ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਆਈ ਗਿਰਾਵਟ

Home » Blog » ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਆਈ ਗਿਰਾਵਟ
ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਆਈ ਗਿਰਾਵਟ

ਨਵੀਂ ਦਿੱਲੀ / ਭਾਰਤ ‘ਚ ਕੋਵੀਸ਼ੀਲਡ ਵੈਕਸੀਨ ਦੀਆਂ 2 ਖੁਰਾਕਾਂ ਦੇ ਟੀਕਾਕਰਨ ‘ਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਉਦੋਂ ਤੱਕ ਵੈਕਸੀਨ ਦੀ ਪਹਿਲੀ ਅਤੇ ਦੂਜੀ ਖੁਰਾਕ ਵੱਖ-ਵੱਖ ਕੰਪਨੀਆਂ ਦੀ ਲਾਈ ਜਾਵੇਗੀ ਜਦੋਂ ਤੱਕ ਇਹ ਵਿਗਿਆਨਕ ਆਧਾਰ ‘ਤੇ ਸਹੀ ਸਾਬਤ ਨਹੀਂ ਹੋ ਜਾਂਦਾ |

ਸਿਹਤ ਮੰਤਰਾਲੇ ਨੇ ਵੈਕਸੀਨਾਂ ਨੂੰ ਲੈ ਕੇ ਮੀਡੀਆ ਦੇ ਕੁਝ ਹਿੱਸਿਆਂ ‘ਚ ਫੈਲਾਏ ਜਾ ਰਹੇ ਭਰਮ-ਭੁਲੇਖਿਆਂ ਨੂੰ ਲੈ ਕੇ ਸਪੱਸ਼ਟੀਕਰਨ ਦਿੰਦਿਆਂ ਉਕਤ ਬਿਆਨ ਦਿੱਤਾ | ਨੀਤੀ ਆਯੋਗ ਦੇ ਮੈਂਬਰ ਵੀ.ਕੇ. ਪੌਲ ਨੇ ਮੰਗਲਵਾਰ ਨੂੰ ਕੀਤੀ ਪ੍ਰੈੱਸ ਕਾਨਫ਼ਰੰਸ ‘ਚ ਕਿਹਾ ਕਿ ਭਾਰਤ ‘ਚ ਕੋਵੀਸ਼ੀਲਡ ਦੀ ਜੋ ਸਮਾਂ ਸਾਰਨੀ ਹੈ, ਪਹਿਲੀ ਖੁਰਾਕ ਦੇ 12 ਹਫ਼ਤਿਆਂ ਤੋਂ ਬਾਅਦ ਦੂਜੀ ਖੁਰਾਕ ਉਹ ਹੀ ਰਹੇਗੀ | ਇਸ ਤੋਂ ਇਲਾਵਾ ਕੋਵੈਕਸੀਨ ਦਾ ਵੀ ਪਹਿਲੀ ਤੋਂ ਨਿਰਧਾਰਿਤ ਸਮਾਂ, ਪਹਿਲੀ ਖੁਰਾਕ ਦੇ 4 ਤੋਂ 6 ਹਫ਼ਤਿਆਂ ਬਾਅਦ ਦੂਜੀ ਖੁਰਾਕ ਉਸ ‘ਚ ਵੀ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ | ਡਾ. ਪੌਲ ਨੇ ਵੈਕਸੀਨ ਦੀਆਂ 2 ਖੁਰਾਕਾਂ ਨੂੰ ਮਿਕਸ ਕਰਨ ਭਾਵ ਵੱਖ-ਵੱਖ ਕੰਪਨੀਆਂ ਦੀਆਂ 2 ਖੁਰਾਕਾਂ ਲਾਉਣ ਬਾਰੇ ਵੀ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਇਹ ਵਿਗਿਆਨ ਦਾ ਅਣਸੁਲਝਿਆ ਮੁੱਦਾ ਹੈ | ਇਸ ਸਬੰਧ ‘ਚ ਦੋ ਰਾਇ ਹਨ | ਇਕ ਰਾਇ ਮੁਤਾਬਿਕ ਦੋ ਵੱਖ-ਵੱਖ ਕੰਪਨੀਆਂ ਦੇ ਟੀਕੇ ਲਾਉਣ ਨਾਲ ਉਲਟ ਪ੍ਰਭਾਵ ਪੈ ਸਕਦਾ ਹੈ |

ਜਦਕਿ ਦੂਜੇ ਵਿਚਾਰ ਮੁਤਾਬਿਕ ਇਸ ਨਾਲ ਮਾਮਲੇ ‘ਚ ਵਾਧਾ ਹੋ ਸਕਦਾ ਹੈ ਪਰ ਜਦੋਂ ਤੱਕ ਇਸ ਸਬੰਧ ‘ਚ ਕੁਝ ਵੀ ਵਿਗਿਆਨਕ ਆਧਾਰ ‘ਤੇ ਸਾਬਤ ਨਹੀਂ ਹੁੰਦਾ ਤਦ ਤੱਕ ਜੋ ਸਥਾਪਤ ਪ੍ਰੋਟੋਕੋਲ ਹੈ ਉਸ ਮੁਤਾਬਿਕ ਵੱਖ-ਵੱਖ ਕੰਪਨੀਆਂ ਦੀ ਵੈਕਸੀਨਾਂ ਦੀਆਂ ਖੁਰਾਕਾਂ ਨਹੀਂ ਲਾਈਆਂ ਜਾਣਗੀਆਂ, ਜਿਸ ਕੰਪਨੀ ਦੀ ਪਹਿਲੀ ਖੁਰਾਕ ਲਾਈ ਗਈ ਹੈ, ਉਸੇ ਕੰਪਨੀ ਦੀ ਹੀ ਦੂਜੀ ਖੁਰਾਕ ਲਾਈ ਜਾਵੇਗੀ | ਸਰਕਾਰ ਵਲੋਂ ਇਹ ਸਪੱਸ਼ਟੀਕਰਨ ਉਸ ਵੇਲੇ ਆਇਆ ਹੈ ਜਦੋਂ ਵੈਕਸੀਨ ਦੀ ਕਿੱਲਤ ਦੀਆਂ ਖ਼ਬਰਾਂ ਦਰਮਿਆਨ ਸਰਕਾਰੀ ਹਲਕਿਆਂ ਦੇ ਹਵਾਲੇ ਨਾਲ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਸਰਕਾਰ ਕੋਵੀਸ਼ੀਲਡ ਦੀ ਸਿੰਗਲ ਖੁਰਾਕ ਅਤੇ ਕੋਵੈਕਸੀਨਾਂ ਦੀਆਂ ਦੋਵੇਂ ਖੁਰਾਕਾਂ ਵੱਖ-ਵੱਖ ਕੰਪਨੀਆਂ ਦੇ ਦਿੱਤੇ ਜਾਣ ਬਾਰੇ ਰਣਨੀਤੀ ਉਲੀਕਣ ਦੀ ਕੋਸ਼ਿਸ਼ ਕਰ ਰਹੀ ਹੈ | ਹਲਕਿਆਂ ਮੁਤਾਬਿਕ ਇਸ ਅਧਿਐਨ ਦੀ ਪ੍ਰਭਾਵਸ਼ੀਲਤਾ ਅਤੇ ਰਿਪੋਰਟ ‘ਚ ਦੋ ਤੋਂ ਢਾਈ ਮਹੀਨੇ ਦਾ ਸਮਾਂ ਲੱਗ ਸਕਦਾ ਹੈ |

ਤੀਜੀ ਲਹਿਰ ‘ਚ ਬੱਚਿਆਂ ‘ਤੇ ਪ੍ਰਭਾਵ ਪੈਣ ਦੇ ਖ਼ਦਸ਼ੇ ਦੇ ਹਾਲਾਤ ਨਾਲ ਨਜਿੱਠਣ ਲਈ ਸਰਕਾਰ ਤਿਆਰ ਕੋਰੋਨਾ ਦੀ ਤੀਜੀ ਲਹਿਰ ‘ਚ ਬੱਚਿਆਂ ‘ਤੇ ਪੈਣ ਵਾਲੇ ਪ੍ਰਭਾਵਾਂ ਦੇ ਖਦਸ਼ਿਆਂ ਦਰਮਿਆਨ ਕੇਂਦਰ ਸਰਕਾਰ ਨੇ ਕਿਹਾ ਕਿ ਸਰਕਾਰ ਤੀਜੀ ਲਹਿਰ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ | ਨੀਤੀ ਆਯੋਗ ਦੇ ਮੈਂਬਰ ਡਾ. ਵੀ.ਕੇ. ਪੌਲ ਨੇ ਕਿਹਾ ਕਿ ਜ਼ਿਆਦਾਤਰ ਬੱਚਿਆਂ ‘ਚ ਕੋਰੋਨਾ ਦੇ ਪ੍ਰਭਾਵ ਨਜ਼ਰ ਨਹੀਂ ਆਉਂਦੇ ਅਤੇ ਨਾ ਹੀ ਉਨ੍ਹਾਂ ‘ਤੇ ਕੋਈ ਗੰਭੀਰ ਪ੍ਰਭਾਵ ਪੈਂਦਾ ਹੈ ਪਰ ਵਾਇਰਸ ਦੇ ਬਦਲਦੇ ਸੁਭਾਅ ਕਾਰਨ ਇਨਫੈਕਸ਼ਨ ਵਧ ਸਕਦਾ ਹੈ | ਪੌਲ ਨੇ ਕਿਹਾ ਕਿ ਸਰਕਾਰ ਵਲੋਂ ਇਸ ਸਬੰਧ ‘ਚ ਮਾਹਿਰਾਂ ਦਾ ਇਕ ਗਰੁੱਪ ਬਣਾਇਆ ਗਿਆ ਹੈ ਅਤੇ ਅੰਕੜਿਆਂ ਅਤੇ ਤਜਰਬਿਆਂ ਮੁਤਾਬਿਕ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਜਾ ਰਹੇ ਹਨ | ਡਾ. ਪੌਲ ਮੁਤਾਬਿਕ 2 ਤੋਂ 3 ਫ਼ੀਸਦੀ ਬੱਚਿਆਂ ਨੂੰ ਹਸਪਤਾਲ ਦੀ ਲੋੜ ਪੈ ਸਕਦੀ ਹੈ ਹਾਲਾਂਕਿ ਸਰਕਾਰ ਦੀ ਤਿਆਰੀ ਇਸ ਤੋਂ ਦੋ ਤੋਂ ਢਾਈ ਗੁਣਾ ਵੱਧ ਹੈ |

ਭਾਰਤ ‘ਚ ਤਕਰੀਬਨ 350 ਜ਼ਿਲ੍ਹਿਆਂ ‘ਚ 5 ਫ਼ੀਸਦੀ ਤੋਂ ਘੱਟ ਆਈ ਪਾਜ਼ੀਟਿਵਿਟੀ ਦਰ ਸਿਹਤ ਮੰਤਰਾਲੇ ਨੇ ਕੋਰੋਨਾ ਮਾਮਲਿਆਂ ਦੇ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਦੇਸ਼ ਦੇ 350 ਜ਼ਿਲ੍ਹਿਆਂ ਭਾਵ ਤਕਰੀਬਨ ਅੱਧੇ ਭਾਰਤ ‘ਚ 5 ਫ਼ੀਸਦੀ ਤੋਂ ਘੱਟ ਪਾਜ਼ੀਟਿਵਿਟੀ ਦਰ ਦਰਜ ਕੀਤੀ ਗਈ ਹੈ | ਮੰਤਰਾਲੇ ਮੁਤਾਬਿਕ 239 ਜ਼ਿਲ੍ਹਿਆਂ ‘ਚ ਪਾਜ਼ੀਟਿਵਿਟੀ ਦਰ 10 ਫ਼ੀਸਦੀ ਤੋਂ ਜ਼ਿਆਦਾ ਹੈ | ਸਿਹਤ ਮੰਤਰਾਲੇ ਮੁਤਾਬਿਕ ਪਿਛਲੇ 24 ਘੰਟਿਆਂ ‘ਚ 1 ਲੱਖ, 27 ਹਜ਼ਾਰ ਮਾਮਲੇ ਦਰਜ ਕੀਤੇ ਗਏ, ਜੋ ਕਿ ਦੇਸ਼ ‘ਚ ਕੋਰੋਨਾ ਦੇ ਘੱਟ ਹੁੰਦੇ ਟ੍ਰੈਂਡ ਦੇ ਸੰਕੇਤ ਦੇ ਰਹੇ ਹਨ | ਦੇਸ਼ ‘ਚ ਸਰਗਰਮ ਮਾਮਲਿਆਂ ਦੀ ਗਿਣਤੀ 43 ਦਿਨਾਂ ਬਾਅਦ 20 ਲੱਖ ਤੋਂ ਘੱਟ ਹੋਈ ਹੈ , ਜਦਕਿ ਪਿਛਲੇ 24 ਘੰਟਿਆਂ ‘ਚ ਮੌਤਾਂ ਦੀ ਗਿਣਤੀ 2795 ਦਰਜ ਕੀਤੀ ਗਈ ਹੈ |

‘ਸਪੂਤਨਿਕ-ਵੀ’ ਦੀਆਂ 30 ਲੱਖ ਖ਼ੁਰਾਕਾਂ ਪੁੱਜੀਆਂ ਹੈਦਰਾਬਾਦ / ਰੂਸ ਵਲੋਂ ਤਿਆਰ ਕੀਤੀ ਕੋਰੋਨਾ ਵੈਕਸੀਨ ‘ਸਪੂਤਨਿਕ-ਵੀ’ ਦੀਆਂ 30 ਲੱਖ ਖ਼ੁਰਾਕਾਂ ਅੱਜ ਹੈਦਰਾਬਾਦ ਪੁੱਜ ਗਈਆਂ | ਜੀ. ਐਮ. ਆਰ. ਹੈਦਰਾਬਾਦ ਏਅਰ ਕਾਰਗੋ (ਜੀ.ਐਚ.ਏ.ਸੀ.) ਨੇ ਜਾਰੀ ਬਿਆਨ ‘ਚ ਦੱਸਿਆ ਕਿ ਵਿਸ਼ੇਸ਼ ਚਾਰਟਡ ਜਹਾਜ਼ ਰਾਹੀਂ ਵੈਕਸੀਨ ਰੂਸ ਤੋਂ ਅੱਜ ਸਵੇਰੇ ਕਰੀਬ 4 ਵਜੇ ਹੈਦਰਾਬਾਦ ਵਿਖੇ ਪਹੁੰਚ ਗਈ ਹੈ | ਬਿਆਨ ‘ਚ ਦੱਸਿਆ ਕਿ ਜੀ. ਐਸ. ਏ. ਸੀ. ਪਹਿਲਾਂ ਵੀ ਦਰਾਮਦ ਕੀਤੀ ਵੈਕਸੀਨ ਦੀਆਂ ਕਈ ਖੇਪਾਂ ਨੂੰ ਸੰਭਾਲ ਚੁੱਕਾ ਹੈ ਅਤੇ ਅੱਜ ਪੁੱਜੀ ਵੈਕਸੀਨ ਦੀ 56.6 ਟਨ ਦੀ ਖੇਪ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਸੀ | ਇਸ ਖੇਪ ਨੂੰ 90 ਮਿੰਟਾਂ ਤੋਂ ਘੱਟ ਸਮੇਂ ‘ਚ ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਕਰਕੇ ਭੇਜ ਦਿੱਤਾ ਗਿਆ | ‘ਸਪੂਤਨਿਕ-ਵੀ’ ਵੈਕਸੀਨ ਦੇ ਵਿਸ਼ੇਸ਼ ਪ੍ਰਬੰਧਨ ਅਤੇ ਭੰਡਾਰਨ ਦੀ ਜ਼ਰੂਰਤ ਹੁੰਦੀ ਹੈ ਅਤੇ ਇਸ ਲਈ ਮਨਫ਼ੀ 20 ਡਿਗਰੀ ਸੈਲਸੀਅਸ ਤਾਪਮਾਨ ਰੱਖਣਾ ਜ਼ਰੂਰੀ ਹੁੰਦਾ ਹੈ |

Leave a Reply

Your email address will not be published.