ਕੋਰੋਨਾ ਖ਼ਿਲਾਫ਼ ਇਕ ਹੋਰ ਵੈਕਸੀਨ ਨੋਵਾਵੈਕਸ ਤਿਆਰ-90 ਫ਼ੀਸਦੀ ਅਸਰਦਾਰ

Home » Blog » ਕੋਰੋਨਾ ਖ਼ਿਲਾਫ਼ ਇਕ ਹੋਰ ਵੈਕਸੀਨ ਨੋਵਾਵੈਕਸ ਤਿਆਰ-90 ਫ਼ੀਸਦੀ ਅਸਰਦਾਰ
ਕੋਰੋਨਾ ਖ਼ਿਲਾਫ਼ ਇਕ ਹੋਰ ਵੈਕਸੀਨ ਨੋਵਾਵੈਕਸ ਤਿਆਰ-90 ਫ਼ੀਸਦੀ ਅਸਰਦਾਰ

ਵਾਸ਼ਿੰਗਟਨ / ਕੋਰੋਨਾ ਖ਼ਿਲਾਫ਼ ਲੜਾਈ ਲਈ ਇਕ ਹੋਰ ਕੰਪਨੀ ‘ਨੋਵਾਵੈਕਸ’ ਨੇ ਵੈਕਸੀਨ ਤਿਆਰ ਕਰ ਲਈ ਹੈ, ਜੋ 90 ਫ਼ੀਸਦੀ ਅਸਰਦਾਰ ਹੈ।

ਵੈਕਸੀਨ ਨਿਰਮਾਤਾ ਨੋਵਾਵੈਕਸ ਨੇ ਦੱਸਿਆ ਕਿ ਕੰਪਨੀ ਵਲੋਂ ਤਿਆਰ ਕੀਤਾ ਟੀਕਾ ਕੋਰੋਨਾ ਖ਼ਿਲਾਫ਼ ਕਾਫ਼ੀ ਪ੍ਰਭਾਵਸ਼ਾਲੀ ਸਾਬਿਤ ਹੋਇਆ ਹੈ ਅਤੇ ਇਹ ਵਾਇਰਸ ਦੇ ਸਾਰੇ ਰੂਪਾਂ ਖ਼ਿਲਾਫ਼ ਸੁਰੱਖਿਆ ਪ੍ਰਦਾਨ ਕਰਦਾ ਹੈ। ਵੈਕਸੀਨ ਦੇ ਇਹ ਨਤੀਜੇ ਭਾਰਤ ਲਈ ਵੀ ਮਹੱਤਵਪੂਰਨ ਹਨ, ਕਿਉਂਕਿ ਭਾਰਤ ਦਾ ਸੀਰਮ ਇੰਸਟੀਚਿਊਟ ਨੋਵਾਵੈਕਸ ਦਾ ਉਤਪਾਦਕ ਭਾਈਵਾਲ ਹੈ ਅਤੇ ਸਰਕਾਰ ਨੇ ਪਹਿਲਾਂ ਹੀ ਸੰਕੇਤ ਦਿੱਤੇ ਸਨ ਕਿ ਦੇਸ਼ ‘ਚ ਅਗਸਤ ਤੋਂ ਦਸੰਬਰ ਦਰਮਿਆਨ ਵੈਕਸੀਨ ਦੀਆਂ ਕਰੀਬ 20 ਕਰੋੜ ਖ਼ੁਰਾਕਾਂ ਉਪਲਬਧ ਹੋਣਗੀਆਂ। ਅਮਰੀਕਾ ਤੇ ਮੈਕਸੀਕੋ ‘ਚ ਕਰੀਬ 30 ਹਜ਼ਾਰ ਵਲੰਟੀਰਆਂ ‘ਤੇ ਜਨਵਰੀ ਤੋਂ ਅਪ੍ਰੈਲ ਤੱਕ ਕੀਤੇ ਅਧਿਐਨ ‘ਚ ਸਾਹਮਣੇ ਆਇਆ ਹੈ ਕਿ ਨੋਵਾਵੈਕਸ ਕੋਰੋਨਾ ਦੇ ਵੱਖ-ਵੱਖ ਰੂਪਾਂ ਤੋਂ ਵੱਡੀ ਪੱਧਰ ‘ਤੇ ਸੁਰੱਖਿਆ ਪ੍ਰਦਾਨ ਕਰਦੀ ਹੈ।

ਕੰਪਨੀ ਨੇ ਕਿਹਾ ਕਿ ਮੁਢਲੇ ਅੰਕੜਿਆਂ ਅਨੁਸਾਰ ਵੈਕਸੀਨ ਕੁੱਲ ਮਿਲਾ ਕੇ 90 ਫ਼ੀਸਦੀ ਦੇ ਕਰੀਬ ਅਸਰਦਾਰ ਅਤੇ ਸੁਰੱਖਿਅਤ ਸਾਬਿਤ ਹੋਈ ਹੈ। ਭਾਵੇਂ ਅਮਰੀਕਾ ‘ਚ ਕੋਰੋਨਾ ਵੈਕਸੀਨ ਦੀ ਮੰਗ ‘ਚ ਕਮੀ ਆਈ ਹੈ ਪਰ ਦੁਨੀਆ ਭਰ ‘ਚ ਹੋਰ ਜ਼ਿਆਦਾ ਵੈਕਸੀਨ ਦੀ ਲੋੜ ਮਹੱਤਵਪੂਰਨ ਬਣੀ ਹੋਈ ਹੈ। ਨੋਵਾਵੈਕਸ ਵੈਕਸੀਨ, ਜਿਸ ਨੂੰ ਭੰਡਾਰ ਕਰਨਾ ਤੇ ਇਕ ਥਾਂ ਤੋਂ ਦੂਸਰੀ ਥਾਂ ‘ਤੇ ਲੈ ਕੇ ਜਾਣਾ ਸੌਖਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਵਿਕਾਸਸ਼ੀਲ ਦੇਸ਼ਾਂ ‘ਚ ਵੈਕਸੀਨ ਦੀ ਪੂਰਤੀ ਨੂੰ ਵਧਾਉਣ ‘ਚ ਮਹੱਤਵਪੂਰਨ ਭੂਮਿਕਾ ਅਦਾ ਕਰ ਸਕਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਉਸ ਦੀ ਯੋਜਨਾ ਸਤੰਬਰ ਦੇ ਅੰਤ ਤੱਕ ਅਮਰੀਕਾ, ਯੂਰਪ ਅਤੇ ਹੋਰਨਾਂ ਦੇਸ਼ਾਂ ‘ਚ ਵੈਕਸੀਨ ਦੀ ਵਰਤੋਂ ਲਈ ਪ੍ਰਵਾਨਗੀ ਲੈਣ ਦੀ ਹੈ ਅਤੇ ਉਸ ਸਮੇਂ ਤੱਕ ਕੰਪਨੀ ਇਕ ਮਹੀਨੇ ‘ਚ 10 ਕਰੋੜ ਖ਼ੁਰਾਕਾਂ ਦਾ ਉਤਪਾਦਨ ਕਰਨ ‘ਚ ਸਮਰੱਥ ਹੋ ਜਾਵੇਗੀ। ਕੰਪਨੀ ਦੇ ਸੀ. ਈ.E. ਸਟੇਨਲੀ ਐਰਕ ਨੇ ਦੱਸਿਆ ਕਿ ਸਾਡੀ ਵੈਕਸੀਨ ਦੀਆਂ ਸ਼ੁਰੂਆਤੀ ਕਈ ਖ਼ੁਰਾਕਾਂ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ‘ਚ ਜਾਣਗੀਆਂ।

Leave a Reply

Your email address will not be published.