ਕੰਧਾਰ ਜਹਾਜ਼ ਹਾਈਜੈਕ ‘ਚ ਸ਼ਾਮਲ ਅੱਤਵਾਦੀ ਕਰਾਚੀ ‘ਚ ਢੇਰ, ਕਾਰੋਬਾਰੀ ਬਣ ਕੇ ਛੁਪਾ ਰਿਹਾ ਸੀ ਪਛਾਣ

ਕੰਧਾਰ ਜਹਾਜ਼ ਹਾਈਜੈਕ ‘ਚ ਸ਼ਾਮਲ ਅੱਤਵਾਦੀ ਜ਼ਹੂਰ ਮਿਸਤਰੀ ਨੂੰ ਪਾਕਿਸਤਾਨ ਦੇ ਕਰਾਚੀ ‘ਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਹੈ।

ਜ਼ਹੂਰ ਆਪਣਾ ਨਾਂਅ ਬਦਲ ਕੇ ਕਰਾਚੀ ‘ਚ ਕਾਰੋਬਾਰੀ ਵਜੋਂ ਰਹਿ ਰਿਹਾ ਸੀ। ਉਹ ਸਾਲ 1999 ਵਿੱਚ ਏਅਰ ਇੰਡੀਆ ਦੇ ਜਹਾਜ਼ ਆਈ.ਸੀ-814 ਨੂੰ ਹਾਈਜੈਕ ਕਰਨ ਵਿੱਚ ਸ਼ਾਮਲ ਸੀ। ਅਖੁੰਦ ਕਰਾਚੀ ਦੀ ਅਖਤਰ ਕਾਲੋਨੀ ਦੇ ਅੰਦਰ ਸਥਿਤ ਕ੍ਰੈਸੈਂਟ ਫਰਨੀਚਰ ਦਾ ਮਾਲਕ ਸੀ। ਜ਼ਹੂਰ ਵਾਂਗ ਕਈ ਚੋਟੀ ਦੇ ਅੱਤਵਾਦੀਆਂ ਨੇ ਪਾਕਿਸਤਾਨ ਵਿਚ ਸ਼ਰਨ ਲਈ ਹੋਈ ਹੈ।

ਨਿਊਜ਼9 ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਮਿਸਤਰੀ ਕਈ ਸਾਲਾਂ ਤੋਂ ਫਰਜ਼ੀ ਪਛਾਣ ਤਹਿਤ ਕਰਾਚੀ ‘ਚ ਰਹਿ ਰਿਹਾ ਸੀ। ਉਹ ਕਰਾਚੀ ਦੀ ਅਖ਼ਤਰ ਕਲੋਨੀ ਵਿੱਚ ਫਰਨੀਚਰ ਦਾ ਕੰਮ ਕਰਦਾ ਸੀ। ਰਿਪੋਰਟਾਂ ਮੁਤਾਬਕ ਉਸ ਦੀ ਅੰਤਿਮ ਯਾਤਰਾ ‘ਚ ਕਈ ਅੱਤਵਾਦੀਆਂ ਨੇ ਹਿੱਸਾ ਲਿਆ ਹੈ। ਜੀਓ ਟੀ.ਵੀ ਨੇ ਇਸ ਰਿਪੋਰਟ ਦੀ ਪੁਸ਼ਟੀ ਕੀਤੀ ਹੈ।

ਜ਼ਹੂਰ ਦੇ ਮਾਰੇ ਜਾਣ ਨਾਲ ਪਾਕਿਸਤਾਨ ਵਿੱਚ ਜੈਸ਼-ਏ-ਮੁਹੰਮਦ ਦੇ ਪੰਜ ਹਾਈਜੈਕਰਾਂ ਵਿੱਚੋਂ ਸਿਰਫ਼ ਦੋ ਹੀ ਹੁਣ ਜਿੰਦਾ ਹਨ, ਜਿਨ੍ਹਾਂ ਵਿੱਚ ਮਸੂਦ ਅਜ਼ਹਰ ਦਾ ਵੱਡਾ ਭਰਾ ਇਬਰਾਹਿਮ ਅਜ਼ਹਰ ਅਤੇ ਇੱਕ ਹੋਰ ਅੱਤਵਾਦੀ ਰਊਫ਼ ਅਸਗਰ ਸ਼ਾਮਲ ਹਨ। 25 ਦਸੰਬਰ 1999 ਨੂੰ ਜ਼ਹੂਰ ਮਿਸਤਰੀ ਵੱਲੋਂ 25 ਸਾਲਾ ਰੁਪਿਨ ਕਤਿਆਲ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ ਅਤੇ ਉਸ ਦੀ ਲਾਸ਼ ਸੰਯੁਕਤ ਅਰਬ ਅਮੀਰਾਤ ਵਿੱਚ ਹਾਈਜੈਕ ਕੀਤੇ ਗਏ ਜਹਾਜ਼ ਵਿੱਚੋਂ ਬਰਾਮਦ ਕੀਤੀ ਗਈ ਸੀ। ਅਗਵਾ ਵਾਲੇ ਦਿਨ ਉਹ ਆਪਣੀ ਪਤਨੀ ਨਾਲ ਕਾਠਮੰਡੂ ਵਿੱਚ ਹਨੀਮੂਨ ਮਨਾ ਕੇ ਦਿੱਲੀ ਪਰਤ ਰਿਹਾ ਸੀ।ਰਿਪੋਰਟਾਂ ਮੁਤਾਬਕ ਜ਼ਹੂਰ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜਿਆ ਹੋਇਆ ਸੀ ਅਤੇ ਕਾਰੋਬਾਰੀ ਵਜੋਂ ਪਾਕਿਸਤਾਨ ‘ਚ ਲੁਕਿਆ ਹੋਇਆ ਸੀ। ਜੈਸ਼ ਦੇ ਇਸ ਅੱਤਵਾਦੀ ‘ਤੇ ਹਮਲਾ ਕਰਨ ਵਾਲੇ ਦੋਵੇਂ ਹਮਲਾਵਰ ਬਾਈਕ ‘ਤੇ ਆਏ ਸਨ। ਇਹ ਦੋਵੇਂ ਹਮਲਾਵਰ ਸੀਸੀਟੀਵੀ ਫੁਟੇਜ ਵਿੱਚ ਦੇਖੇ ਗਏ ਹਨ। ਦੋਵਾਂ ਦੇ ਚਿਹਰਿਆਂ ‘ਤੇ ਮਾਸਕ ਸਨ, ਜਿਸ ਕਾਰਨ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ।

24 ਦਸੰਬਰ 1999 ਨੂੰ ਭਾਰਤੀ ਹਵਾਈ ਜਹਾਜ਼ ਨੂੰ ਕਰ ਲਿਆ ਸੀ ਅਗਵਾ

ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਆਈ.ਸੀ-814 ਨੂੰ 24 ਦਸੰਬਰ 1999 ਨੂੰ ਨੇਪਾਲ ਦੀ ਰਾਜਧਾਨੀ ਕਾਠਮੰਡੂ ਤੋਂ ਹਾਈਜੈਕਰਾਂ ਨੇ ਫੜ ਲਿਆ ਸੀ। ਜਹਾਜ਼ ਨੇ ਕਾਠਮੰਡੂ ਤੋਂ ਦਿੱਲੀ ਜਾਣਾ ਸੀ ਪਰ ਹਾਈਜੈਕਰ ਇਸ ਨੂੰ ਅਫਗਾਨਿਸਤਾਨ ਦੇ ਕੰਧਾਰ ਲੈ ਗਏ। ਉਸ ਸਮੇਂ ਅਫਗਾਨਿਸਤਾਨ ਵਿਚ ਤਾਲਿਬਾਨ ਦਾ ਰਾਜ ਸੀ। ਕੰਧਾਰ ਵਿੱਚ ਜਹਾਜ਼ ਦੇ ਉਤਰਨ ਤੋਂ ਪਹਿਲਾਂ ਅੰਮ੍ਰਿਤਸਰ, ਲਾਹੌਰ ਅਤੇ ਦੁਬਈ ਵੀ ਲਿਜਾਇਆ ਗਿਆ। 

Leave a Reply

Your email address will not be published. Required fields are marked *