ਕੈਪਟਨ ਨੇ ਸੋਨੀਆ ਨੂੰ ਪੱਤਰ ਰਾਹੀਂ ਪ੍ਰਾਪਤੀਆਂ ਗਿਣਾਈਆਂ ਤੇ ਉਲਾਂਭੇ ਵੀ ਦਿੱਤੇ

Home » Blog » ਕੈਪਟਨ ਨੇ ਸੋਨੀਆ ਨੂੰ ਪੱਤਰ ਰਾਹੀਂ ਪ੍ਰਾਪਤੀਆਂ ਗਿਣਾਈਆਂ ਤੇ ਉਲਾਂਭੇ ਵੀ ਦਿੱਤੇ
ਕੈਪਟਨ ਨੇ ਸੋਨੀਆ ਨੂੰ ਪੱਤਰ ਰਾਹੀਂ ਪ੍ਰਾਪਤੀਆਂ ਗਿਣਾਈਆਂ ਤੇ ਉਲਾਂਭੇ ਵੀ ਦਿੱਤੇ

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ ਤੋਂ ਕੁਝ ਘੰਟੇ ਪਹਿਲਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੇ ਪੱਤਰ ਵਿਚ ਪੰਜਾਬ ਕਾਂਗਰਸ ਵਿਚਲੀਆਂ ਹਾਲੀਆ ਸਿਆਸੀ ਘਟਨਾਕ੍ਰਮ ‘ਤੇ ਪੀੜ ਜ਼ਾਹਿਰ ਕੀਤੀ ਹੈ।

ਕੈਪਟਨ ਨੇ ਕਿਹਾ ਕਿ ਇਸ ਨਾਲ ਸੂਬੇ ਵਿਚ ਅਸਥਿਰਤਾ ਦਾ ਮਾਹੌਲ ਬਣਨ ਲੱਗਾ ਹੈ। ਕੈਪਟਨ ਨੇ ਲਿਖਿਆ ਕਿ ਪੰਜਾਬ ਵਿਚ ਮਹਿੰਗੇ ਮੁੱਲ ਕਮਾਏ ਅਮਨ ਸ਼ਾਂਤੀ ਅਤੇ ਵਿਕਾਸ ਲਈ ਆਪਣੇ ਯਤਨ ਜਾਰੀ ਰੱਖਣਗੇ। ਉਨ੍ਹਾਂ ਪਾਰਟੀ ਦੀ ਕੌਮੀ ਪ੍ਰਧਾਨ ਨੂੰ 18 ਨੁਕਾਤੀ ਏਜੰਡੇ ਸਮੇਤ ਹੁਣ ਤੱਕ ਕੀਤੇ ਕੰਮਾਂ ਤੋਂ ਵੀ ਜਾਣੂ ਕਰਵਾਇਆ। ਉਨ੍ਹਾਂ ਲਿਖਿਆ ਕਿ ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਦੇ ਬਹੁਤ ਸਾਰੇ ਸਿਆਸੀ ਅਤੇ ਅੰਦਰੂਨੀ ਸੁਰੱਖਿਆ ਸਰੋਕਾਰ ਹਨ, ਜਿਨ੍ਹਾਂ ਨਾਲ ਬਿਨਾਂ ਕੋਈ ਸਮਝੌਤਾ ਕੀਤਿਆਂ ਅਸਰਦਾਰ ਤਰੀਕੇ ਨਾਲ ਸਿੱਝਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਨ੍ਹਾਂ ਯਤਨਾਂ ਸਦਕਾ ਹੀ ਪੰਜਾਬ ਵਿਚ ਅਮਨ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਕਾਇਮ ਹੈ। ਪੱਤਰ ਵਿਚ ਚੋਣ ਵਾਅਦਿਆਂ ਦੀ ਗੱਲ ਕਰਦਿਆਂ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਨ੍ਹਾਂ ਵਿਚੋਂ 89.2 ਫੀਸਦੀ ਵਾਅਦੇ ਪੂਰੇ ਕੀਤੇ ਹਨ ਜਦਕਿ ਬਾਕੀਆਂ ‘ਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੌਰਾਨ ਮਨੁੱਖੀ ਜਾਨਾਂ ਦੇ ਘੱਟ ਤੋਂ ਘੱਟ ਨੁਕਸਾਨ ਨੂੰ ਯਕੀਨੀ ਬਣਾਇਆ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਇਸ ਵੇਲੇ ਕਰੋਨਾ ਮਹਾਮਾਰੀ ਤੋਂ ਲਗਭਗ ਮੁਕਤ ਹੈ। ਕੈਪਟਨ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਕਾਂਗਰਸ ਨੇ 2019 ਦੀਆਂ ਸੰਸਦੀ ਚੋਣਾਂ ਵਿਚ ਪੰਜਾਬ ਦੀਆਂ 13 ਵਿਚੋਂ 8 ਸੀਟਾਂ ਜਿੱਤੀਆਂ ਅਤੇ ਪੰਚਾਇਤੀ ਚੋਣਾਂ ਅਤੇ ਸ਼ਹਿਰੀ ਚੋਣਾਂ ਵਿਚ ਵੀ ਫੈਸਲਾਕੁਨ ਜਿੱਤ ਪ੍ਰਾਪਤ ਕੀਤੀ।

ਅਮਰਿੰਦਰ ਸਿੰਘ ਨੇ ਬੇਅਦਬੀ ਕੇਸਾਂ ਅਤੇ ਇਸ ਤੋਂ ਬਾਅਦ ਸਾਲ 2015 ਦੀਆਂ ਪੁਲਿਸ ਘਟਨਾਵਾਂ ਦੇ ਮੁੱਦੇ ਉਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਦੀ ਅਗਵਾਈ ਵਿਚ ਜਾਂਚ ਲਈ ਨਿਆਇਕ ਕਮਿਸ਼ਨ ਕਾਇਮ ਕੀਤਾ ਸੀ, ਜਿਸ ਦੀ ਰਿਪੋਰਟ ਤੋਂ ਬਾਅਦ ਕਾਨੂੰਨੀ ਕਾਰਵਾਈ ਆਰੰਭੀ ਗਈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੇਸਾਂ ਵਿਚ ਕਾਨੂੰਨੀ ਅੜਿੱਕਿਆਂ ਅਤੇ ਸੀ.ਬੀ.ਆਈ. ਦੇ ਇਨਕਾਰ ਦੇ ਬਾਵਜੂਦ ਉਨ੍ਹਾਂ ਦੀ ਸਰਕਾਰ 10 ਚਲਾਨ ਪੇਸ਼ ਕਰਨ ਵਿਚ ਸਫਲ ਰਹੀ। ਇਸ ਮਾਮਲੇ ਵਿਚ 24 ਵਿਅਕਤੀ ਚਾਰਜਸ਼ੀਟ ਕੀਤੇ ਗਏ, 15 ਪੁਲਿਸ ਮੁਲਾਜ਼ਮ ਮੁਅੱਤਲ ਅਤੇ 10 ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਮਹਿੰਗੀ ਬਿਜਲੀ ਦੀ ਖਰੀਦ ਲਈ ਸਹੀਬੰਦ ਕੀਤੇ ਵਿਵਾਦਿਤ ਬਿਜਲੀ ਖਰੀਦ ਸਮਝੌਤਿਆਂ ਬਾਰੇ ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 2017-21 ਤੱਕ ਬਿਜਲੀ ਸੰਚਾਰ ਅਤੇ ਵੰਡ ਢਾਂਚੇ ਵਿਚ 3709 ਕਰੋੜਾਂ ਰੁਪਏ ਦਾ ਨਿਵੇਸ਼ ਕੀਤਾ ਹੈ ਅਤੇ 22 ਲੱਖ ਐਸ.ਸੀ/ਬੀ.ਸੀ. ਖਪਤਕਾਰਾਂ ਅਤੇ 14 ਲੱਖ ਕਿਸਾਨਾਂ ਦੀ ਭਲਾਈ ਲਈ ਲਗਭਗ 11000 ਕਰੋੜ ਰੁਪਏ ਸਾਲਾਨਾ ਜਾਰੀ ਕੀਤੇ ਗਏ। ਇਸ ਤੋਂ ਇਲਾਵਾ ਪੀ.ਪੀ.ਏ. ਦੀ ਸਮੀਖਿਆ ਫਿਲਹਾਲ ਚੱਲ ਰਹੀ ਹੈ। ਉਨ੍ਹਾਂ ਪੱਤਰ ਵਿਚ ਸੂਬਾ ਸਰਕਾਰ ਵੱਲੋਂ 5.64 ਲੱਖ ਕਿਸਾਨਾਂ ਨੂੰ 4,624 ਕਰੋੜ ਰੁਪਏ ਅਤੇ 2.68 ਲੱਖ ਖੇਤ ਮਜ਼ਦੂਰਾਂ ਨੂੰ 526 ਕਰੋੜ ਰੁਪਏ ਦੀ ਦਿੱਤੀ ਕਰਜ਼ਾ ਰਾਹਤ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਦਾ ਲੱਕ ਤੋੜਨ ਲਈ ਵਿਸ਼ੇਸ਼ ਟਾਸਕ ਫੋਰਸ ਵੀ ਬਣਾਈ ਗਈ। ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਕੀਤੇ ਹੋਰ ਕੰਮਾਂ ਦੀ ਵੀ ਤਫਸੀਲ ਦਿੱਤੀ।

Leave a Reply

Your email address will not be published.