ਕੋਰੋਨਾ ਦੀ ਦੂਜੀ ਲਹਿਰ ਰੋਕਣ ਲਈ ਤੁਰੰਤ ਸਖ਼ਤ ਕਦਮ ਚੁੱਕਣ ਦੀ ਲੋੜ-ਮੋਦੀ

ਪ੍ਰਧਾਨ ਮੰਤਰੀ ਵਲੋਂ ਸਥਿਤੀ ਦੇ ਜਾਇਜ਼ੇ ਲਈ ਮੁੱਖ ਮੰਤਰੀਆਂ ਨਾਲ ਗੱਲਬਾਤ

ਨਵੀਂ ਦਿੱਲੀ / ਦੇਸ਼ ਦੇ ਕਈ ਹਿੱਸਿਆਂ ‘ਚ ਕੋਰੋਨਾ ਕੇਸਾਂ ਦੇ ਵਧਣ ‘ਤੇ ਚਿੰਤਾ ਪ੍ਰਗਟਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਦੀ ਦੂਸਰੀ ਲਹਿਰ ਦੇ ਫੈਲਾਅ ਨੂੰ ਰੋਕਣ ਲਈ ਤੁਰੰਤ ਅਤੇ ਫ਼ੈਸਲਾਕੁੰਨ ਕਦਮ ਚੁੱਕਣ ਨੂੰ ਕਿਹਾ ਅਤੇ ਪ੍ਰੀਖ਼ਣ (ਟੈਸਟ), ਨਿਗਰਾਨੀ (ਟਰੈਕ) ਤੇ ਇਲਾਜ (ਟ੍ਰੀਟ) ਦੀ ਗੰਭੀਰਤਾ ਨਾਲ ਪਾਲਣਾ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ । ਕੋਰੋਨਾ ਮਹਾਂਮਾਰੀ ਦੀ ਸਥਿਤੀ ਅਤੇ ਜਾਰੀ ਟੀਕਾਕਰਨ ਮੁਹਿੰਮ ‘ਤੇ ਮੁੱਖ ਮੰਤਰੀਆਂ ਨਾਲ ਵੀਡੀE ਕਾਨਫਰੰਸਿੰਗ ਜ਼ਰੀਏ ਗੱਲਬਾਤ ਕਰਦਿਆਂ ਮੋਦੀ ਨੇ ਕਿਹਾ ਕਿ ਵੈਕਸੀਨ ਮਹਾਂਮਾਰੀ ਖ਼ਿਲਾਫ਼ ਇਕ ਪ੍ਰਭਾਵੀ ਹਥਿਆਰ ਹੈ ਅਤੇ ਉਨ੍ਹਾਂ ਸੂਬਿਆਂ ਨੂੰ ਹੋਰ ਟੀਕਾਕਰਨ ਕੇਂਦਰ ਸਥਾਪਤ ਕਰਨ ਨੂੰ ਕਿਹਾ । ਜਨਵਰੀ ‘ਚ ਸ਼ੁਰੂ ਹੋਈ ਟੀਕਾਕਰਨ ਮੁਹਿੰਮ ਤੋਂ ਬਾਅਦ ਪਹਿਲੀ ਵਾਰ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਦਿਆਂ ਮੋਦੀ ਨੇ ਕਿਹਾ ਕਿ ਮਹਾਰਾਸ਼ਟਰ ਅਤੇ ਪੰਜਾਬ ਵਰਗੇ ਸੂਬਿਆਂ ‘ਚ ਕੋਰੋਨਾ ਮਾਮਲੇ ਵਧ ਰਹੇ ਹਨ ਜਦਕਿ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ‘ਚ ਸਕਾਰਾਤਮਕਤਾ ਦਰ ‘ਚ ਵਾਧਾ ਹੋਇਆ ਹੈ । ਉਨ੍ਹਾਂ ਕਿਹਾ ਕਿ ਬੀਤੇ ਕੁਝ ਹਫਤਿਆਂ ‘ਚ ਦੇਸ਼ ਦੇ 70 ਜ਼ਿਲਿ੍ਹਆਂ ‘ਚ ਸਕਾਰਾਤਮਕਤਾ (ਪਾਜ਼ੀਟੀਵਿਟੀ) ਦਰ ‘ਚ 150 ਫ਼ੀਸਦੀ ਦਾ ਵਾਧਾ ਹੋਇਆ ਹੈ । ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇਸ ਨੂੰ ਇਥੇ ਨਾ ਰੋਕਿਆ ਤਾਂ ਦੇਸ਼ ਭਰ ‘ਚ ਪ੍ਰਕੋਪ ਦੀ ਸਥਿਤੀ ਪੈਦਾ ਹੋ ਸਕਦੀ ਹੈ ।

ਮੁੱਖ ਮੰਤਰੀਆਂ ਨੂੰ ਕੋਰੋਨਾ ਟੈਸਟ ਵਧਾਉਣ ਦੀ ਅਪੀਲ ਕਰਦਿਆਂ ਮੋਦੀ ਨੇ ਕਿਹਾ ਕਿ ਜਿਹੜੇ ਇਲਾਕੇ ਪਹਿਲਾਂ ਸੁਰੱਖਿਅਤ ਖੇਤਰਾਂ ਵਜੋਂ ਵੇਖੇ ਗਏ ਸਨ ਹੁਣ ਉਥੇ ਪਾਜ਼ੀਟਿਵ ਮਾਮਲਿਆਂ ‘ਚ ਵਾਧਾ ਹੁੰਦਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਹੁਣ ਤੱਕ ਮਹਾਂਮਾਰੀ ਖ਼ਿਲਾਫ਼ ਭਾਰਤ ਦੀ ਸਫ਼ਲ ਲੜਾਈ ਪਿੱਛੇ ਇਕ ਕਾਰਨ ਇਹ ਸੀ ਕਿ ਪਿੰਡ ਕਾਫੀ ਹੱਦ ਤੱਕ ਮਹਾਂਮਾਰੀ ਤੋਂ ਪ੍ਰਭਾਵਿਤ ਨਹੀਂ ਹੋਏ ਸਨ ਅਤੇ ਹੁਣ ਜੇਕਰ ਇਹ ਛੋਟੇ ਕਸਬਿਆਂ ‘ਚ ਫ਼ੈਲ ਗਿਆ ਤਾਂ ਪੇਂਡੂ ਇਲਾਕੇ ਵੀ ਪ੍ਰਭਾਵਿਤ ਹੋਣਗੇ । ਉਨ੍ਹਾਂ ਕਿਹਾ ਕਿ ਜੇ ਪੇਂਡੂ ਇਲਾਕਿਆਂ ‘ਚ ਕੋਰੋਨਾ ਫੈਲ ਗਿਆ ਤਾਂ ਇੱਥੇ ਮੌਜੂਦਾ ਵਿਵਸਥਾ ਘੱਟ ਪੈ ਸਕਦੀ ਹੈ । ਇਸ ਲਈ ਉਨ੍ਹਾਂ ਸੂਬਿਆਂ ਨੂੰ ਜ਼ਰੂਰੀ ਕਦਮ ਚੁੱਕਣ ਨੂੰ ਕਿਹਾ । ਮੋਦੀ ਨੇ ਸੂਬਿਆਂ ਨੂੰ ਆਰਟੀਪੀ. ਸੀ.ਆਰ. ਟੈਸਟ ਵਧਾਉਣ ਅਤੇ ਛੋਟੇ ਕੰਟੇਨਮੈਂਟ ਜ਼ੋਨ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਮੁੱਖ ਮੰਤਰੀਆਂ ਨੂੰ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਵਰਗੇ ਰੋਕਥਾਮ ਉਪਾਵਾਂ ਨੂੰ ਵੀ ਸਖ਼ਤੀ ਨਾਲ ਲਾਗੂ ਕਰਨ ਨੂੰ ਕਿਹਾ । ਮੋਦੀ ਨੇ ਕਿਹਾ ਕਿ ਲੋਕਾਂ ਨੂੰ ਘਬਰਾਹਟ-ਮੋਡ ‘ਤੇ ਨਹੀਂ ਪਾਉਣਾ ਚਾਹੀਦਾ ਪਰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਉਹ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ । ਉਨ੍ਹਾਂ ਕਿਹਾ ਕਿ ਪ੍ਰੀਖਣ, ਨਿਗਰਾਨੀ ਤੇ ਇਲਾਜ ਨੂੰ ਹੁਣ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਕਿਉਂਕਿ ਮਹਾਂਮਾਰੀ ਨੂੰ ਹੁਣ ਇਕ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ । 

ਮੋਦੀ ਨੇ ਕੋਵਿਡ ਵੈਕਸੀਨਾਂ ਦੀ ਬਰਬਾਦੀ ਰੋਕਣ ਦੇ ਮੁੱਦੇ ਨੂੰ ਵੀ ਗੰਭੀਰਤਾ ਨਾਲ ਚੁੱਕਣ ਦੀ ਲੋੜ ‘ਤੇ ਜ਼ੋਰ ਦਿੱਤਾ । ਮੁਲਾਕਾਤ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਨ੍ਹਾਂ ਜ਼ਿਲਿ੍ਹਆਂ ਦੀ ਸੂਚੀ ਸੌਂਪੀ ਜਿਨ੍ਹਾਂ ‘ਚ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਰਾਜਾਂ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ । ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਮੀਟਿੰਗ ‘ਚ ਹਾਜ਼ਰ ਨਹੀਂ ਹੋਏ ।

Leave a Reply

Your email address will not be published. Required fields are marked *