ਕੌਮਾਂਤਰੀ ਯੋਗ ਦਿਵਸ ’ਤੇ ਕਲਾਕਾਰਾਂ ਨੇ ਸੁਝਾਏ ਆਸਣ

Home » Blog » ਕੌਮਾਂਤਰੀ ਯੋਗ ਦਿਵਸ ’ਤੇ ਕਲਾਕਾਰਾਂ ਨੇ ਸੁਝਾਏ ਆਸਣ
ਕੌਮਾਂਤਰੀ ਯੋਗ ਦਿਵਸ ’ਤੇ ਕਲਾਕਾਰਾਂ ਨੇ ਸੁਝਾਏ ਆਸਣ

ਮੁੰਬਈ / ਬੌਲੀਵੁੱਡ ਦੇ ਵੱਖ ਵੱਖ ਕਲਾਕਾਰਾਂ, ਅਦਾਕਾਰਾਂ ਨੇ ਅੱਜ ਇੱਥੇ ਕੌਮਾਂਤਰੀ ਯੋਗ ਦਿਵਸ ਮੌਕੇ ਜੀਵਨ ਵਿੱਚ ਯੋਗ ਦੀ ਮਹੱਤਤਾ ’ਤੇ ਚਾਨਣਾ ਪਾਇਆ।

ਅਦਾਕਾਰਾਂ ਨੇ ਸੋਸ਼ਲ ਮੀਡੀਆ ਜ਼ਰੀਏ ਆਪਣੇ ਪ੍ਰਸ਼ੰਸਕਾਂ ਨੂੰ ਯੋਗ ਅਪਣਾਉਣ ਦੀ ਸਲਾਹ ਦਿੱਤੀ। ਬੌਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਕੁੰਦਰਾ ਨੇ ਆਪਣੇ ਇੰਸਟਾਗ੍ਰਾਮ ’ਤੇ ਕੁਝ ਅਜਿਹੇ ਆਸਣ ਸੁਝਾਏ, ਜੋ ਕਰੋਨਾ ਤੋਂ ਜਲਦੀ ਠੀਕ ਹੋਣ ਵਿੱਚ ਮਦਦ ਕਰਦੇ ਹਨ। ਸ਼ਿਲਪਾ ਨੇ ਇੰਸਟਾਗ੍ਰਾਮ ’ਤੇ ਇੱਕ ਵੀਡੀਉ ਵੀ ਸਾਂਝੀ ਕੀਤੀ, ਜਿਸ ਵਿੱਚ ਉਹ ਭਰਾਮਰੀ ਪ੍ਰਾਣਾਯਾਮ ਕਰਦੀ ਦਿਖਾਈ ਦੇ ਰਹੀ ਹੈ। ਉਸ ਨੇ ਲਿਖਿਆ, ‘‘ਸਾਹ ਲਉ… ਇਹ ਸਰੀਰ ਦਾ ਸਭ ਤੋਂ ਮਹੱਤਵਪੂਰਨ ਕੰਮ ਹੈ। ਆਉ, ਕੌਮਾਂਤਰੀ ਯੋਗ ਦਿਵਸ ’ਤੇ ਭਰਾਮਰੀ ਪ੍ਰਾਣਾਯਾਮ ਦਾ ਅਭਿਆਸ ਕਰੀਏ।’’ ਇਸੇ ਤਰ੍ਹਾਂ ਅਦਾਕਾਰਾ ਮਲਾਇਕਾ ਅਰੋੜਾ ਨੇ ਵੀ ਯੋਗ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਜਦੋਂ ਕੁਝ ਸਾਲ ਪਹਿਲਾਂ ਨੱਚਦੇ ਸਮੇਂ ਉਸ ਦੇ ਸੱਟ ਲੱਗੀ ਸੀ ਤਾਂ ਯੋਗ ਨੇ ਦਰਦ ਤੋਂ ਰਾਹਤ ਪਾਉਣ ਵਿੱਚ ਉਸ ਦੀ ਬਹੁਤ ਮਦਦ ਕੀਤੀ ਸੀ। ਅਦਾਕਾਰਾ ਨੇ ਕਿਹਾ ਕਿ ਯੋਗ ਨੂੰ ਜੇਕਰ ਸਹੀ ਢੰਗ ਨਾਲ ਕੀਤਾ ਜਾਵੇ ਤਾਂ ਇਹ ਸਰੀਰ ਅਤੇ ਦਿਮਾਗ ਲਈ ਬਹੁਤ ਆਰਾਮਦਾਇਕ ਹੈ। ਅਦਾਕਾਰਾ ਕੰਗਨਾ ਰਣੌਤ ਨੇ ਕੌਮਾਂਤਰੀ ਯੋਗ ਦਿਵਸ ’ਤੇ ਆਪਣੀ ਕਹਾਣੀ ਬਿਆਨਦਿਆਂ ਕਿਹਾ ਕਿ ਯੋਗ ਨੇ ਉਸ ਦੀ ਭੈਣ ਰੰਗੋਲੀ ਨੂੰ ਤੇਜ਼ਾਬੀ ਹਮਲੇ ਮਗਰੋਂ ਸਦਮੇ ’ਚੋਂ ਬਾਹਰ ਆਉਣ ਵਿੱਚ ਮਦਦ ਕੀਤੀ। ਕੰਗਨਾ ਨੇ ਇੰਸਟਾਗ੍ਰਾਮ ’ਤੇ ਆਪਣੀ ਭੈਣ ਅਤੇ ਭਾਣਜੇ ਦੀ ਤਸਵੀਰ ਵੀ ਸਾਂਝੀ ਕੀਤੀ। ਉਸ ਨੇ ਦੱਸਿਆ ਕਿ ਭਾਵੇਂ 2-3 ਸਾਲਾਂ ਦੌਰਾਨ ਕਰੀਬ 53 ਅਪਰੇਸ਼ਨਾਂ ਸਦਕਾਂ ਉਸ ਦੇ ਸਰੀਰਕ ਜ਼ਖ਼ਮ ਤਾਂ ਭਰ ਗਏ ਪਰ ਦਿਮਾਗੀ ਤੌਰ ’ਤੇ ਇਸ ਹਮਲੇ ’ਚੋਂ ਉੱਭਰਨ ਲਈ ਯੋਗ ਨੇ ਰੰਗੋਲੀ ਦੀ ਬਹੁਤ ਮਦਦ ਕੀਤੀ। ਅਦਾਕਾਰਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਯੋਗ ਨਾਲ ਜੁੜਨ ਦੀ ਸਲਾਹ ਦਿੱਤੀ।

Leave a Reply

Your email address will not be published.