ਕੈਪਟਨ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਦੀ ਜਿੱਤ ’ਤੇ ਕਿਸਾਨਾਂ ਨੂੰ ਦਿੱਤੀ ਵਧਾਈ

Home » Blog » ਕੈਪਟਨ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਦੀ ਜਿੱਤ ’ਤੇ ਕਿਸਾਨਾਂ ਨੂੰ ਦਿੱਤੀ ਵਧਾਈ
ਕੈਪਟਨ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਦੀ ਜਿੱਤ ’ਤੇ ਕਿਸਾਨਾਂ ਨੂੰ ਦਿੱਤੀ ਵਧਾਈ

ਚੰਡੀਗੜ੍ਹ (ਬਿਊਰੋ)-‘ਪੰਜਾਬ ਲੋਕ ਕਾਂਗਰਸ’ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਇਕ ਸਾਲ ਤੋਂ ਵੱਧ ਸਮੇਂ ਤੱਕ ਚੱਲੇ ਅੰਦੋਲਨ ਦੀ ਜਿੱਤ ਨਾਲ ਅੰਤ ਹੋਣ ਤੇ ਕਿਸਾਨਾਂ ਨੂੰ ਵਧਾਈ ਦਿੱਤੀ ਹੈ।

ਉਨ੍ਹਾਂ ਨੇ ਉਮੀਦ ਪ੍ਰਗਟਾਈ ਹੈ ਕਿ ਇਸ ਨਾਲ ਦੇਸ਼ ਦੇ ਆਰਥਿਕ ਵਿਕਾਸ ਅਤੇ ਸਥਿਰਤਾ ਦੀ ਰੀੜ੍ਹ ਦੀ ਹੱਡੀ ਖੇਤੀ ਸਮੁਦਾਏ ਲਈ ਹੋਰ ਰਚਨਾਤਮਕ ਸਿਆਸੀ ਮਾਹੌਲ ਪੈਦਾ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਖੁਸ਼ੀ ਪ੍ਰਗਟ ਕੀਤੀ ਹੈ ਕਿ ਕਿਸਾਨਾਂ ਦੀ ਲੜਾਈ ਆਪਣੇ ਫ਼ੈਸਲਾਕੁੰਨ ਅੰਤ ਤੱਕ ਪਹੁੰਚੀ ਹੈ ਅਤੇ ਉੱਤਰ ਪ੍ਰਦੇਸ਼ ਤੇ ਹਰਿਆਣਾ ਦੀਆਂ ਸਰਕਾਰਾਂ ਨੇ ਸਿਧਾਂਤਕ ਤੌਰ ’ਤੇ ਪੰਜਾਬ ’ਚ ਉਨ੍ਹਾਂ ਦੀ ਪਿਛਲੀ ਸਰਕਾਰ ਦੀ ਤਰਜ਼ ’ਤੇ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਹਾਮੀ ਭਰੀ ਹੈ। ਉਨ੍ਹਾਂ ਦੀ ਸਰਕਾਰ ਨੇ ਦਸੰਬਰ 2020 ਤੇ ਜਨਵਰੀ 2021 ’ਚ ਖੇਤੀ ਅੰਦੋਲਨ ਦੌਰਾਨ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਅਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਸੀ। ਇਥੇ ਜਾਰੀ ਇਕ ਬਿਆਨ ’ਚ ਸਾਬਕਾ ਮੁੱਖ ਮੰਤਰੀ ਨੇ ਰਾਹਤ ਪ੍ਰਗਟਾਈ ਹੈ ਕਿ ਬੀਤੇ ਸਾਲ ਨਵੰਬਰ ਤੋਂ ਦਿੱਲੀ ਦੇ ਬਾਰਡਰਾਂ ’ਤੇ ਡਟ ਕੇ ਅੰਦੋਲਨ ਚਲਾਉਣ ਵਾਲੇ ਕਿਸਾਨ, ਕਿਸਾਨ ਮਜ਼ਦੂਰ ਅਤੇ ਉਨ੍ਹਾਂ ਦੇ ਪਰਿਵਾਰ ਆਖਿਰਕਾਰ ਆਪਣੇ ਘਰਾਂ ਨੂੰ ਪਰਤਣਗੇ।

ਕੈਪਟਨ ਅਮਰਿੰਦਰ ਸਿੰਘ ਨੇ ਉਮੀਦ ਪ੍ਰਗਟਾਈ ਹੈ ਕਿ ਐੱਮ[ਐੱਸ[ਪੀ[ ਦਾ ਮੁੱਦਾ ਵੀ ਜਲਦੀ ਹੱਲ ਹੋ ਜਾਵੇਗਾ, ਜਿਸ ਲਈ ਕੇਂਦਰ ਨੇ ਕਮੇਟੀ ਗਠਿਤ ਕੀਤੀ ਹੈ ਅਤੇ ਇਸ ਨਾਲ ਕਿਸਾਨਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਨੇ ਇਹ ਵੀ ਉਮੀਦ ਪ੍ਰਗਟ ਕੀਤੀ ਹੈ ਕਿ ਭਵਿੱਖ ਵਿਚ ਖੇਤੀ ਸਮੁਦਾਏ ਨਾਲ ਸਬੰਧਤ ਕਾਨੂੰਨ ਤੇ ਫ਼ੈਸਲੇ ਇਸ ਨਾਲ ਜੁੜੇ ਲੋਕਾਂ ਦੀ ਸਲਾਹ ਤੋਂ ਬਾਅਦ ਆਪਸੀ ਸਹਿਮਤੀ ਨਾਲ ਲਏ ਜਾਣਗੇ, ਜੋ ਸੁਤੰਤਰਤਾ ਤੋਂ ਬਾਅਦ ਤੋਂ ਭਾਰਤ ਦੀ ਤਰੱਕੀ ’ਚ ਅਗਾਂਹ ਰਹੇ ਹਨ। ਉਨ੍ਹਾਂ ਨੇ ਆਪਣੀ ਪਾਰਟੀ ਵੱਲੋਂ ਕਿਸਾਨਾਂ ਨੂੰ ਪੂਰਾ ਸਮਰਥਨ ਦੇਣ ਦੀ ਗੱਲ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਬੀਤੇ ਸਮੇਂ ਦੀ ਤਰ੍ਹਾਂ ਉਹ ਹੁਣ ਵੀ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਅਤੇ ਉਨ੍ਹਾਂ ਦੇ ਕਲਿਆਣ ਵਾਸਤੇ ਆਪਣੀ ਪੂਰੀ ਤਾਕਤ ਲਗਾ ਦੇਣਗੇ। ਕੈਪਟਨ ਅਮਰਿੰਦਰ ਸਿੰਘ ਨੇ ਖੁਲਾਸਾ ਕੀਤਾ ਕਿ ਪੰਜਾਬ ਦਾ ਮੁੱਖ ਮੰਤਰੀ ਰਹਿੰਦੇ ਹੋਏ ਉਨ੍ਹਾਂ ਨੇ ਨਾ ਸਿਰਫ਼ ਖੇਤੀ ਕਾਨੂੰਨ ਰੱਦ ਕਰਵਾਉਣ ਵਾਸਤੇ ਕਿਸਾਨਾਂ ਦੀ ਲੜਾਈ ਦਾ ਸਮਰਥਨ ਕੀਤਾ ਸੀ, ਸਗੋਂ ਇਹ ਵੀ ਪੁਖਤਾ ਕੀਤਾ ਸੀ ਕਿ ਸੂਬੇ ’ਚ ਬੈਠ ਕੇ ਧਰਨਾ ਦਿੰਦਿਆਂ ਹੋਇਆਂ ਜਾਂ ਫਿਰ ਦਿੱਲੀ ਵੱਲ ਮਾਰਚ ਕਰਦੇ ਹੋਏ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ।

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੂਨ 2020 ਵਿਚ ਤਿੰਨ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਵਾਸਤੇ ਉਨ੍ਹਾਂ ਨੇ ਸਰਬ ਪਾਰਟੀ ਮੀਟਿੰਗ ਬੁਲਾਈ ਸੀ। ਉਨ੍ਹਾਂ ਦੀ ਸਰਕਾਰ ਇਨ੍ਹਾਂ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਸੰਕਲਪ ਲੈ ਕੇ ਆਈ ਸੀ, ਜਿਸ ਨੂੰ ਅਗਸਤ ਮਹੀਨੇ ਵਿਚ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤਾ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਚੁੱਕੇ ਗਏ ਕਦਮ ਸ਼੍ਰੋਮਣੀ ਅਕਾਲੀ ਦਲ ਦੀ ਨੀਤੀ ਦੇ ਬਿਲਕੁਲ ਉਲਟ ਸਨ, ਜਿਹੜੇ ਇਨ੍ਹਾਂ ਆਰਡੀਨੈਂਸਾਂ ਨੂੰ ਲਿਆਉਣ ਤੋਂ ਬਾਅਦ ਕਿਸਾਨਾਂ ਦੇ ਵਿਰੋਧ ਦੀ ਨਿੰਦਾ ਕਰ ਰਹੇ ਸਨ ਅਤੇ ਆਮ ਆਦਮੀ ਪਾਰਟੀ ਇਨ੍ਹਾਂ ਵਿਚੋਂ ਇਕ ਖੇਤੀ ਕਾਨੂੰਨ ਨੂੰ ਦਿੱਲੀ ’ਚ ਲਾਗੂ ਕਰਨ ’ਚ ਲੱਗੀ ਹੋਈ ਸੀ, ਜਦਕਿ ਕਿਸਾਨ ਸੜਕਾਂ ’ਤੇ ਆਪਣੀ ਜ਼ਿੰਦਗੀ ਨਾਲ ਲੜ ਰਹੇ ਸਨ। ਇਸ ਤੋਂ ਇਲਾਵਾ ਉਹ ਬੀਤੇ 18 ਮਹੀਨਿਆਂ ’ਚ ਵੱਖ ਵੱਖ ਪੱਧਰਾਂ ’ਤੇ ਕਿਸਾਨ ਯੂਨੀਅਨਾਂ ਅਤੇ ਕੇਂਦਰ ਸਰਕਾਰ ਦੀ ਅਗਵਾਈ ਨਾਲ ਵਿਅਕਤੀਗਤ ਤੌਰ ’ਤੇ ਮਿਲੇ ਤਾਂ ਜੋ ਇਸ ਮੁੱਦੇ ਦਾ ਸ਼ਾਂਤੀਪੂਰਨ ਹੱਲ ਕੱਢਿਆ ਜਾ ਸਕੇ।

Leave a Reply

Your email address will not be published.