ਕੈਨੇਡੀਅਨ ਚੋਣਾਂ: ਊਠ ਕਿਸ ਕਰਵਟ ਬੈਠੇਗਾ?

Home » Blog » ਕੈਨੇਡੀਅਨ ਚੋਣਾਂ: ਊਠ ਕਿਸ ਕਰਵਟ ਬੈਠੇਗਾ?
ਕੈਨੇਡੀਅਨ ਚੋਣਾਂ: ਊਠ ਕਿਸ ਕਰਵਟ ਬੈਠੇਗਾ?

ਗੁਰਪ੍ਰੀਤ ਸਿੰਘ ਤਲਵੰਡੀ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਵਲੋਂ ਕੁਝ ਕੁ ਸਮਾਂ ਪਹਿਲਾਂ ਹੀ ਕੈਨੇਡਾ ਦੀਆਂ ਮੱਧਕਾਲੀ ਚੋਣਾਂ ਦਾ ਐਲਾਨ ਕੀਤਾ ਗਿਆ ਸੀ।

ਹੁਣ ਇਹ ਚੋਣਾਂ 20 ਸਤੰਬਰ 2021 ਨੂੰ ਹੋ ਰਹੀਆਂ ਹਨ। ਇਸ ਤੋਂ ਪਹਿਲਾਂ ਕੈਨੇਡਾ ਅੰਦਰ ਜਸਟਿਨ ਟਰੂਡੋ ਦੀ ਅਗਵਾਈ ਹੇਠ ਲਿਬਰਲ ਪਾਰਟੀ ਦੀ ਘੱਟ ਗਿਣਤੀ ਸਰਕਾਰ ਕੰਮ ਕਰ ਰਹੀ ਸੀ। ਇਸ ਦੌਰਾਨ ਸਰਕਾਰ ਨੂੰ ਕਈ ਅਹਿਮ ਬਿੱਲ ਪਾਸ ਕਰਨ ਲਈ ਕਈ ਤਰ੍ਹਾਂ ਦੀਆਂ ਕਠਿਨਾਈਆਂ ਦਾ ਸਾਹਮਣਾ ਵੀ ਕਰਨਾ ਪਿਆ ਲੇਕਿਨ ਐੱਨਡੀਪੀ ਵਲੋਂ ਜਗਮੀਤ ਸਿੰਘ ਦੀ ਅਗਵਾਈ ਹੇਠ ਵਧੇਰੇ ਬਿੱਲ ਪਾਸ ਕਰਨ ਲਈ ਹਮਾਇਤ ਵੀ ਦਿੱਤੀ ਜਾਂਦੀ ਰਹੀ ਹੈ। ਪਿਛਲੇ ਲੰਮੇ ਸਮੇਂ ਤੋਂ ਚੱਲੀ ਕਰੋਨਾ ਵਾਇਰਸ ਦੀ ਬਿਮਾਰੀ ਭਾਵੇਂ ਅਜੇ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਲੇਕਿਨ ਇਸ ਦੌਰਾਨ ਹੀ ਚੋਣਾਂ ਦਾ ਐਲਾਨ ਕਰਨ ਕਰਕੇ ਜ਼ਿਆਦਾਤਰ ਲੋਕ ਸਰਕਾਰ ਨੂੰ ਸਵਾਲ ਕਰ ਰਹੇ ਹਨ। ਇਨ੍ਹੀਂ ਦਿਨੀ ਸਮੁੱਚੇ ਕੈਨੇਡਾ ਅੰਦਰ ਹੀ ਚੋਣਾਂ ਬਾਰੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਸਰਗਰਮੀਆਂ ਤੇਜ਼ ਕੀਤੀਆਂ ਜਾ ਚੁੱਕੀਆਂ ਹਨ। ਚੋਣਾਂ ਦੌਰਾਨ ਕੈਨੇਡਾ ਦੀਆਂ ਤਿੰਨ ਮੁੱਖ ਪਾਰਟੀਆਂ-ਲਿਬਰਲ, ਕੰਜ਼ਰਵੇਟਿਵ ਅਤੇ ਐੱਨਡੀਪੀ ਦਰਮਿਆਨ ਹੀ ਮੁਕਾਬਲਾ ਹੋਣਾ ਹੈ।

ਇਸ ਬਾਰੇ ਵੱਖ ਵੱਖ ਏਜੰਸੀਆਂ ਵਲੋਂ ਕਰਵਾਏ ਜਾ ਰਹੇ ਸਰਵੇਖਣ ਇਹ ਦਰਸਾਉਂਦੇ ਹਨ ਕਿ ਮੁੱਖ ਮੁਕਾਬਲਾ ਪਹਿਲੀਆਂ ਚੋਣਾਂ ਵਾਂਗ ਲਿਬਰਲ ਅਤੇ ਕੰਜ਼ਰਵੇਟਿਵ ਦਰਮਿਆਨ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਾਰੀਆਂ ਰਾਜਨੀਤਕ ਧਿਰਾਂ ਭਾਵੇਂ ਕੈਨੇਡੀਅਨ ਵੋਟਰਾਂ ਨੂੰ ਲੁਭਾਉਣ ਲਈ ਵੱਖ ਵੱਖ ਤਰ੍ਹਾਂ ਦੇ ਏਜੰਡੇ ਪੇਸ਼ ਕਰ ਰਹੀਆਂ ਹਨ ਪਰ ਕੈਨੇਡਾ ਦੀ ਨਵੀਂ ਬਣਨ ਵਾਲੀ ਸਰਕਾਰ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਨਣਾਂ ਕਰਨ ਲਈ ਤਿਆਰ ਰਹਿਣਾ ਪਵੇਗਾ ਕਿਉਂਕਿ ਕੈਨੇਡਾ ਦੇ ਵਧੇਰੇ ਹਿੱਸਿਆਂ ਨੂੰ ਛੱਡ ਕੇ ਕੁਝ ਕੁ ਰਾਜਾਂ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਜਾਂ ਗੈਂਗ ਹਿੰਸਾ ਦਾ ਰੁਝਾਨ ਬਦਸਤੂਰ ਜਾਰੀ ਹੈ। ਪਿਛਲੇ ਕੁਝ ਕੁ ਸਮੇਂ ਤੋਂ ਕੈਨੇਡਾ ਪੁਲੀਸ ਵਲੋਂ ਵੱਡੀ ਪੱਧਰ ਤੇ ਨਸ਼ੀਲੇ ਪਦਾਰਥ ਫੜ ਕੇ ਨਸ਼ੇ ਦੇ ਸੌਦਾਗਰਾਂ ਦਾ ਲੱਕ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਦੌਰਾਨ ਗੈਂਗ ਹਿੰਸਾ ਨੂੰ ਰੋਕਣ ਲਈ ਵੀ ਵੱਡੀ ਪੱਧਰ ਤੇ ਮੁਹਿੰਮ ਚਲਾਈ ਗਈ ਪਰ ਇਸ ਪਾਸੇ ਸਫਲਤਾ ਹਾਸਿਲ ਨਹੀਂ ਕੀਤੀ ਜਾ ਸਕੀ। ਇਨ੍ਹਾਂ ਅਸਫਲਤਾਵਾਂ ਕਾਰਨ ਕੈਨੇਡਾ ਦੇ ਬਹੁਗਿਣਤੀ ਲੋਕ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਤੇ ਸਵਾਲ ਚੁੱਕ ਰਹੇ ਹਨ।

ਦੂਸਰੇ ਪਾਸੇ ਸਮੁੱਚੇ ਕੈਨੇਡਾ ਭਰ ਅੰਦਰ ਪਿਛਲੇ ਸਮੇਂ ਤੋਂ ਕਰੋਨਾ ਕਾਰਨ ਕੰਮ-ਕਾਰਾਂ ਲਈ ਲੇਬਰ ਦੀ ਵੀ ਵੱਡੀ ਘਾਟ ਦੇਖਣ ਨੂੰ ਮਿਲੀ ਹੈ। ਇਸ ਦੌਰਾਨ ਹੀ ਲਿਬਰਲ ਸਰਕਾਰ ਦੁਆਰਾ ਸਾਰਥਿਕ ਪਹਿਲਕਦਮੀ ਕਰਦਿਆਂ ਕੈਨੇਡਾ ਅੰਦਰ ਪਹਿਲਾਂ ਤੋਂ ਹੀ ਰਹਿ ਰਹੇ ਆਰਜ਼ੀ ਕਾਮਿਆਂ ਨੂੰ ਪੱਕੇ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦਾ ਵਧੇਰੇ ਫਾਇਦਾ ਵੱਡੀ ਗਿਣਤੀ ਪੰਜਾਬੀ ਨੌਜਵਾਨਾਂ ਨੂੰ ਮਿਲਿਆ ਹੈ। ਟਰੂਡੋ ਸਰਕਾਰ ਵਲੋਂ ਕੱਚਿਆਂ ਨੂੰ ਪੱਕੇ ਕਰ ਦੀ ਇਹ ਮਹਿੰਮ ਅੱਗੇ ਵੀ ਜਾਰੀ ਰੱਖਣ ਦਾ ਇਸ਼ਾਰਾ ਕੀਤਾ ਹੈ। ਦੂਸਰੇ ਪਾਸੇ ਲਿਬਰਲ ਪਾਰਟੀ ਵਲੋਂ ਹੀ ਬੱਚਿਆਂ ਦੀ ਸਾਂਭ ਸੰਭਾਲ਼ ਲਈ ਪਹਿਲਾਂ ਤੋਂ ਹੀ ਪਰਿਵਾਰਾਂ ਨੂੰ ਮਿਲ ਰਹੀ ਆਰਥਿਕ ਸਹਾਇਤਾ ਵਿਚ ਵਾਧਾ ਕਰਨ ਨਾਲ ਵੀ ਬਹੁਗਿਣਤੀ ਕੈਨੇਡੀਅਨ ਭਾਈਚਾਰਾ ਸੰਤੁਸ਼ਟ ਦਿਖਾਈ ਦੇ ਰਿਹਾ ਹੈ। ਐੱਨਡੀਪੀ ਦੇ ਮੁਖੀ ਜਗਮੀਤ ਸਿੰਘ ਵਲੋਂ ਨਾਗਰਿਕਾਂ ਨੂੰ ਸਿਹਤ ਸਹੂਲਤਾਂ ਸਬੰਧੀ ਰਾਹਤ ਦਿੰਦਿਆਂ ਦਵਾਈਆਂ ਮੁਫਤ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ।

ਇਸੇ ਤਰ੍ਹਾਂ ਕੰਜ਼ਰਵੇਟਿਵ ਪਾਰਟੀ ਵੀ ਨਾਗਰਿਕਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੇ ਲਗਾਤਾਰ ਦਾਅਵੇ ਕਰ ਰਹੀ ਹੈ। ਪੰਜਾਬੀ ਭਾਈਚਾਰੇ ਦੇ ਕੈਨੇਡਾ ਦੀ ਉੱਨਤੀ ਲਈ ਵੱਡੇ ਯੋਗਦਾਨ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਜੇਕਰ 338 ਸੀਟਾਂ ਵਾਲੀ ਕੈਨੇਡੀਅਨ ਸੰਸਦ ਦੀਆਂ ਚੋਣਾਂ ਬਾਰੇ ਵੱਖ ਵੱਖ ਪਾਰਟੀਆਂ ਦੀਆਂ ਸਰਗਰਮੀਆਂ ਤੇ ਪੰਛੀ ਝਾਤ ਮਾਰੀ ਜਾਵੇ ਤਾਂ ਇਹ ਤੱਥ ਸਾਹਮਣੇ ਆਏ ਹਨ ਕਿ ਕੈਨੇਡਾ ਦੀਆਂ ਲੱਗਭੱਗ ਸਾਰੀਆਂ ਹੀ ਸਿਆਸੀ ਧਿਰਾਂ ਵਲੋਂ ਕੈਨੇਡਾ ਭਰ ਵਿਚ ਕੁੱਲ 47 ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ ਜਿਨ੍ਹਾਂ ਵਿਚੋਂ ਲਿਬਰਲ ਵਲੋਂ ਸਭ ਤੋਂ ਜ਼ਿਆਦਾ 17 ਉਮੀਦਵਾਰ, ਕੰਜ਼ਰਵੇਟਿਵ ਵਲੋਂ 13 ਉਮੀਦਵਾਰ, ਨਿਊ ਡੈਮੋਕਰੇਟਿਕ ਪਾਰਟੀ (ਐੱਨਡੀਪੀ) ਵਲੋਂ 10, ਪੀਪਲਜ਼ ਪਾਰਟੀ ਆਫ ਕੈਨੇਡਾ ਵਲੋਂ 5 ਅਤੇ ਗਰੀਨ ਪਾਰਟੀ ਵਲੋਂ 1 ਪੰਜਾਬੀ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ, ਜਦਕਿ 1 ਉਮੀਦਵਾਰ ਆਜ਼ਾਦ ਚੋਣ ਲੜ ਰਿਹਾ ਹੈ। ਪਿਛਲੀ ਟਰੂਡੋ ਸਰਕਾਰ ਵਿਚ ਰੱਖਿਆ ਮੰਤਰੀ ਰਹੇ ਹਰਜੀਤ ਸਿੰਘ ਸੱਜਣ ਵੈਨਕੂਵਰ ਸਾਊਥ ਤੋਂ, ਮੰਤਰੀ ਅਨੀਤਾ ਅਨੰਦ ਓਕਵਿਲਾ ਓਨਟਾਰੀਉ ਤੋਂ, ਬਰਦੀਸ਼ ਚੱਗਰ ਵਾਟਰਲੂ ਅਤੇ ਐੱਨਡੀਪੀ ਨੇਤਾ ਜਗਮੀਤ ਸਿੰਘ ਮੁੜ ਬੀਸੀ ਦੇ ਬਰਨਬੀ ਸਾਊਥ ਹਲਕੇ ਤੋਂ ਚੋਣ ਲੜ ਰਹੇ ਹਨ।

ਜੇਕਰ ਗੱਲ ਕਰੀਏ ਚੋਣ ਸਰਵੇਖਣਾਂ ਦੀ ਤਾਂ ਇਹ ਸਾਹਮਣੇ ਆਇਆ ਹੈ ਕਿ ਲਿਬਰਲ ਅਤੇ ਕੰਜ਼ਰਵੇਟਿਵ ਦਰਮਿਆਨ ਕਾਂਟੇ ਦੀ ਟੱਕਰ ਹੋ ਰਹੀ ਹੈ। ਕਈ ਸਰਵੇਖਣ ਕੰਜ਼ਰਵੇਟਿਵ ਦਾ ਹੱਥ ਉੱਪਰ ਦੱਸ ਰਹੇ ਹਨ ਪਰ ਬਹੁਤੇ ਕੰਜ਼ਰਵੇਟਿਵ ਨੂੰ ਹੀ ਮੁੜ ਜੇਤੂ ਦਿਖਾ ਰਹੇ ਹਨ। ਇੱਕ ਸਰਵੇ ਮੁਤਾਬਿਕ 11 ਫੀਸਦੀ ਲਿਬਰਲ ਦੀ ਵੱਡੀ ਜਿੱਤ ਦਰਸਾਈ ਜਾ ਰਹੀ ਹੈ ਜਦਕਿ 46 ਫੀਸਦੀ ਇਹ ਆਖਿਆ ਜਾ ਰਿਹਾ ਹੈ ਕਿ ਲਿਬਰਲ ਵਧੇਰੇ ਸੀਟਾਂ ਜਿੱਤ ਸਕਦੀ ਹੈ ਲੇਕਿਨ ਪੂਰਨ ਬਹੁਮੱਤ ਨਹੀਂ ਮਿਲ ਸਕੇਗਾ ਜਦਕਿ 39 ਫੀਸਦੀ ਇਹ ਕਿਹਾ ਜਾ ਰਿਹਾ ਹੈ ਕਿ ਕੰਜ਼ਰਵੇਟਿਵ ਵਧੇਰੇ ਸੀਟਾਂ ਜਿੱਤ ਸਕਦੇ ਹਨ ਪਰ ਪੂਰਨ ਬਹੁਮਤ ਨਹੀਂ ਮਿਲ ਸਕਦਾ ਬਲਕਿ ਕੇਵਲ 4 ਫੀਸਦੀ ਹੀ ਕੰਜ਼ਰਵੇਟਿਵ ਨੂੰ ਪੂਰਨ ਬਹੁਮਤ ਨਾਲ ਜੇਤੂ ਦਿਖਾਇਆ ਜਾ ਰਿਹਾ ਹੈ। ਕੁੱਲ ਮਿਲ਼ਾ ਕੇ ਕੈਨੇਡਾ ਅੰਦਰ ਦੁਬਾਰਾ ਲਿਬਰਲ ਸਰਕਾਰ ਬਣਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਲਿਬਰਲ ਦੇ ਬੀਸੀ ਲੋਅਰ ਮੇਨਲੈਂਡ ਸਰੀ ਨਿਊਟਨ ਤੋਂ ਉਮੀਦਵਾਰ ਸੁੱਖ ਧਾਲੀਵਾਲ ਅਤੇ ਸਰੀ ਸੈਂਟਰਲ ਤੋਂ ਉਮੀਦਵਾਰ ਰਣਦੀਪ ਸਿੰਘ ਸਰਾਏ ਜੋ ਦੋਵੇਂ ਹੀ ਮੁੜ ਆਪੋ-ਆਪਣੇ ਹਲਕਿਆਂ ਵਿਚ ਚੋਣ ਮੈਦਾਨ ਵਿਚ ਹਨ, ਨੇ ਦੱਸਿਆ ਕਿ ਕੈਨੇਡਾ ਭਰ ਅੰਦਰ ਸਿਹਤ ਸਹੂਲਤਾਂ ਵਿਚ ਸੁਧਾਰ ਕਰਨਾ, ਮਾਨਸਿਕ ਸਿਹਤ ਦੀਆਂ ਬਿਹਤਰੀਨ ਸੇਵਾਵਾਂ, ਗੰਨ ਅਤੇ ਗੈਂਗ ਹਿੰਸਾ ਤੇ ਕਾਬੂ ਪਾਉਣਾ ਸਮੇਂ ਹੋਰ ਮੁੱਖ ਮਸਲਿਆਂ ਦੇ ਹੱਲ ਬਾਰੇ ਲਿਬਰਲ ਪਾਰਟੀ ਚੋਣ ਮੈਦਾਨ ਵਿਚ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਰੋਜ਼ਾਨਾ ਡੋਰ-ਟੂ-ਡੋਰ ਮੁਹਿੰਮ ਤਹਿਤ ਨਾਗਰਿਕਾਂ ਨਾਲ ਮੇਲ-ਜੋਲ ਕਾਇਮ ਰੱਖ ਰਹੇ ਹਨ। ਲਿਬਰਲ ਪਾਰਟੀ ਨੂੰ ਪੰਜਾਬੀਆਂ ਦਾ ਵਧੇਰੇ ਸਹਿਯੋਗ ਮਿਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਿਛਲੇ ਕਰੋਨਾ ਕਾਲ ਦੌਰਾਨ ਕੈਨੇਡੀਅਨ ਨਾਗਰਿਕਾਂ ਦੀ ਆਰਥਿਕ ਮਦਦ ਕਰਨ ਦਾ ਲਾਹਾ ਵੀ ਲਿਬਰਲ ਨੂੰ ਮਿਲਣ ਦੀ ਪੂਰੀ ਸੰਭਾਵਨਾ ਹੈ। 20 ਸਤੰਬਰ ਨੂੰ ਵੋਟਰ ਉਮੀਦਵਾਰਾਂ ਬਾਰੇ ਫੈਸਲਾ ਕਰ ਦੇਣਗੇ। ਇਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਨ੍ਹਾਂ ਚੋਣਾਂ ਵਿਚ ਕੈਨੇਡਾ ਦੀ ਰਾਜਨੀਤੀ ਦਾ ਊਠ ਕਿਸ ਕਰਵਟ ਬੈਠੇਗਾ।

Leave a Reply

Your email address will not be published.