ਕੈਪਟਨ ਵੱਲੋਂ ਨਵੀਂ ਸਿਆਸੀ ਪਾਰਟੀ ਬਣਾਉਣ ਦੇ ਚਰਚੇ

Home » Blog » ਕੈਪਟਨ ਵੱਲੋਂ ਨਵੀਂ ਸਿਆਸੀ ਪਾਰਟੀ ਬਣਾਉਣ ਦੇ ਚਰਚੇ
ਕੈਪਟਨ ਵੱਲੋਂ ਨਵੀਂ ਸਿਆਸੀ ਪਾਰਟੀ ਬਣਾਉਣ ਦੇ ਚਰਚੇ

ਦਿੱਲੀ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਭਵਿੱਖ ਦੀ ਸਿਆਸਤ ਦੇ ਪੱਤੇ ਖੋਲ੍ਹਦਿਆਂ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਕਾਂਗਰਸ ਛੱਡ ਰਹੇ ਹਨ ਪਰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਨਹੀਂ ਹੋ ਰਹੇ।

ਕਾਂਗਰਸ ਹਾਈਕਮਾਨ ਵੱਲੋਂ ਅਪਮਾਨਿਤ ਮਹਿਸੂਸ ਕਰ ਰਹੇ ਕੈਪਟਨ ਦੀ ਦਲੀਲ ਹੈ ਕਿ ਬੇਭਰੋਸਗੀ ਦੇ ਆਲਮ ਦੌਰਾਨ ਪਾਰਟੀ ਵਿਚ ਰਹਿਣਾ ਵਾਜਬ ਨਹੀਂ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਛੇਤੀ ਹੀ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਸਕਦੇ ਹਨ। ਉਨ੍ਹਾਂ ਦੀ ਨਵੀਂ ਪਾਰਟੀ ਦਾ ਨਾਂ ‘ਪੰਜਾਬ ਵਿਕਾਸ ਪਾਰਟੀ ਹੋਵੇਗਾ। ਇਹ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਮਿਲੀ ਹੈ। ਅਮਰਿੰਦਰ ਸਿੰਘ ਨਵੀਂ ਪਾਰਟੀ ਦੇ ਗਠਨ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਅਗਲੇ ਕੁਝ ਦਿਨਾਂਚ ਆਪਣੇ ਨੇੜਲੇ ਆਗੂਆਂ ਨਾਲ ਮੀਟਿੰਗ ਕਰਨਗੇ। ਨਵੀਂ ਪਾਰਟੀ ਵਿੱਚ ਸਿੱਧੂ ਵਿਰੋਧੀ ਧੜੇ ਦੇ ਸਾਰੇ ਆਗੂਆਂ ਨੂੰ ਸ਼ਾਮਲ ਕੀਤਾ ਜਾਵੇਗਾ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਆਸੀ ਕਿਆਸਾਂ ਨੂੰ ਵਿਰਾਮ ਦਿੰਦੇ ਹੋਏ ਕਿਹਾ ਕਿ ਉਹ ਕਾਂਗਰਸ ਨੂੰ ਛੱਡ ਰਹੇ ਹਨ, ਪਰ ਭਾਜਪਾ ਵਿਚ ਸ਼ਾਮਲ ਨਹੀਂ ਹੋਣਗੇ। ਅਮਰਿੰਦਰ ਦਾ ਇਹ ਫੈਸਲਾ ਕਾਂਗਰਸ ਹਾਈਕਮਾਨ ਨੂੰ ਔਖ ਦੇ ਵਕਤ ‘ਚ ਵੱਡਾ ਸਿਆਸੀ ਝਟਕਾ ਹੈ, ਜਿਸ ਨਾਲ ਕੇਂਦਰੀ ਲੀਡਰਸ਼ਿਪ ‘ਤੇ ਨਵੇਂ ਸਵਾਲ ਉੱਠਣ ਦਾ ਰਾਹ ਮੋਕਲਾ ਹੋਵੇਗਾ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਤੋਂ ਇਕ ਦਿਨ ਮਗਰੋਂ ਅਮਰਿੰਦਰ ਸਿੰਘ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਉਨ੍ਹਾਂ ਦੀ ਰਿਹਾਇਸ਼ ‘ਤੇ ਮਿਲੇ। ਇਹ ਮੀਟਿੰਗ ਅੱਧੇ ਘੰਟੇ ਦੇ ਕਰੀਬ ਚੱਲੀ ਤੇ ਡੋਵਾਲ ਮਗਰੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਚਲੇ ਗਏ। ਅਮਰਿੰਦਰ ਸਿੰਘ ਦੋ ਦਿਨ ਦੀ ਆਪਣੀ ਫੇਰੀ ਮਗਰੋਂ ਦਿੱਲੀ ਤੋਂ ਚੰਡੀਗੜ੍ਹ ਪਰਤ ਆਏ ਹਨ। ਇਸ ਦੌਰਾਨ ਅਮਰਿੰਦਰ ਨੇ ਆਪਣੇ ਟਵਿੱਟਰ ਖਾਤੇ ਤੋਂ ‘ਕਾਂਗਰਸ‘ ਸ਼ਬਦ ਹਟਾ ਦਿੱਤਾ ਹੈ। ਉਨ੍ਹਾਂ ਆਪਣੇ ਆਪ ਨੂੰ ਸਾਬਕਾ ਫ਼ੌਜੀ ਅਤੇ ਸਾਬਕਾ ਮੁੱਖ ਮੰਤਰੀ ਦੱਸਿਆ ਹੈ। ਉਨ੍ਹਾਂ ਇਹ ਵੀ ਵਾਅਦਾ ਕੀਤਾ ਹੈ ਕਿ ਉਹ ਸੂਬੇ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ। ਸ਼ਾਹ ਤੇ ਡੋਵਾਲ ਨਾਲ ਮੀਟਿੰਗਾਂ ਮਗਰੋਂ ਅਮਰਿੰਦਰ ਸਿੰਘ ਦਾ ਕਾਂਗਰਸ ਨੂੰ ਅਲਵਿਦਾ ਕਹਿਣ ਦਾ ਫੈਸਲਾ ਜਿੱਥੇ ਆਮ ਲੋਕਾਂ ‘ਚ ਕਈ ਤਰ੍ਹਾਂ ਸ਼ੰਕੇ ਖੜ੍ਹੇ ਕਰ ਰਿਹਾ ਹੈ, ਉਥੇ ਨਾਲੋ-ਨਾਲ ਕਾਂਗਰਸ ਲੀਡਰਸ਼ਿਪ ਨੂੰ ਹਲੂਣਾ ਦੇਣ ਵਾਲਾ ਹੈ। ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਅਮਰਿੰਦਰ ਦੀ ਗ੍ਰਹਿ ਮੰਤਰੀ ਨਾਲ ਮਿਲਣੀ ਸਿਆਸੀ ਨਜ਼ਰੀਏ ਤੋਂ ਕਾਫ਼ੀ ਅਹਿਮ ਦੱਸੀ ਜਾ ਰਹੀ ਹੈ।

ਸਿਆਸੀ ਅਟਕਲਾਂ ਹਨ ਕਿ ਭਾਜਪਾ ਵੱਲੋਂ ਅਮਰਿੰਦਰ ਸਿੰਘ ਨੂੰ ਨਵਾਂ ਸਿਆਸੀ ਖ਼ਾਕਾ ਵਾਹ ਕੇ ਦਿੱਤਾ ਗਿਆ ਹੈ। ਉੱਧਰ ਕਾਂਗਰਸ ਹਾਈਕਮਾਨ ਅਮਰਿੰਦਰ ਸਿੰਘ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਦੌਰਾਨ ਹੀ ਹਰਕਤ ਵਿਚ ਆ ਗਈ ਸੀ। ਕਾਂਗਰਸ ‘ਚ ਇਸ ਵੇਲੇ ਕੌਮੀ ਪੱਧਰ ‘ਤੇ ਸਿਆਸੀ ਉਬਾਲ ਉੱਠਿਆ ਹੋਇਆ ਹੈ। ਸੀਨੀਅਰ ਕਾਂਗਰਸੀ ਆਗੂ ਕਪਿਲ ਸਿੱਬਲ ਵੱਲੋਂ ਖੜ੍ਹੇ ਕੀਤੇ ਸਵਾਲਾਂ ਮਗਰੋਂ ਜੀ-23 ਗਰੁੱਪ ਦੀ ਸਰਗਰਮੀ ਵੀ ਵਧੀ ਹੈ ਅਤੇ ਹੁਣ ਅਮਰਿੰਦਰ ਸਿੰਘ ਨੇ ਵੀ ਕਪਿਲ ਸਿੱਬਲ ਦੀ ਹਮਾਇਤ ‘ਚ ‘ਹਾਅ ਦਾ ਨਾਅਰਾ‘ ਮਾਰਿਆ ਹੈ। ਕਾਂਗਰਸ ਹਾਈਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਦੇ ਗ਼ੁੱਸੇ ਨੂੰ ਠੰਢਾ ਕਰਨ ਲਈ ਸੀਨੀਅਰ ਆਗੂ ਕਮਲ ਨਾਥ ਅਤੇ ਅੰਬਿਕਾ ਸੋਨੀ ਦੀ ਡਿਊਟੀ ਲਗਾਈ ਹੈ। ਉਂਜ ਗ੍ਰਹਿ ਮੰਤਰੀ ਅਮਿਤ ਸਾਹ ਨਾਲ ਮੀਟਿੰਗ ਬਾਰੇ ਅਮਰਿੰਦਰ ਸਿੰਘ ਨੇ ਕਿਸਾਨੀ ਮਸਲਿਆਂ ਦਾ ਤਰਕ ਦਿੱਤਾ ਹੈ ਅਤੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੀਟਿੰਗ ਪਿੱਛੇ ਕੌਮੀ ਸੁਰੱਖਿਆ ‘ਤੇ ਵਿਚਾਰ ਚਰਚਾ ਕੀਤੇ ਜਾਣ ਦੀ ਗੱਲ ਆਖੀ ਗਈ ਹੈ। ਅਮਰਿੰਦਰ ਸਿੰਘ ਨੇ ਸਾਫ ਕੀਤਾ ਹੈ ਕਿ ਉਹ ਭਾਜਪਾ ਵਿਚ ਸ਼ਾਮਲ ਨਹੀਂ ਹੋ ਰਹੇ ਹਨ। ਕੈਪਟਨ ਨੇ ਹਾਲਾਂਕਿ ਭਾਜਪਾ ਪ੍ਰਤੀ ਆਪਣਾ ਰੁਖ਼ ਅਤਿ ਨਰਮ ਕਰ ਲਿਆ ਹੈ ਜਦੋਂ ਕਿ ਕਾਂਗਰਸ ਨੂੰ ਸਿੱਧਾ ਨਿਸ਼ਾਨੇ ‘ਤੇ ਲਿਆ ਹੋਇਆ ਹੈ। ਇਥੋਂ ਤੱਕ ਕਿ ਖੇਤੀ ਕਾਨੂੰਨਾਂ ਦੇ ਮਾਮਲੇ ‘ਤੇ ਵੀ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਪ੍ਰਤੀ ਸਖਤ ਲਫ਼ਜ਼ਾਂ ਦੀ ਵਰਤੋਂ ਨਹੀਂ ਕੀਤੀ ਹੈ।

Leave a Reply

Your email address will not be published.