ਕੈਨੇਡੀਅਨ ਸੰਸਦ ਬਰੈਡ ਵਿਸ ਨੇ ਕੀਤੀ ਅੰਮ੍ਰਿਤਸਰ ਲਈ ਉਡਾਣਾਂ ਦੀ ਮੰਗ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਸੰਸਦ ਮੈਂਬਰ ਬਰੈਡ ਵਿਸ ਵਲੋਂ ਕੈਨੇਡਾ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਦੀ ਮੰਗ ਸੰਬੰਧੀ ਪਾਰਲੀਮੈਂਟ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਨੂੰ ਸਪਾਂਸਰ ਕਰਨ ਤੇ ਸਿੱਧੀਆਂ ਉਡਾਣਾਂ ਦੀ ਵਕਾਲਤ ਕਰਨ ’ਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਉਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ ਹੈ।

ਪ੍ਰੈਸ ਨੂੰ ਜਾਰੀ ਸਾਂਝੇ ਬਿਆਨ ਵਿਚ ਫਲਾਈ ਅੰਮ੍ਰਿਤਸਰ ਦੇ ਉੱਤਰੀ ਅਮਰੀਕਾ ਦੇ ਕਨਵੀਨਰ ਕੈਨੇਡਾ ਵਾਸੀ ਅਨੰਤਦੀਪ ਸਿੰਘ ਢਿੱਲੋਂ ਤੇ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਕੈਨੇਡਾ ਦੇ ਵੈਨਕੂਵਰ ਤੇ ਟੋਰਾਂਟੋ ਤੋਂ ਅੰਮ੍ਰਿਤਸਰ ਲਈ ਉਡਾਣਾ ਬਾਰੇ ਪਰਵਾਸੀ ਪੰਜਾਬੀਆਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਸੰਬੰਧੀ ਬ੍ਰਿਟਿਸ਼ ਕੋਲੰਬੀਆਂ ਸੂਬੇ ਦੇ ਸ਼ਹਿਰ ਸਰੀ ਦੇ ਵਸਨੀਕ ਤੇ ਫਲਾਈ ਅੰਮ੍ਰਿਤਸਰ ਦੇ ਕੈਨੇਡਾ ਤੋਂ ਬੁਲਾਰੇ ਮੋਹਿਤ ਧੰਜੂ ਨੇ ਸੰਸਦ ਵਿਚ ਈ-ਪਟੀਸ਼ਨ ਦੀ ਆਰੰਭਤਾ ਕੀਤੀ ਸੀ। ਇਸ ਲਈ ਉਨ੍ਹਾਂ ਨੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਮਿਸ਼ਨ-ਮੈਟਸਕੀ-ਫੇ੍ਜ਼ਰ ਕੈਨਿਯਨ ਹਲਕੇ ਦੀ ਨੁਮਾਇੰਦਗੀ ਕਰਦੇ ਐੱਮਪੀ ਬਰੈਡ ਵਿਸ ਨੂੰ ਹਮਾਇਤ ਦੇਣ ਲਈ ਪਹੁੰਚ ਕੀਤੀ ਸੀ। ਇਸ ਪਿੱਛੋਂ ਇਹ ਪਟੀਸ਼ਨ ਹੁਣ 11 ਫਰਵਰੀ ਤਕ ਪਾਰਲੀਮੈਂਟ ਦੀ ਵੈੱਬਸਾਈਟ ’ਤੇ ਕੈਨੇਡਾ ਨਿਵਾਸੀਆਂ ਦੇ ਸਾਈਨ ਕਰਨ ਲਈ ਖੁੱਲ੍ਹੀ ਰਹੇਗੀ ਤੇ ਹੁਣ ਤਕ ਇਸ ’ਤੇ 6500 ਤੋਂ ਵੱਧ ਦਸਤਖ਼ਤ ਕੀਤੇ ਜਾ ਚੁੱਕੇ ਹਨ।

ਸੰਸਦ ਮੈਂਬਰ ਬ੍ਰੈਡ ਵਿਸ ਨੇ ਸੋਸ਼ਲ ਮੀਡੀਆ ’ਤੇ ਜਾਰੀ ਕੀਤੇ ਬਿਆਨ ਵਿਚ ਕਿਹਾ ਕਿ ਮੈਨੂੰ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੀ ਹਾਊਸ ਆਫ ਕਾਮਨਜ਼ ਈ-ਪਟੀਸ਼ਨ ਦੀ ਹਿਮਾਇਤ ਕਰਨ ’ਤੇ ਮਾਣ ਹੈ, ਜਿਸ ਵਿਚ ਕੈਨੇਡਾ ਸਰਕਾਰ ਨੂੰ ਅੰਮ੍ਰਿਤਸਰ ਲਈ ਸਿੱਧੀ ਉਡਾਣ ਸ਼ੁਰੂ ਕਰਨ ਲਈ ਵਿਕਲਪਾਂ ਦੀ ਖੋਜ ਕਰਨ ਲਈ ਕਿਹਾ ਗਿਆ ਹੈ।

Leave a Reply

Your email address will not be published. Required fields are marked *