ਕੋਰੋਨਾ ਕਾਰਨ ਏਸ਼ਿਆਈ ਖੇਡਾਂ ਅਣਮਿੱਥੇ ਸਮੇਂ ਲਈ ਮੁਲਤਵੀ 

ਬੀਜਿੰਗ : ਚੀਨ ਵਿਚ ਕੋਵਿਡ-19 ਦੇ ਵਧਦੇ ਮਾਮਲਿਆਂ ਕਾਰਨ ਇਸ ਸਾਲ 10 ਤੋਂ 25 ਸਤੰਬਰ ਤਕ ਹੋਣ ਵਾਲੀਆਂ ਹਾਂਗਝੋਊ ਏਸ਼ਿਆਈ ਖੇਡਾਂ ਨੂੰ ਸ਼ੁੱਕਰਵਾਰ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਨਵੀਆਂ ਤਰੀਕਾਂ ਦਾ ਐਲਾਨ ਨੇੜਲੇ ਭਵਿੱਖ ਵਿਚ ਕੀਤਾ ਜਾਵੇਗਾ। ਸ਼ੰਘਾਈ ਵਿਚ ਕੋਵਿਡ-19 ਦੇ ਲਗਾਤਾਰ ਵਧਦੇ ਮਾਮਲਿਆਂ ਕਾਰਨ ਇਨ੍ਹਾਂ ਖੇਡਾਂ ਨੂੰ ਲੈ ਕੇ ਗ਼ੈਰ ਯਕੀਨੀ ਬਣੀ ਹੋਈ ਸੀ। ਸ਼ੰਘਾਈ ਵਿਚ ਲਾਕਡਾਊਨ ਲੱਗਾ ਹੈ। ਏਸ਼ਿਆਈ ਓਲੰਪਿਕ ਕੌਂਸਲ (ਓਸੀਏ) ਦੇ ਕਾਰਜਕਾਰੀ ਬੋਰਡ ਨੇ ਸਥਿਤੀ ‘ਤੇ ਗੱਲਬਾਤ ਕਰਨ ਲਈ ਤਾਸ਼ਕੰਦ ਵਿਚ ਮੀਟਿੰਗ ਕੀਤੀ ਤੇ ਉਸ ਨੂੰ ਲੱਗਾ ਕਿ ਮੌਜੂਦਾ ਹਾਲਾਤ ਵਿਚ ਖੇਡਾਂ ਨੂੰ ਮੁਲਤਵੀ ਕਰਨਾ ਸਭ ਤੋਂ ਚੰਗਾ ਫ਼ੈਸਲਾ ਹੋਵੇਗਾ।

ਓਸੀਏ ਨੇ ਬਿਆਨ ਵਿਚ ਕਿਹਾ ਕਿ ਚੀਨ ਓਲੰਪਿਕ ਕਮੇਟੀ (ਸੀਓਸੀ) ਤੇ ਹਾਂਗਝੋਊ ਏਸ਼ਿਆਈ ਖੇਡਾਂ ਦੀ ਪ੍ਰਬੰਧਕੀ ਕਮੇਟੀ (ਐੱਚਏਜੀਓਸੀ) ਦੇ ਨਾਲ ਵਿਸਥਾਰਤ ਚਰਚਾ ਤੋਂ ਬਾਅਦ ਓਸੀਏ ਕਾਰਜਕਾਰੀ ਬੋਰਡ ਨੇ ਅੱਜ 19ਵੀਆਂ ਏਸ਼ਿਆਈ ਖੇਡਾਂ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਜੋ ਚੀਨ ਦੇ ਹਾਂਗਝੋਊ ਵਿਚ 10 ਤੋਂ 25 ਸਤੰਬਰ 2022 ਤਕ ਹੋਣੀਆਂ ਸਨ। ਏਸ਼ਿਆਈ ਖੇਡਾਂ ਦੀਆਂ ਨਵੀਆਂ ਤਰੀਕਾਂ ਤੇ ਓਸੀਏ, ਸੀਓਸੀ ਤੇ ਐੱਚਏਜੀਓਸੀ ਵਿਚਾਲੇ ਸਹਿਮਤੀ ਤਿਆਰ ਕੀਤੀ ਜਾਵੇਗੀ ਤੇ ਨੇੜਲੇ ਭਵਿੱਖ ਵਿਚ ਇਸ ਦਾ ਐਲਾਨ ਕੀਤਾ ਜਾਵੇਗਾ। ਓਸੀਏ ਨੇ ਕਿਹਾ ਕਿ ਐੱਚਏਜੀਓਸੀ ਵਿਸ਼ਵ ਪੱਧਰੀ ਚੁਣੌਤੀਆਂ ਦੇ ਬਾਵਜੂਦ ਖੇਡਾਂ ਕਰਵਾਉਣ ਲਈ ਤਿਆਰ ਸੀ ਪਰ ਮਹਾਮਾਰੀ ਦੀ ਸਥਿਤੀ ਤੇ ਖੇਡਾਂ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਤੇ ਅਧਿਕਾਰੀਆਂ ਦੀ ਗਿਣਤੀ ਨੂੰ ਦੇਖਦੇ ਹੋਏ ਸਾਰੇ ਹਿਤਧਾਰਕਾਂ ਨੇ ਇਹ ਫ਼ੈਸਲਾ ਕੀਤਾ। ਇਨ੍ਹਾਂ ਏਸ਼ਿਆਈ ਖੇਡਾਂ ਦਾ ਨਾਂ ਤੇ ਪ੍ਰਤੀਕ ਚਿੰਨ੍ਹ ਪਹਿਲਾਂ ਵਾਂਗ ਬਣੇ ਰਹਿਣਗੇ। ਓਸੀਏ ਨੂੰ ਵਿਸ਼ਵਾਸ ਹੈ ਕਿ ਸਾਰੇ ਪੱਖਾਂ ਦੀਆਂ ਕੋਸ਼ਿਸ਼ਾਂ ਨਾਲ ਇਨ੍ਹਾਂ ਖੇਡਾਂ ਨੂੰ ਭਵਿੱਖ ਵਿਚ ਕਰਵਾਇਆ ਜਾਵੇਗਾ। ਇਨ੍ਹਾਂ ਖੇਡਾਂ ਵਿਚ 11,000 ਖਿਡਾਰੀਆਂ ਨੇ 61 ਖੇਡਾਂ ਵਿਚ ਹਿੱਸਾ ਲੈਣਾ ਸੀ।

Leave a Reply

Your email address will not be published. Required fields are marked *