਹੇ ਹਨ, ਨੂੰ ਭਾਰਤ ਦੇ
ਚੋਟੀ ਦੇ 40 ਅੱਤਵਾਦੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹ ਬਦਨਾਮ ਅੱਤਵਾਦੀ ਸੰਗਠਨ
ਖਾਲਿਸਤਾਨੀ ਟਾਈਗਰ ਫੋਰਸ (ਕੇਟੀਐਫ) ਦਾ ਨੇਤਾ ਸੀ। ਇਸ ਕੇਟੀਐਫ ਦੇ ਮੈਂਬਰਾਂ ਨੇ ਪੰਜਾਬ ਦੇ
ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਕਰ ਦਿੱਤੀ ਸੀ। ਪਾਕਿਸਤਾਨੀ ਖੁਫੀਆ ਏਜੰਸੀ
ਆਈਐਸਆਈ ਹੁਣ ਤੱਕ ਕੇਟੀਐਫ ਦਾ ਸਮਰਥਨ ਕਰ ਰਹੀ ਹੈ। ਹਰਦੀਪ ਸਿੰਘ ਨਿੱਝਰ ਪੰਜਾਬ ਦੇ ਜਲੰਧਰ
ਜ਼ਿਲ੍ਹੇ ਦੇ ਪਿੰਡ ਭਾਰਸਿੰਘਪੁਰਾ ਦਾ ਵਸਨੀਕ ਸੀ। ਨਿੱਝਰ ਜੋ ਕਿ ਸ਼ੁਰੂ ਤੋਂ ਹੀਗਰਮ ਖਿਆਲੀ
ਸੋਚ ਵਾਲਾ ਸੀ। 1992 ਵਿੱਚ ਉਹ ਕੈਨੇਡਾ ਆ ਗਿਆ। ਇਸ ਤੋਂ ਬਾਅਦ ਉਹ ਕਦੇ ਪਿੰਡ ਨਹੀਂ ਪਰਤਿਆ।
ਤਿੰਨ ਸਾਲ ਪਹਿਲਾਂ ਉਸ ਦਾ ਪੂਰਾ ਪਰਿਵਾਰ ਵੀ ਕੈਨੇਡਾ ਆ ਕੇ ਵੱਸ ਗਿਆ ਸੀ। ਕੈਨੇਡਾ ਵਿੱਚ
ਰਹਿੰਦਿਆਂ ਨਿੱਝਰ ਪਾਬੰਦੀਸ਼ੁਦਾ ਖਾਲਿਸਤਾਨ ਪੱਖੀ ਸੰਗਠਨ ਸਿੱਖ ਫਾਰ ਜਸਟਿਸ ਦੇ ਮੁਖੀ
ਗੁਰਪਤਵੰਤ ਸਿੰਘ ਪੰਨੂ ਦੇ ਨੇੜੇ ਆਇਆ ਸੀ। ਪੰਨੂ ਅਤੇ ਨਿੱਝਰ ਦੀ ਨੇੜਤਾ ਦਾ ਅੰਦਾਜ਼ਾ ਇਸ
ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਨਿੱਝਰ ਦੇ ਕਤਲ ਤੋਂ ਬਾਅਦ ਤੋਂ ਹੀ ਪੰਨੂੰ ਭੜਕਿਆ ਹੋਇਆ
ਹੈ ਅਤੇ ਭਾਰਤ ਦੇ ਖਿਲਾਫ ਅਤੇ ਖਾਲਿਸਤਾਨ ਦੇ ਸਮਰਥਨ ਵਿਚ ਕੈਨੇਡਾ ਵਿਚ ਰਾਏਸ਼ੁਮਾਰੀ ਕਰਵਾਉਣ
ਦਾ ਦਾਅਵਾ ਕਰ ਰਿਹਾ ਹੈ। ਸੂਤਰਾਂ ਮੁਤਾਬਕ 80 ਦੇ ਦਹਾਕੇ ‘ਚ ਬਦਨਾਮ ਅੱਤਵਾਦੀ ਰਹੇ ਰਿਪੁਦਮਨ
ਮਲਿਕ ਦਾ ਕਤਲ ਨਿੱਝਰ ਦੀ ਮੌਤ ਦਾ ਕਾਰਨ ਬਣਿਆ। ਮਲਿਕ ‘ਤੇ ਏਅਰ ਇੰਡੀਆ ਦੀ ਉਡਾਣ ਏ.ਆਈ -182
ਨੂੰ ਉਡਾਉਣ ਦੀ ਸਾਜ਼ਿਸ਼ ‘ਚ ਸ਼ਾਮਲ ਹੋਣ ਦਾ ਦੋਸ਼ ਸੀ। ਨੈਸ਼ਨਲ ਇਨਵੈਸਟੀਗੇਸ਼ਨ ਏਜੇਂਸੀ ਨੂੰ
ਮਿਲੇ ਇਨਪੁਟਸ ਦੇ ਆਧਾਰ ‘ਤੇ ਇਹ ਗੱਲ ਸਾਹਮਣੇ ਆਈ ਹੈ ਕਿ ਨਿੱਝਰ ਦੀ ਹੱਤਿਆ ਕਿਸੇ ਹੋਰ ਨੇ
ਨਹੀਂ ਬਲਕਿ ਰਿਪੁਦਮਨ ਮਲਿਕ ਦੇ ਸਮਰਥਕਾਂ ਨੇ ਕੀਤੀ ਸੀ। ਇਹ ਦੋ ਖਾਲਿਸਤਾਨੀ ਜਥੇਬੰਦੀਆਂ ਦੀ
ਆਪਸੀ ਦੁਸ਼ਮਣੀ ਦਾ ਨਤੀਜਾ ਸੀ।