ਕੈਲੀਫੋਰਨੀਆ ‘ਚ ਪਾਰਟੀ ਦੌਰਾਨ ਅੰਨ੍ਹੇਵਾਹ ਫਾਇਰਿੰਗ, 10 ਮਰੇ

ਕੈਲੀਫੋਰਨੀਆ : ਕੈਲੀਫੋਰਨੀਆ ‘ਚ ਫੇਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇਸ ‘ਚ ਕਈ ਲੋਕਾਂ ਦੀ ਮੌਤ ਦਾ ਖਦਸ਼ਾ ਹੈ। ਖਬਰਾਂ ਮੁਤਾਬਕ ਚੀਨੀ ਨਵੇਂ ਸਾਲ ਦੇ ਜਸ਼ਨ ਦੌਰਾਨ ਮੋਂਟੇਰੀ ਪਾਰਕ ਇਲਾਕੇ ‘ਚ ਤੜਕੇ 3.30 ਵਜੇ ਗੋਲੀਬਾਰੀ ਹੋਈ। ਕੁਝ ਖ਼ਬਰਾਂ ਵਿੱਚ ਕਿਹਾ ਗਿਆ ਹੈ ਕਿ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 19 ਜ਼ਖਮੀ ਹੋਏ ਹਨ। ਹਾਲਾਂਕਿ ਪੁਲਿਸ ਨੇ ਅਜੇ ਤੱਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਕੁਝ ਸੋਸ਼ਲ ਮੀਡੀਆ ਅਕਾਊਂਟਸ ‘ਤੇ ਦੱਸਿਆ ਗਿਆ ਹੈ ਕਿ ਇਹ ਮਾਮਲਾ ਰੰਗਭੇਦ ਨਾਲ ਜੁੜਿਆ ਹੋਇਆ ਹੈ।

ਸਥਾਨਕ ਲੋਕਾਂ ਅਤੇ ਏਸ਼ੀਆਈ ਭਾਈਚਾਰੇ ਵਿਚਕਾਰ ਹਿੰਸਾ ਭੜਕ ਗਈ। ਇਸ ਵਿੱਚ ਚੀਨੀ ਮੂਲ ਦਾ 17 ਸਾਲਾਂ ਨੌਜਵਾਨ ਵੀ ਮਾਰਿਆ ਗਿਆ ਹੈ। ਪੁਲਿਸ ਇਸ ਸਬੰਧ ਵਿਚ ਕੁਝ ਸਮੇਂ ਵਿਚ ਬਿਆਨ ਜਾਰੀ ਕਰ ਸਕਦੀ ਹੈ। ਮੋਂਟੇਰੀ ਪਾਰਕ ਦੀ ਅਬਾਦੀ ਲਗਭਗ 60,000 ਹੈ। ਇਨ੍ਹਾਂ ਵਿੱਚੋਂ 65 ਫੀਸਦੀ ਏਸ਼ੀਆਈ ਅਮਰੀਕੀ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਚੀਨੀ ਮੂਲ ਦੇ ਹਨ। 

ਰਿਪੋਰਟਾਂ ਮੁਤਾਬਕ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਖਬਰ ਦਿੱਤੀ ਹੈ ਕਿ ਘਟਨਾ ਵੇਲੇ ਬਹੁਤ ਉੱਚੀ ਆਵਾਜ਼ ‘ਚ ਮਿਊਜ਼ਿਕ ਚੱਲ ਰਿਹਾ ਸੀ, ਇਸ ਲਈ ਲੰਬੇ ਸਮੇਂ ਤੱਕ ਇਹ ਸਮਝ ਨਹੀਂ ਆ ਰਿਹਾ ਸੀ ਕਿ ਆਤਿਸ਼ਬਾਜ਼ੀ ਹੋ ਰਹੀ ਹੈ ਜਾਂ ਫਾਇਰਿੰਗ। ਕੁਝ ਦੇਰ ਬਾਅਦ ਜ਼ਖਮੀ ਲੋਕਾਂ ਨੂੰ ਭੱਜਦੇ ਦੇਖਿਆ ਗਿਆ ਤਾਂ ਹੀ ਸੱਚਾਈ ਦਾ ਪਤਾ ਲੱਗਾ। ਪੁਲਿਸ ਮੁਤਾਬਕ ਘਟਨਾ ਵੇਲੇ ਕਈ ਹਜ਼ਾਰ ਲੋਕ ਮੌਜੂਦ ਸਨ। ਇਸ ਲਈ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਇਥੇ ਦੋ ਦਿਨਾ ਫੈਸਟੀਵਲ ਚੱਲ ਰਿਹਾ ਸੀ। ਇਸ ਤੋਂ ਪਹਿਲਾਂ ਵੀ ਇਸ ਇਲਾਕੇ ਵਿੱਚ ਸਥਾਨਕ ਗੋਰੇ ਸਮਾਜ ਅਤੇ ਏਸ਼ੀਅਨ ਭਾਈਚਾਰੇ ਦਰਮਿਆਨ ਹਿੰਸਾ ਹੋ ਚੁੱਕੀ ਹੈ। ਪਿਛਲੇ ਸਾਲ ਵੀ ਅਜਿਹੀ ਹੀ ਇੱਕ ਘਟਨਾ ਵਿੱਚ 5 ਲੋਕਾਂ ਦੀ ਮੌਤ ਹੋ ਗਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧ ਸਕਦੀ ਹੈ।

ਇਸ ਦਾ ਕਾਰਨ ਇਹ ਹੈ ਕਿ ਜ਼ਖਮੀਆਂ ਦੀ ਆਵਾਜ਼ ਮਿਊਜ਼ਿਕ ਦੇ ਸ਼ੋਰ ‘ਚ ਡੁੱਬ ਗਿਆ ਅਤੇ ਇਸ ਕਾਰਨ ਉਹ ਕਾਫੀ ਦੇਰ ਤੱਕ ਇਲਾਜ ਨਹੀਂ ਕਰਵਾ ਸਕੇ। ਇਸ ਤੋਂ ਇਲਾਵਾ ਅੱਧੀ ਰਾਤ ਨੂੰ ਵੀ ਕਰੀਬ 10,000 ਲੋਕ ਉੱਥੇ ਮੌਜੂਦ ਸਨ। ਅਜਿਹੇ ‘ਚ ਐਂਬੂਲੈਂਸ ਦਾ ਉੱਥੇ ਪਹੁੰਚਣਾ ਮੁਸ਼ਕਿਲ ਹੋ ਗਿਆ। ਇਹ ਸਥਾਨ ਲਾਸ ਏਂਜਲਸ ਤੋਂ ਸਿਰਫ਼ 10 ਕਿਲੋਮੀਟਰ ਦੂਰ ਇੱਕ ਉਪਨਗਰੀ ਖੇਤਰ ਹੈ।

ਪੁਲਿਸ ਮੁਤਾਬਕ ਹਮਲਾਵਰਾਂ ਨੇ ਚੀਨੀ ਜੋੜੇ ਦੇ ਘਰ ‘ਚ ਦਾਖਲ ਹੋ ਕੇ ਗੋਲੀਬਾਰੀ ਵੀ ਕੀਤੀ। ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਇਸ ਘਰ ਦੀ ਫੁਟੇਜ ਵੀ ਸਾਹਮਣੇ ਆ ਚੁੱਕੀ ਹੈ। ਇੱਕ ਚਸ਼ਮਦੀਦ ਨੇ ਕਿਹਾ- ਹਮਲਾਵਰਾਂ ਦੀ ਦੁਸ਼ਮਣੀ ਉੱਥੇ ਮੌਜੂਦ ਲੋਕਾਂ ਨਾਲ ਨਹੀਂ, ਸਗੋਂ ਇੱਕ ਚੀਨੀ ਜੋੜੇ ਨਾਲ ਸੀ ਅਤੇ ਇਸ ਕਾਰਨ ਕਈ ਲੋਕ ਮਾਰੇ ਗਏ ਸਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਸਥਾਨਕ ਨਸ਼ਾ ਤਸਕਰੀ ਦਾ ਵੀ ਸਬੰਧ ਹੈ। ਕੋਰੋਨਾ ਤੋਂ ਬਾਅਦ ਅਮਰੀਕਾ ਅਤੇ ਯੂਰਪ ਵਿੱਚ ਚੀਨੀ ਨਾਗਰਿਕਾਂ ਵਿਰੁੱਧ ਹਮਲੇ ਤੇਜ਼ੀ ਨਾਲ ਵਧੇ ਹਨ।

Leave a Reply

Your email address will not be published. Required fields are marked *