ਕੈਪਟਨ ਨੂੰ ਮਿਲੇ ਸਿੱਧੂ ਅਤੇ ਚਾਰੇ ਕਾਰਜਕਾਰੀ ਪ੍ਰਧਾਨ

Home » Blog » ਕੈਪਟਨ ਨੂੰ ਮਿਲੇ ਸਿੱਧੂ ਅਤੇ ਚਾਰੇ ਕਾਰਜਕਾਰੀ ਪ੍ਰਧਾਨ
ਕੈਪਟਨ ਨੂੰ ਮਿਲੇ ਸਿੱਧੂ ਅਤੇ ਚਾਰੇ ਕਾਰਜਕਾਰੀ ਪ੍ਰਧਾਨ

ਚੰਡੀਗੜ੍ਹ / ਪੰਜਾਬ ਕਾਂਗਰਸ ‘ਚ ਮਚੇ ਘਮਸਾਣ ਨੂੰ ਸ਼ਾਂਤ ਕਰਨ ਲਈ ਪਾਰਟੀ ਹਾਈਕਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਸੂਬੇ ਦੀ ਕਮਾਨ ਸੌਂਪ ਦਿੱਤੀ ਹੈ ਪਰ ਜਿਸ ਤਰ੍ਹਾਂ ਕਾਰਜਭਾਰ ਸੰਭਾਲਣ ਦੇ ਬਾਅਦ ਵੀ ਆਪਣੀ ਹੀ ਪਾਰਟੀ-ਸਰਕਾਰ ਖ਼ਿਲਾਫ਼ ਸਿੱਧੂ ਹਮਲਾਵਰ ਦਿਖਾਈ ਦਿੱਤੇ, ਉਸ ਤੋਂ ਹਾਈਕਮਾਨ ਵੀ ਨਾਖ਼ੁਸ਼ ਦੱਸੀ ਜਾ ਰਹੀ ਹੈ ਅਤੇ ਅੱਜ ਹਾਈਕਮਾਨ ਦੇ ਹੁਕਮਾਂ ‘ਤੇ ਹੀ ਸਿੱਧੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਪੁੱਜੇ |

ਇਸ ਮੌਕੇ ਪੰਜਾਬ ਕਾਂਗਰਸ ਦੇ ਚਾਰੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਸੁਖਵਿੰਦਰ ਸਿੰਘ ਡੈਨੀ, ਸੰਗਤ ਸਿੰਘ ਗਿਲਜੀਆਂ ਅਤੇ ਪਵਨ ਗੋਇਲ ਵੀ ਮੌਜੂਦ ਸਨ | ਇਸ ਦੌਰਾਨ ਕੈਬਨਿਟ ਮੰਤਰੀ ਬ੍ਰਹਮ ਮੋਹਿੰਦਰਾ, ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਮੁੱਖ ਮੰਤਰੀ ਦੇ ਚੀਫ਼ ਪਿ੍ੰਸੀਪਲ ਸਕੱਤਰ ਸੁਰੇਸ਼ ਕੁਮਾਰ ਵੀ ਮੌਜੂਦ ਰਹੇ | ਸੂਤਰਾਂ ਦਾ ਕਹਿਣਾ ਹੈ ਕਿ ਹਾਈਕਮਾਨ ਦੇ ਹੁਕਮਾਂ ‘ਤੇ ਸਿੱਧੂ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਪੁੱਜੇ ਸਨ | ਮਿਲੀ ਜਾਣਕਾਰੀ ਅਨੁਸਾਰ ਸਿੱਧੂ ਤੇ ਉਨ੍ਹਾਂ ਦੀ ਟੀਮ ਵਲੋਂ ਮੁੱਖ ਮੰਤਰੀ ਅੱਗੇ 5 ਬਿੰਦੂਆਂ ਉੱਤੇ ਸਰਕਾਰ ਨੂੰ ਤੁਰੰਤ ਕੰਮ ਕਰਨ ਦੀ ਅਪੀਲ ਕੀਤੀ ਗਈ, ਜਿਨ੍ਹਾਂ ‘ਚ ਬੇਅਦਬੀ, ਗੋਲੀਕਾਂਡ, ਨਸ਼ਿਆਂ, ਕਿਸਾਨਾਂ, 2017 ‘ਚ ਕੀਤੇ ਵਾਅਦੇ ਪੂਰੇ ਕਰਨ ਸਮੇਤ ਪੰਜਾਬ ‘ਚ ਧਰਨੇ ਪ੍ਰਦਰਸ਼ਨ ਕਰ ਰਹੀਆਂ 20 ਦੇ ਕਰੀਬ ਮੁਲਾਜ਼ਮ ਜਥੇਬੰਦੀਆਂ ਦਾ ਮੁੱਦਾ ਸ਼ਾਮਿਲ ਹੈ | ਇਸ ਦੌਰਾਨ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਰੇ ਮਹੱਤਵਪੂਰਨ ਮੁੱਦੇ ਫ਼ੌਰੀ ਹੱਲ ਲਈ ਸਰਕਾਰ ਦੇ ਧਿਆਨ ‘ਚ ਹਨ ਅਤੇ ਇਨ੍ਹਾਂ ਮੁੱਦਿਆਂ ਉਤੇ ਪਾਰਟੀ ਨਾਲ ਤਾਲਮੇਲ ਰਾਹੀਂ ਕੰਮ ਕੀਤਾ ਜਾ ਰਿਹਾ ਹੈ |

ਸਿੱਧੂ ਵਲੋਂ ਮੁੱਖ ਮੰਤਰੀ ਨੂੰ ਦਿੱਤੇ ਪੱਤਰ ‘ਚ ਮੰਗ ਕੀਤੀ ਗਈ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ‘ਤੇ ਕਾਰਵਾਈ ਕੀਤੀ ਜਾਵੇ, ਪੰਜਾਬ ਵਿਚ ਨਸ਼ਾ ਤਸਕਰਾਂ ‘ਤੇ ਨਕੇਲ ਕੱਸੀ ਜਾਵੇ ਅਤੇ ਨਸ਼ਿਆਂ ਦੇ ਵਪਾਰ ‘ਚ ਸ਼ਾਮਿਲ ਵੱਡੀਆਂ ਮੱਛੀਆਂ ਨੂੰ ਫੜਿਆ ਜਾਵੇ ਅਤੇ ਉਨ੍ਹਾਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ, ਕੇਂਦਰ ਵਲੋਂ ਕਿਸਾਨਾਂ ਲਈ ਲਿਆਂਦੇ ਕਾਨੂੰਨਾਂ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਇਹ ਕਾਨੂੰਨ ਪੰਜਾਬ ‘ਚ ਕਿਸੇ ਕੀਮਤ ਉੱਤੇ ਲਾਗੂ ਨਹੀਂ ਹੋਣਗੇ, 2017 ‘ਚ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਦਿਆਂ ਮਹਿੰਗੇ ਬਿਜਲੀ ਸਮਝੌਤੇ ਰੱਦ ਕਰਨ, ਸੂਬੇ ‘ਚ 20 ਤੋਂ ਜ਼ਿਆਦਾ ਜਥੇਬੰਦੀਆਂ (ਸਿੱਖਿਆ, ਡਾਕਟਰ, ਨਰਸ, ਲਾਈਨਮੈਨ, ਕਰਮਚਾਰੀ ਆਦਿ) ਵਿਰੋਧ ਕਰ ਰਹੇ ਹਨ, ਦੀਆਂ ਮੰਗਾਂ ਉੱਤੇ ਵਿਚਾਰ ਕਰਦਿਆਂ ਮੁੱਦੇ ਜਲਦੀ ਹੱਲ ਕੀਤੇ ਜਾਣ | ਇਸ ਦੇ ਇਲਾਵਾ ਸਿੱਧੂ ਨੇ ਮੁੱਖ ਮੰਤਰੀ ਨੂੰ ਦਿੱਤੇ ਮੰਗ ਪੱਤਰ ‘ਚ ਕਿਹਾ ਕਿ ਹਾਈਕਮਾਨ ਵਲੋਂ ਤੈਅ ਕੀਤੇ ਗਏ 18 ਸੂਤਰੀ ਪ੍ਰੋਗਰਾਮ ਉੱਤੇ ਅਮਲ ਕੀਤਾ ਜਾਵੇ |

ਸਿੱਧੂ ਅਤੇ ਕਾਰਜਕਾਰੀ ਪ੍ਰਧਾਨਾਂ ਨਾਲ ਡੇਢ ਘੰਟੇ ਦੇ ਕਰੀਬ ਚੱਲੀ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪਾਰਟੀ ਦੇ 2017 ਵਿਧਾਨ ਸਭਾ ਚੋਣਾਂ ਦੇ ਮੈਨੀਫੈਸਟੋ ਵਿਚ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦਿਆਂ ‘ਚੋਂ ਬਹੁਤਿਆਂ ਨੂੰ ਪਹਿਲਾਂ ਹੀ ਲਾਗੂ ਕਰ ਚੁੱਕੀ ਹੈ ਅਤੇ ਹੋਰ ਬਾਕੀ ਮਾਮਲੇ ਵੀ ਜਲਦ ਹੱਲ ਹੋ ਜਾਣਗੇ | ਕੈਪਟਨ ਨੇ ਮੀਟਿੰਗ ਨੂੰ ਸੁਖਾਵੀਂ ਦੱਸਦਿਆਂ ਕਿਹਾ ਕਿ ਸੂਬਾ ਸਰਕਾਰ ਸਾਰੇ ਚੋਣ ਵਾਅਦੇ ਪੂਰੇ ਕਰਨ ਲਈ ਵਚਨਬੱਧ ਹੈ | ਪਾਰਟੀ ਦੇ ਹਿੱਤ ਵਿਚ ਇਕੱਠਿਆਂ ਮਿਲ ਕੇ ਕੰਮ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਕਾਰਜਕਾਰੀ ਪ੍ਰਧਾਨਾਂ ਨੂੰ ਕਿਹਾ ਕਿ ‘ਤੁਹਾਡੀ ਜਿੱਤ ਮੇਰੀ ਜਿੱਤ ਹੈ ਅਤੇ ਸਾਡੀ ਜਿੱਤ ਪਾਰਟੀ ਦੀ ਜਿੱਤ ਹੈ ਅਤੇ ਸਾਨੂੰ ਸੂਬੇ ਅਤੇ ਲੋਕਾਂ ਦੇ ਹਿੱਤ ਨੂੰ ਦੇਖਦਿਆਂ ਇਕੱਠਿਆਂ ਕੰਮ ਕਰਨ ਦੀ ਲੋੜ ਹੈ |’’

ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਆਗੂ ਤੇ ਵਰਕਰ ਸਰਕਾਰ ਦੇ ਲੋਕ ਪੱਖੀ ਫ਼ੈਸਲੇ ਤੇ ਸਰਕਾਰ ਦੇ ਕੰਮਾਂ ਨੂੰ ਜ਼ਮੀਨੀ ਪੱਧਰ ‘ਤੇ ਲੈ ਕੇ ਜਾਣ ਤਾਂ ਜੋ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਵਲੋਂ ਸੂਬੇ ਵਿਚ ਪਿਛਲੇ ਚਾਰ ਤੋਂ ਵੱਧ ਸਾਲਾਂ ਦੇ ਸਮੇਂ ਦੌਰਾਨ ਕੀਤੇ ਸ਼ਾਨਦਾਰ ਕੰਮਾਂ ਤੋਂ ਜਾਣੂੰ ਹੋ ਸਕਣ | ਮੁੱਖ ਮੰਤਰੀ ਨੇ ਸਰਕਾਰ ਅਤੇ ਪਾਰਟੀ ਵਿਚਾਲੇ ਬਿਹਤਰ ਤਾਲਮੇਲ ਯਕੀਨੀ ਬਣਾਉਣ ਲਈ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂਆਂ ਨੂੰ ਨਿਰੰਤਰ ਮਿਲਣ ਦੀ ਪੇਸ਼ਕਸ਼ ਕੀਤੀ | ਉੱਧਰ ਉੱਚ ਪੱਧਰੀ ਸੂਤਰਾਂ ਅਨੁਸਾਰ ਤਾਜਪੋਸ਼ੀ ਸਮਾਗਮ ਮੌਕੇ ਸਿੱਧੂ ਦੇ ਰਵੱਈਏ ਤੋਂ ਕੈਪਟਨ ਸਮੇਤ ਹਾਈਕਮਾਨ ਵੀ ਨਾਖ਼ੁਸ਼ ਸੀ, ਜਿਸ ਦੇ ਚਲਦੇ ਹਾਈਕਮਾਨ ਵਲੋਂ ਹੀ ਸਿੱਧੂ ਅਤੇ ਸਾਰੀ ਟੀਮ ਨੂੰ ਕੈਪਟਨ ਨਾਲ ਮੁਲਾਕਾਤ ਕਰਨ ਲਈ ਕਿਹਾ ਗਈ ਸੀ | ਸੂਤਰਾਂ ਮੁਤਾਬਿਕ ਹਾਈਕਮਾਨ ਦੇ ਇਸ਼ਾਰੇ ਮਗਰੋਂ ਹੀ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮਿਲਣ ਲਈ ਸਮਾਂ ਮੰਗਿਆ ਸੀ | ਜ਼ਿਕਰਯੋਗ ਹੈ ਕਿ ਆਮ ਤੌਰ ‘ਤੇ ਮੁੱਖ ਮੰਤਰੀ ਪਾਰਟੀ ਆਗੂਆਂ ਨਾਲ ਜਾਂ ਤਾਂ ਆਪਣੇ ਫਾਰਮ ਹਾਊਸ ਜਾਂ ਸਰਕਾਰੀ ਘਰ ਉੱਤੇ ਮਿਲਦੇ ਹਨ ਪਰ ਸਿੱਧੂ ਨੂੰ ਉਨ੍ਹਾਂ ਨੇ ਪੰਜਾਬ ਸਿਵਲ ਸਕੱਤਰੇਤ ‘ਚ ਮੁਲਾਕਾਤ ਲਈ ਬੁਲਾਇਆ, ਜਿੱਥੇ ਉਹ ਘੱਟ ਹੀ ਜਾਂਦੇ ਹਨ | ਇਸ ਤੋਂ ਪਹਿਲਾਂ ਜਦੋਂ ਵੀ ਕੈਪਟਨ ਨੇ ਸਿੱਧੂ ਨੂੰ ਮਿਲਣ ਲਈ ਬੁਲਾਇਆ ਤਾਂ ਇਹ ਮੁਲਾਕਾਤ ਉਨ੍ਹਾਂ ਦੇ ਫਾਰਮ ਹਾਊਸ ਉੱਤੇ ਹੀ ਹੋਈ ਸੀ |

Leave a Reply

Your email address will not be published.