ਕੈਨੇਡਾ ਪੜ੍ਹਨ ਗਏ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ’ਚ

ਕੈਨੇਡਾ ਦੇ ਮੌਂਟਰੀਅਲ ਸ਼ਹਿਰ ਦੇ ਤਿੰਨ ਕਾਲਜਾਂ ਨੇ ਖ਼ੁਦ ਨੂੰ ਦੀਵਾਲੀਆ ਐਲਾਨ ਕੇ ਵਿਦੇਸ਼ ਗਏ ਸੈਂਕੜੇ ਪੰਜਾਬੀ ਤੇ ਭਾਰਤੀ ਵਿਦਿਆਰਥੀਆਂ ਦੇ ਭਵਿੱਖ ਨੂੰ ਖ਼ਤਰੇ ’ਚ ਪਾ ਦਿੱਤਾ ਹੈ।

ਜਗਰਾਓਂ ਤੋਂ ਪੜ੍ਹਾਈ ਲਈ ਮੌਂਟਰੀਅਲ ਗਏ ਵਰੁਣ ਖੰਨਾ, ਜੋ ਲੋਕ ਆਗੂ ਕੰਵਲਜੀਤ ਖੰਨਾ ਦੇ ਪੁੱਤਰ ਹਨ, ਨੇ ਦੱਸਿਆ ਕਿ ਮੌਂਟਰੀਅਲ ਦੇ ਤਿੰਨ ਕਾਲਜਾਂ ਐੱਮ-ਕਾਲਜ, ਸੀਡੀਈ ਤੇ ਸੀਸੀਐੱਸਕਿਊ ’ਚ ਭਾਰਤ ਦੇ ਹਜ਼ਾਰਾਂ ਵਿਦਿਆਰਥੀਆਂ ਲੱਖਾਂ ਡਾਲਰ ਫੀਸਾਂ ਭਰ ਕੇ ਦਾਖ਼ਲ ਲਿਆ ਸੀ ਤੇ ਮੌਜੂਦਾ ਸਮੇਂ ਆਨਲਾਈਨ ਪੜ੍ਹਾਈ ਕਰ ਰਹੇ ਸਨ। ਇਸੇ ਦੌਰਾਨ ਇਨ੍ਹਾਂ ਤਿੰਨਾਂ ਕਾਲਜਾਂ ਦੇ ਦੋ ਮਾਲਕਾਂ (ਕੈਰਲ ਤੇ ਨਵੀਨ) ਨੇ ਆਪਣੇ ਤਿੰਨੇ ਕਾਲਜਾਂ ਦੇ ਦੀਵਾਲੀਆ ਹੋਣਾ ਦਿਖਾ ਕੇ ਇਕ ਵੱਡੀ ਧੋਖਾਧੜੀ ਨੂੰ ਅੰਜ਼ਾਮ ਦਿੱਤਾ। ਹਾਲਾਂਕਿ ਇਨ੍ਹਾਂ ’ਚੋਂ ਇਕ ਮਾਲਕ ਕੈਰਲ ਨੂੰ ਸਥਾਨਕ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਦੋਂ ਕਿ ਦੂਸਰਾ ਮਾਲਕ ਨਵੀਨ ਫ਼ਰਾਰ ਹੈ।

ਨੌਜਵਾਨ ਆਗੂ ਵਰੁੁਣ ਖੰਨਾ ਤੇ ਉਸ ਦੇ ਸਾਥੀਆਂ ਅਮੀਤੋਜ ਸ਼ਾਹ, ਪਰਮ ਢਿੱਲੋਂ, ਜੋਤ ਘੁੰਮਣ, ਹਰਜਿੰਦਰ ਸਿੱਧੂ, ਪਰਮਿੰਦਰ ਪਾਂਗਲੀ ਨੇ ਦੱਸਿਆ ਕਿ ਆਪਣੇ ਭਵਿੱਖ ਤੇ ਕਰੋੜਾਂ ਰੁਪਏ ਦੇ ਨੁਕਸਾਨ ਨੂੰ ਲੈ ਕੇ ਵੱਡੀ ਗਿਣਤੀ ’ਚ ਪੀੜਤ ਵਿਦਿਆਰਥੀ ਮੌਂਟਰੀਅਲ ਵਿਖੇ ਇਕੱਠੇ ਹੋਏ ਤੇ ਨਾਅਰੇਬਾਜ਼ੀ ਕਰਦਿਆਂ ਇਸ ਧੋਖਾਧੜੀ ਖ਼ਿਲਾਫ਼ ਰੋਸ ਪ੍ਰਗਟਾਇਆ।ਵਿਦਿਆਰਥੀਆਂ ਮੁੁਤਾਬਕ ਉਨ੍ਹਾਂ ਪੰਜਾਬ ’ਚ ਰਹਿਲ ਸਰਵਿਸ ਕੈਨੇਡਾ, ਕੈਨਮ ਸਰਵਿਸ ਸਮੇਤ ਕਈ ਹੋਰ ਏਜੰਟਾਂ ਰਾਹੀਂ ਸਟੂਡੈਂਟ ਵੀਜ਼ਾ ਲਈ ਅਪਲਾਈ ਕੀਤਾ ਸੀ। ਐਤਵਾਰ ਨੂੰ ਹੋਈ ਮੀਟਿੰਗ ’ਚ ਧੋਖਾਧੜੀ ਦੇ ਸ਼ਿਕਾਰ ਤਿੰਨਾਂ ਕਾਲਜਾਂ ਦੇ ਵਿਦਿਆਰਥੀਆਂ ਦੇ ਹੱਕਾਂ ਲਈ 13 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਇਹ ਕਮੇਟੀ ਆਉਣ ਵਾਲੇ ਦਿਨਾਂ ਵਿੱਚ ਵੱਖ-ਵੱਖ ਸ਼ੋਸ਼ਲ ਮੀਡੀਆ ਪਲੇਟਫਾਰਮਾਂ ’ਤੇ ‘ਮੌਂਟਰੀਅਲ ਯੂਥ-ਸਟੂਡੈਂਟ ਆਰਗੇਨਾਈਜੇਸ਼ਨ’ ਨਾਂ ਹੇਠ ਆਪਣਾ ਪ੍ਰੋਗਰਾਮ ਦੇਵੇਗੀ। ਇਸ ਮੀਟਿੰਗ ’ਚ ਕੈਨੇਡਾ ਤੇ ਭਾਰਤ ਦੇ ਵਿਦਿਆਰਥੀਆਂ ਤੇ ਇਨਸਾਫਪਸੰਦ ਲੋਕਾਂ ਨੂੰ ਧੋਖਾਧੜੀ ਦੇ ਸ਼ਿਕਾਰ ਵਿਦਿਆਰਥੀਆਂ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ।

Leave a Reply

Your email address will not be published. Required fields are marked *