ਕੈਪਟਨ ਹਮਾਇਤੀ ਅਫਸਰਸ਼ਾਹੀ ਦੀ ਛਾਂਟੀ ਲਈ ਛਿੜੀ ਮੁਹਿੰਮ

Home » Blog » ਕੈਪਟਨ ਹਮਾਇਤੀ ਅਫਸਰਸ਼ਾਹੀ ਦੀ ਛਾਂਟੀ ਲਈ ਛਿੜੀ ਮੁਹਿੰਮ
ਕੈਪਟਨ ਹਮਾਇਤੀ ਅਫਸਰਸ਼ਾਹੀ ਦੀ ਛਾਂਟੀ ਲਈ ਛਿੜੀ ਮੁਹਿੰਮ

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਤੋਂ ਮੁੱਖ ਮੰਤਰੀ ਦੀ ਕੁਰਸੀ ਖੁੱਸਣ ਪਿੱਛੋਂ ਉਨ੍ਹਾਂ ਦੀ ਹਮਾਇਤੀਆਂ ਦੀ ਵੀ ਸ਼ਾਮਲ ਆ ਗਈ ਹੈ।

ਚਰਨਜੀਤ ਚੰਨੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਪਿੱਛੋਂ ਕੈਪਟਨ ਦੀ ਹਮਾਇਤੀ ਪ੍ਰਸ਼ਾਸਨਿਕ ਅਮਲੇ ਦੀ ਛੁੱਟੀ ਹੋਣ ਲੱਗੀ ਹੈ। ਇਥੇ ਹੀ ਨਹੀਂ ਕੈਪਟਨ ਦੇ ਹਮਾਇਤੀ ਨਗਰ ਸੁਧਾਰ ਟਰੱਸਟਾਂ ਦੇ ਚੇਅਰਮੈਨਾਂ ਨੂੰ ਵੀ ਅਹੁਦਿਆਂ ਤੋਂ ਹਟਾਉਣ ਲਈ ਮੁਹਿੰਮ ਜਿਹੀ ਛਿੜ ਗਈ ਹੈ। ਚੰਨੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦੇ ਅਗਲੇ ਹੀ ਦਿਨ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਤਾਪ ਸਿੰਘ ਬਾਜਵਾ ਦੇ ਨੇੜਲੇ ਨਗਰ ਸੁਧਾਰ ਟਰੱਸਟਾਂ ਦੇ ਦੋ ਚੇਅਰਮੈਨਾਂ ਨੂੰ ਹਟਾ ਦਿੱਤਾ ਹੈ। ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦਾ ਚੇਅਰਮੈਨ ਹੁਣ ਦਮਨਦੀਪ ਸਿੰਘ ਉਪਲ ਲਾ ਦਿੱਤਾ ਹੈ ਜੋ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਨੇੜਲੇ ਹਨ। ਅੰਮ੍ਰਿਤਸਰ ਦੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਬੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਜੋ ਕਿ ਅਮਰਿੰਦਰ ਸਿੰਘ ਦੇ ਕਰੀਬੀ ਸਨ। ਇਸੇ ਤਰ੍ਹਾਂ ਕਸਤੂਰੀ ਲਾਲ ਸੇਠ ਨੂੰ ਮੁੜ ਨਗਰ ਸੁਧਾਰ ਟਰੱਸਟ ਬਟਾਲਾ ਦਾ ਚੇਅਰਮੈਨ ਬਣਾ ਦਿੱਤਾ ਗਿਆ ਹੈ। ਚੇਤੇ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਨਗਰ ਸੁਧਾਰ ਟਰੱਸਟ ਬਟਾਲਾ ਦੇ ਚੇਅਰਮੈਨ ਕਸਤੂਰੀ ਲਾਲ ਸੇਠ ਨੂੰ ਹਟਾ ਦਿੱਤਾ ਸੀ ਜੋ ਕਿ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਨਜਦੀਕੀ ਸਨ ਅਤੇ ਉਨ੍ਹਾਂ ਦੀ ਜਗ੍ਹਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਕਰੀਬੀ ਪਵਨ ਕੁਮਾਰ ਪੰਮਾ ਨੂੰ ਚੇਅਰਮੈਨ ਬਣਾ ਦਿੱਤਾ ਸੀ।

ਹੁਣ ਪੰਮਾ ਨੂੰ ਚੇਅਰਮੈਨੀ ਤੋਂ ਹਟਾ ਦਿੱਤਾ ਗਿਆ ਹੈ। ਜਿਥੇ ਨਵੀਂ ਚੰਨੀ ਸਰਕਾਰ ਬਣਨ ਮਗਰੋਂ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਲੱਗੇ ਅਧਿਕਾਰੀਆਂ ਦੀ ਛਾਂਟੀ ਲਗਾਤਾਰ ਜਾਰੀ ਹੈ, ਉਥੇ ਕੈਪਟਨ ਨਾਲ ਲੱਗੇ 13 ਉ .ਐਸ.ਡੀ. ਵੀ ਹਟਾ ਦਿੱਤੇ ਗਏ ਹਨ। ਇਸ ਤੋਂ ਇਲਾਵਾ ਪੰਜਾਬ ਦਾ ਡੀ.ਜੀ.ਪੀ, ਮੁੱਖ ਸਕੱਤਰ ਸਣੇ ਵੱਡੇ ਅਹੁਦਿਆਂ ਉਤੇ ਬੈਠੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਛਾਂਟੀ ਹੋ ਗਈ ਹੈ। ਪੰਜਾਬ ਦੇ ਨਵੇਂ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਹੋਣਗੇ ਜਿਨ੍ਹਾਂ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੜਾਅਵਾਰ ਪ੍ਰਸ਼ਾਸਕੀ ਫੇਰਬਦਲ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ ਛੇ ਜਿਲ੍ਹਆਂ ਦੇ ਡਿਪਟੀ ਕਮਿਸ਼ਨਰਾਂ ਦਾ ਤਬਾਦਲਾ ਵੀ ਪਹਿਲੇ ਪੜਾਅ ‘ਚ ਗਿਆ ਹੈ। ਪੰਜਾਬ ਸਰਕਾਰ ਵੱਲੋਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਵਜੋਂ ਵਰੁਣ ਰੂਜਮ ਨੂੰ ਤਾਇਨਾਤ ਕੀਤਾ ਗਿਆ ਹੈ ਜੋ 2004 ਬੈਚ ਦੇ ਅਧਿਕਾਰੀ ਹਨ ਅਤੇ ਇਸ ਮੌਕੇ ਮਾਰਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਵੀ ਹਨ।

ਪੰਜਾਬ ਹੈਲਥ ਕਾਰਪੋਰੇਸ਼ਨ ਦੇ ਡਾਇਰੈਕਟਰ ਦਾ ਅਸਤੀਫਾ ਮੁਹਾਲੀ: ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਪੰਜਾਬ ਕੈਬਨਿਟ ‘ਚੋਂ ਬਾਹਰ ਹੋਣ ਮਗਰੋਂ ਇਥੋਂ ਦੇ ਫੇਜ਼-6 ਸਥਿਤ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ (ਪੀ.ਐਚ.ਐਸ.ਸੀ.) ਦੇ ਡਾਇਰੈਕਟਰ ਡਾ.ਮਨਜੀਤ ਸਿੰਘ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਕੈਪਟਨ ਅਤੇ ਸਿੱਧੂ ਦੇ ਚਹੇਤੇ ਅਫਸਰਾਂ ਵਿੱਚ ਗਿਣੇ ਜਾਂਦੇ ਸੀ। ਮਨਜੀਤ ਸਿੰਘ ਨੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੂੰ ਭੇਜੇ ਅਸਤੀਫੇ ਵਿੱਚ ਕਿਹਾ ਹੈ ਕਿ ਉਹ ਨਿੱਜੀ ਕਾਰਨਾਂ ਕਰਕੇ ਆਪਣਾ ਤਿਆਗ ਪੱਤਰ ਦੇ ਰਹੇ ਹਨ।

Leave a Reply

Your email address will not be published.