ਕੋਰੋਨਾ ਦੀ ਦੂਜੀ ਲਹਿਰ : ਦੇਸ਼ ਲਈ ਅਗਲੇ 4 ਹਫ਼ਤੇ ਬੇਹੱਦ ਜ਼ੋਖਮ ਭਰੇ

• 630 ਹੋਰ ਮੌਤਾਂ • ‘ਸੰਭਲ ਕੇ ਰਹੋ, ਅਗਲੇ 30 ਦਿਨ ਖ਼ਤਰਨਾਕ’-ਕੇਂਦਰ • ਚੰਡੀਗੜ੍ਹ ਅਤੇ ਦਿੱਲੀ ‘ਚ ਰਾਤ ਦਾ ਕਰਫ਼ਿਊ

ਕੈਨਡਾ ਨਵੀਂ ਦਿੱਲੀ ਕੇਂਦਰੀ ਸਿਹਤ ਮੰਤਰਾਲਾ ਨੇ ਕਿਹਾ ਕਿ ਕੋਰੋਨਾ ਵਾਇਰਸ ਬਹੁਤ ਤੇਜ਼ ਰਫ਼ਤਾਰ ਨਾਲ ਫੈਲ ਰਿਹਾ ਹੈ ਅਤੇ ਮਹਾਮਾਰੀ ਦੀ ਤੀਬਰਤਾ ਵੀ ਵਧੀ ਹੈ। ਇਸ ਨੂੰ ਵੇਖਦਿਆਂ ਆਉਣ ਵਾਲੇ 4 ਹਫਤੇ ਦੇਸ਼ ਲਈ ਕਾਫੀ ਜ਼ੋਖਮ ਭਰੇ ਹਨ। ਮੰਤਰਾਲਾ ਦਾ ਅਨੁਮਾਨ ਹੈ ਕਿ ਅਪ੍ਰੈਲ ਤੋਂ ਬਾਅਦ ਹਾਲਾਤ ਵਿਚ ਕੁਝ ਸੁਧਾਰ ਸੰਭਵ ਹੈ। ਫਿਲਹਾਲ ਦੇਸ਼ ਦੇ 10 ਜ਼ਿਲ੍ਹਿਆਂ ਵਿਚ ਕੋਰੋਨਾ ਦੇ ਕੇਸ ਤੇਜ਼ੀ ਨਾਲ ਵਧਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਜ਼ਿਲਿਆਂ ਵਿਚ 7 ਜ਼ਿਲੇ ਮਹਾਰਾਸ਼ਟਰ, ਇਕ ਇਕ ਜ਼ਿਲਾ ਪੰਜਾਬ, ਦਿੱਲੀ ਤੇ ਛੱਤੀਸਗੜ੍ਹ ਤੋਂ ਹੈ। ਕੋਰੋਨਾ ਸਬੰਧੀ ਮੰਗਲਵਾਰ ਨੂੰ ਸਿਹਤ ਮੰਤਰਾਲਾ ਤੇ ਨੀਤੀ ਆਯੋਗ ਦੀ ਹੋਈ ਸਾਂਝੀ ਪ੍ਰੈੱਸ ਕਾਨਫਰੰਸ ਵਿਚ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਦੱਸਿਆ ਕਿ ਮੌਜੂਦਾ ਸਮੇਂ ’ਚ ਮਹਾਰਾਸ਼ਟਰ, ਪੰਜਾਬ ਤੇ ਛੱਤੀਸਗੜ੍ਹ ਦੇ ਹਾਲਾਤ ਚਿੰਤਾਜਨਕ ਹਨ। ਮਹਾਰਾਸ਼ਟਰ ’ਚ ਸਥਿਤੀ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ। ਇੱਥੇ ਫਰਵਰੀ ਦੇ ਦੂਜੇ ਹਫ਼ਤੇ ’ਚ ਰੋਜ਼ਾਨਾ ਲਗਭਗ 3 ਹਜ਼ਾਰ ਨਵੇਂ ਮਾਮਲੇ ਆਉਂਦੇ ਸਨ, ਇਹ ਹੁਣ ਵਧ ਕੇ 44 ਹਜ਼ਾਰ ਰੋਜ਼ਾਨਾ ਹੋ ਚੁੱਕੇ ਹਨ।

ਮਹਾਰਾਸ਼ਟਰ ਦਾ ਅੰਕੜਾ ਪੂਰੇ ਦੇਸ਼ ਵਿਚ ਆਉਣ ਵਾਲੇ ਕੋਰੋਨਾ ਕੇਸਾਂ ਦਾ 58 ਫੀਸਦੀ ਹੈ। ਇੱਥੇ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਪਿਛਲੇ 2 ਮਹੀਨਿਆਂ ਵਿਚ 32 ਤੋਂ ਵਧ ਕੇ 250 ਰੋਜ਼ਾਨਾ ਹੋ ਗਈ ਹੈ, ਜੋ ਦੇਸ਼ ਵਿਚ ਹੋ ਰਹੀਆਂ ਕੁਲ ਮੌਤਾਂ ਦਾ 34 ਫ਼ੀਸਦੀ ਹੈ। ਪੰਜਾਬ ਵਿਚ ਕੋਰੋਨਾ ਦੀ ਪਾਜ਼ੇਟਿਵਿਟੀ ਦਰ 8.8 ਫੀਸਦੀ ਹੈ ਅਤੇ ਮੌਤ ਦਰ ਦੇਸ਼ ਦੇ ਔਸਤ ਦਾ 4.5 ਫੀਸਦੀ ਹੈ। ਚੰਗੀ ਗੱਲ ਤਾਂ ਇਹ ਹੈ ਕਿ ਪੰਜਾਬ ਵਿਚ 76 ਫੀਸਦੀ ਆਰ. ਟੀ. ਪੀ. ਸੀ. ਆਰ. ਟੈਸਟ ਕੀਤੇ ਜਾ ਰਹੇ ਹਨ। ਮਹਾਰਾਸ਼ਟਰ ਦੇ 30, ਛੱਤੀਸਗੜ੍ਹ ਦੇ 11 ਅਤੇ ਪੰਜਾਬ ਦੇ 9 ਜ਼ਿਲਿਆਂ ਵਿਚ ਕੇਂਦਰੀ ਸਿਹਤ ਮੰਤਰਾਲਾ ਨੇ ਮਾਹਿਰਾਂ ਦੀਆਂ 50 ਟੀਮਾਂ ਭੇਜੀਆਂ ਹਨ। ਪ੍ਰੈੱਸ ਕਾਨਫਰੰਸ ਵਿਚ ਮੌਜੂਦ ਨੀਤੀ ਆਯੋਗ ਦੇ ਮੈਂਬਰ ਡਾ. ਵੀ. ਕੇ. ਪਾਲ ਨੇ ਸਾਵਧਾਨ ਕਰਦਿਆਂ ਕਿਹਾ ਕਿ ਆਉਣ ਵਾਲੇ 4 ਹਫਤੇ ਦੇਸ਼ ਲਈ ਕਾਫੀ ਜ਼ੋਖਮ ਭਰੇ ਹਨ। ਕੋਰੋਨਾ ਦੀ ਦੂਜੀ ਲਹਿਰ ’ਤੇ ਕਾਬੂ ਪਾਇਆ ਜਾ ਸਕਦਾ ਹੈ। ਲੋਕਾਂ ਨੂੰ ਹੁਣ ਜ਼ਿਆਦਾ ਸਾਵਧਾਨੀ ਰੱਖਣੀ ਚਾਹੀਦੀ ਹੈ, ਕਿਉਂਕਿ ਨਵੇਂ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਇਸੇ ਦੌਰਾਨ ਕੇਂਦਰ ਸਰਕਾਰ ਨੇ 45 ਸਾਲ ਤੇ ਇਸ ਤੋਂ ਵੱਧ ਉਮਰ ਦੇ ਆਪਣੇ ਸਾਰੇ ਮੁਲਾਜ਼ਮਾਂ ਨੂੰ ਕੋਵਿਡ-ਰੋਕੂ ਟੀਕਾ ਲਵਾਉਣ ਲਈ ਕਿਹਾ ਹੈ।

ਕਰਮਚਾਰੀ ਮੰਤਰਾਲਾ ਦੇ ਹੁਕਮ ਵਿਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਕੇਂਦਰ ਸਰਕਾਰ ਨੇ ਕਿਹਾ ਹੈ ਕਿ 18 ਤੋਂ 44 ਸਾਲ ਦੇ ਸਿਹਤ ਮੁਲਾਜ਼ਮਾਂ ਅਤੇ ਫਰੰਟਲਾਈਨ ਵਰਕਰਾਂ ਲਈ ਕੋਵਿਡ-19 ਟੀਕਾਕਰਨ ਲਈ ਮੌਕੇ ’ਤੇ ਜਾ ਕੇ ਰਜਿਸਟ੍ਰੇਸ਼ਨ ਕਰਵਾਉਣ ਦੀ ਸਹੂਲਤ ਹੁਣ ਸਿਰਫ ਸਰਕਾਰੀ ਟੀਕਾਕਰਨ ਕੇਂਦਰਾਂ ’ਤੇ ਹੀ ਮੁਹੱਈਆ ਹੋਵੇਗੀ। ਦੇਸ਼ ‘ਚ ਕੋਰੋਨਾ ਦੇ ਰੋਜ਼ਾਨਾ ਮਾਮਲਿਆਂ ਵਿਚ ਰਿਕਾਰਡ ਵਾਧਾ ਦਰਜ ਕੀਤਾ ਜਾ ਰਿਹਾ ਹੈ । ਜਾਣਕਾਰੀ ਅਨੁਸਾਰ ਬੀਤੇ 24 ਘੰਟਿਆਂ ਵਿਚ ਕੋਰੋਨਾ ਦੇ 1.15 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਜਦੋਂ ਤੋਂ ਦੇਸ਼ ਵਿਚ ਕੋਰੋਨਾ ਦੇ ਮਾਮਲੇ ਆਉਣ ਲੱਗੇ ਹਨ ਇਹ ਇਕ ਦਿਨ ਦੇ ਸਭ ਤੋਂ ਵੱਧ ਮਾਮਲੇ ਹਨ । ਇਸੇ ਦੌਰਾਨ ਦੇਸ਼ ਵਿਚ 630 ਨਵੀਆਂ ਮੌਤਾਂ ਨਾਲ ਮੌਤਾਂ ਦੀ ਕੁੱਲ ਗਿਣਤੀ 1,65,547 ਤੱਕ ਪੁੱਜ ਚੁੱਕੀ ਹੈ । ਇਹ ਪਿਛਲੇ ਤਿੰਨ ਦਿਨਾਂ ‘ਚ ਦੂਸਰੀ ਵਾਰ ਹੋਇਆ ਹੈ ਜਦੋਂ ਇਕ ਦਿਨ ‘ਚ ਇਕ ਲੱਖ ਤੋਂ ਵੀ ਵੱਧ ਮਾਮਲੇ ਆਏ ਹਨ । ਉਧਰ ਕੇਂਦਰ ਨੇ ਕਿਹਾ ਕਿ ਆਉਣ ਵਾਲੇ 30 ਦਿਨ ਕਾਫੀ ਖ਼ਤਰਨਾਕ ਦੱਸੇ ਜਾ ਰਹੇ ਹਨ । ਇਸ ਸਬੰਧ ਵਿਚ ਸਿਹਤ ਮੰਤਰਾਲੇ ਵਲੋਂ ਲੋਕਾਂ ਨੂੰ ਵਾਇਰਸ ਕੰਟਰੋਲ ਕਰਨ ਵਿਚ ਗੰਭੀਰਤਾ ਨਾਲ ਹਿੱਸਾ ਪਾਉਣ ‘ਤੇ ਜ਼ੋਰ ਦਿੱਤਾ ।

ਪੱਤਰਕਾਰ ਸੰਮੇਲਨ ਦੌਰਾਨ ਨੀਤੀ ਅਯੋਗ ਮੈਂਬਰ (ਸਿਹਤ) ਡਾ. ਵੀ. ਕੇ. ਪੌਲ ਨੇ ਕਿਹਾ ਕਿ ਵਾਇਰਸ ਦੇ ਤੇਜ਼ੀ ਨਾਲ ਫੈਲਣ ਕਾਰਨ ਸਥਿਤੀ ਕਾਫੀ ਗੰਭੀਰ ਹੁੰਦੀ ਜਾ ਰਹੀ ਹੈ ਅਤੇ ਆਬਾਦੀ ਦਾ ਕਾਫੀ ਵੱਡਾ ਹਿੱਸਾ ਅਜੇ ਵੀ ਵਾਇਰਸ ਲਈ ਅਤੀਸੰਵੇਦਨਸ਼ੀਲ ਹੈ । ਉਨ੍ਹਾਂ ਕਿਹਾ ਕਿ ਇਸ ਤੋਂ ਬਚਾਅ ਲਈ ਅਜੇ ਵੀ ਉਹੀ ਉਪਾਅ ਹਨ ਜੋ ਪਹਿਲਾਂ ਸਨ । ਇਸ ਦੇ ਨਾਲ ਹੀ ਨਿਯਮਾਂ ਦੀ ਪਾਲਣਾ ਕਰਨਾ, ਜ਼ਰੂਰੀ ਕਦਮ ਚੁੱਕਣਾ, ਪ੍ਰਭਾਵਸ਼ਾਲੀ ਤਰੀਕੇ ਨਾਲ ਟੈਸਟਿੰਗ, ਸਿਹਤ ਸਹੂਲਤਾਂ ਵਿਚ ਵਾਧਾ ਕਰਨਾ ਅਤੇ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਨਾਲ ਵਾਇਰਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਇਸ ਵਾਰ ਇਹ ਵਾਇਰਸ ਪਿਛਲੀ ਵਾਰ ਦੀ ਤੁਲਨਾ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ । ਕੁਝ ਸੂਬਿਆਂ ਵਿਚ ਸਥਿਤੀ ਬੇਹੱਦ ਗੰਭੀਰ ਹੁੰਦੀ ਜਾ ਰਹੀ ਅਤੇ ਇਸ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ । ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਨੂੰ ਕੰਟਰੋਲ ਕਰਨ ਲਈ ਲੋਕਾਂ ਦੀ ਹਿੱਸੇਦਾਰੀ ਬੇਹੱਦ ਮਹੱਤਵਪੂਰਨ ਹੈ ਅਤੇ ਅਗਲੇ 4 ਹਫ਼ਤੇ ਬੇਹੱਦ ਖਤਰਨਾਕ ਹਨ ਅਤੇ ਸਾਰੇ ਦੇਸ਼ ਨੂੰ ਇਸ ਖ਼ਿਲਾਫ਼ ਇਕੱਠੇ ਹੋ ਕੇ ਲੜਨਾ ਹੋਵੇਗਾ । ਉਨ੍ਹਾਂ ਕਿਹਾ ਕਿ ਮਾਮਲਿਆਂ ਦੇ ਵਧਣ ਨਾਲ ਮੌਤ ਦਰ ਵੀ ਵਧ ਰਹੀ ਹੈ । ਮੰਗਲਵਾਰ ਨੂੰ ਕੇਂਦਰ ਨੇ ਆਪਣੇ 45 ਸਾਲ ਦੇ ਜਾਂ ਇਸ ਤੋਂ ਉੱਪਰ ਦੇ ਸਾਰੇ ਕਰਮੀਆਂ ਨੂੰ ਟੀਕਾ ਲਗਾਉਣ ਲਈ ਕਿਹਾ ਹੈ ।

ਇਕ ਦਿਨ ‘ਚ ਰਿਕਾਰਡ 43 ਲੱਖ ਤੋਂ ਵੱਧ ਲੋਕਾਂ ਨੂੰ ਲਗਾਇਆ ਟੀਕਾ ਦੂਜੇ ਪਾਸੇ ਦੇਸ਼ ਵਿਚ ਕੋਰੋਨਾ ਖ਼ਿਲਾਫ਼ ਟੀਕਾਕਰਨ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਬੀਤੇ 24 ਘੰਟਿਆਂ ਦੌਰਾਨ ਰਿਕਾਰਡ 43 ਲੱਖ ਤੋਂ ਵੱਧ ਲੋਕਾਂ ਨੂੰ ਕੋਰੋਨਾ ਰੋਕੂ ਟੀਕਾ ਲਗਾਇਆ ਗਿਆ । ਟੀਕਾਕਰਨ ਨੂੰ ਸ਼ੁਰੂ ਹੋਏ ਨੂੰ 80 ਦਿਨ ਹੋ ਚੁੱਕੇ ਹਨ ਅਤੇ ਬੀਤੇ 24 ਘੰਟਿਆਂ ਦੌਰਾਨ 43,00,966 ਲੋਕਾਂ ਨੂੰ ਟੀਕਾ ਲਗਾਇਆ ਗਿਆ । ਕੇਂਦਰ ਸਰਕਾਰ ਨੇ ਕਿਹਾ ਹੈ ਕਿ 18 ਸਾਲ ਤੋਂ ਲੈ ਕੇ 44 ਸਾਲ ਤੱਕ ਦੇ ਸਿਹਤ ਕਰਮੀ ਅਤੇ ਹੋਰ ਮੋਹਰਲੀ ਕਤਾਰ ਦੇ ਕਰਮੀਆਂ ਲਈ ਕੋਵਿਡ-19 ਟੀਕਾਕਰਨ ਲਈ ਮੌਕੇ ‘ਤੇ ਜਾ ਕੇ ਰਜਿਸਟ੍ਰੇਸ਼ਨ ਕਰਵਾਉਣ ਦੀ ਸਹੂਲਤ ਹੁਣ ਕੇਵਲ ਸਰਕਾਰੀ ਟੀਕਾਕਰਨ ਕੇਂਦਰਾਂ ‘ਤੇ ਹੀ ਉਪਲੱਬਧ ਹੋਵੇਗੀ । ਇਨ੍ਹਾਂ ਕਰਮੀਆਂ ਨੂੰ ਅਸਲੀ ਪਹਿਚਾਣ ਪੱਤਰ ਅਤੇ ਆਪਣੇ ਰੋਜ਼ਗਾਰ ਪ੍ਰਮਾਣ ਪੱਤਰ ਦੀ ਕਾਪੀ ਦਿਖਾਉਣੀ ਹੋਵੇਗੀ ।

ਆਈ.ਐਮ.ਏ. ਵਲੋਂ 18 ਸਾਲ ਤੋਂ ਉੱਪਰਲੇ ਲੋਕਾਂ ਨੂੰ ਵੀ ਟੀਕਾ ਲਗਾਉਣ ਦਾ ਸੁਝਾਅ ਨਵੀਂ ਦਿੱਲੀ / ਦੇਸ਼ ਭਰ ‘ਚ ਕੋਰੋਨਾ ਦੇ ਤੇਜ਼ੀ ਨਾਲ ਵਧ ਰਹੇ ਮਾਮਲਿਆਂ ਦਰਮਿਆਨ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖ ਕੇ ਦੇਸ਼ ਭਰ ਦੇ ਉਨ੍ਹਾਂ ਸਭ ਲੋਕਾਂ ਨੂੰ ਟੀਕਾਕਰਨ ‘ਚ ਸ਼ਾਮਿਲ ਕਰਨ ਦਾ ਸੁਝਾਅ ਦਿੱਤਾ ਹੈ, ਜਿਨ੍ਹਾਂ ਦੀ ਉਮਰ 18 ਸਾਲ ਤੋਂ ਵੱਧ ਹੈ । ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀ.ਈ.E. ਅਦਾਰ ਪੂਨਾਵਾਲਾ ਨੇ ਕਿਹਾ ਹੈ ਕਿ ਕੋਵਿਸ਼ੀਲਡ ਵੈਕਸੀਨ ਦੀਆਂ ਦੋ ਖੁਰਾਕਾਂ ਜੇਕਰ ਢਾਈ ਤੋਂ ਤਿੰਨ ਮਹੀਨਿਆਂ ਦੇ ਅੰਤਰਾਲ ‘ਚ ਲਈਆਂ ਜਾਣ ਤਾਂ ਇਹ 90 ਫੀਸਦੀ ਤੱਕ ਅਸਰਦਾਰ ਹੋ ਜਾਂਦੀਆਂ ਹਨ । ਕੋਵਿਸ਼ੀਲਡ ਵੈਕਸੀਨ ਫਾਰਮਾ ਪ੍ਰਮੁੱਖ ਐਸਟਰਾਜੇਨੇਕਾ ਦੇ ਸਹਿਯੋਗ ਨਾਲ ਆਕਸਫੋਰਡ ਯੂਨੀਵਰਸਿਟੀ ਦੁਆਰਾ ਵਿਕਸਿਤ ਕੀਤੀ ਗਈ ਹੈ । ਸੀਰਮ ਇੰਸਟੀਚਿਊਟ ‘ਚ ਇਹ ਵੈਕਸੀਨ ਬਣਾਈ ਜਾ ਰਹੀ ਹੈ । ਪੂਨਾਵਾਲਾ ਨੇ ਕਿਹਾ ਕਿ ਇਕ ਟ੍ਰਾਇਲ ‘ਚ ਦੋ ਖੁਰਾਕਾਂ ਵਿਚਾਲੇ 1 ਮਹੀਨੇ ਦਾ ਅੰਤਰ ਰੱਖਿਆ ਗਿਆ ਹੈ । ਇਸ ਟ੍ਰਾਇਲ ‘ਚ ਟੀਕਾ 60-70 ਫੀਸਦੀ ਅਸਰਦਾਰ ਰਿਹਾ ।

Leave a Reply

Your email address will not be published. Required fields are marked *