ਕੈਨੇਡਾ ਦੇ ਮੂਲ ਵਾਸੀਆਂ ਦੀ ਦਾਸਤਾਨ: ਅਸੱਭਿਅਕ ਵਰਤਾਰਾ

Home » Blog » ਕੈਨੇਡਾ ਦੇ ਮੂਲ ਵਾਸੀਆਂ ਦੀ ਦਾਸਤਾਨ: ਅਸੱਭਿਅਕ ਵਰਤਾਰਾ
ਕੈਨੇਡਾ ਦੇ ਮੂਲ ਵਾਸੀਆਂ ਦੀ ਦਾਸਤਾਨ: ਅਸੱਭਿਅਕ ਵਰਤਾਰਾ

ਕਿਹਾ ਜਾਂਦਾ ਹੈ ਕਿ ਜੇ ਕਿਸੇ ਨਸਲ ਨੂੰ ਖ਼ਤਮ ਕਰਨਾ ਹੋਵੇ ਤਾਂ ਉਨ੍ਹਾਂ ਨੂੰ ਉਨ੍ਹਾਂ ਦੀ ਭਾਸ਼ਾ, ਬੋਲੀ ਤੇ ਸੱਭਿਆਚਾਰ ਨਾਲੋਂ ਤੋੜ ਦਿਓ ਤਾਂ ਉਹ ਆਪਣੇ ਆਪ ਖ਼ਤਮ ਹੋ ਜਾਣਗੇ।

ਇਸ ਦੀ ਮਿਸਾਲ ਅੱਜ ਸਾਡੇ ਸਾਹਮਣੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਕੈਮਲੂਪਸ ਦੇ ਪੁਰਾਣੇ ਰੈਜ਼ੀਡੈਂਸ਼ੀਅਲ ਸਕੂਲ ਵਿਚੋਂ 3 ਤੋਂ 18 ਸਾਲ ਤਕ ਦੇ ਬੱਚਿਆਂ ਦੇ ਮਿਲੇ ਪਿੰਜਰ ਹਨ। ਇਨ੍ਹਾਂ ਸਕੂਲੀ ਬੱਚਿਆਂ ਨੂੰ ਯੋਜਨਾਬੱਧ ਤਰੀਕੇ ਨਾਲ ਮਾਪਿਆਂ, ਬੋਲੀ ਤੇ ਸੱਭਿਆਚਾਰ ਨਾਲੋਂ ਹੀ ਨਹੀਂ ਤੋੜਿਆ ਸਗੋਂ ਉਨ੍ਹਾਂ ਨੂੰ ਮਾਰ ਕੇ ਧਰਤੀ ਵਿਚ ਦੱਬ ਦਿੱਤਾ। ਸੋਚਿਆ ਜਾਵੇ ਕਿ ਇਹ ਬੱਚੇ ਇਕ ਦਿਨ ਤਾਂ ਨਹੀਂ ਮਾਰੇ ਗਏ ਹੋਣਗੇ, ਸਗੋਂ ਇਨ੍ਹਾਂ ਦੇ ਜ਼ੁਲਮਾਂ ਦੀ ਦਾਸਤਾਨ ਕਿਹੋ ਜਿਹੀ ਖ਼ਤਰਨਾਕ ਹੋਵੇਗੀ, ਜੋ ਹਰ ਰੋਜ਼ ਆਪਣੀ ਹੋਣੀ ਨਾਲ ਟੱਕਰਦੇ ਹੋਣਗੇ। ਸੋਚ ਕੇ ਵੀ ਕੰਬਣੀ ਛਿੜਦੀ ਹੈ ਕਿ ਤਿੰਨ ਸਾਲ ਦੇ ਬੱਚੇ ਦਾ ਕੀ ਕਸੂਰ ਹੋਵੇਗਾ ? ਜਿਹੜੇ ਵਿਦਿਆਰਥੀ ਇਨ੍ਹਾਂ ਸਕੂਲਾਂ ਵਿਚੋਂ ਪੜ੍ਹ ਕੇ ਬਾਹਰ ਵੀ ਆਏ ਉਨ੍ਹਾਂ ਦੀਆਂ ਲਿਖੀਆਂ ਕਿਤਾਬਾਂ ਉਨ੍ਹਾਂ ’ਤੇ ਹੋਏ ਜ਼ੁਲਮਾਂ ਦੀ ਸ਼ਾਹਦੀ ਭਰਦੀਆਂ ਹਨ। ਹੁਣ ਹੋਰ ਸਕੂਲਾਂ ਬਾਰੇ ਪਤਾ ਲਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ। ਦੁੱਖ ਇਸ ਗੱਲ ਦਾ ਹੈ ਕਿ ਉਸ ਸਮੇਂ ਹੋ ਰਹੇ ਇਨ੍ਹਾਂ ਜ਼ੁਲਮਾਂ ਨੂੰ ਸਰਕਾਰਾਂ ਕਿਵੇਂ ਅੱਖੋਂ ਪਰੋਖੇ ਕਰਦੀਆਂ ਰਹੀਆਂ ਹੋਣਗੀਆਂ।

ਕਿਸੇ ਵੀ ਜ਼ਿੰਮੇਵਾਰ ਨੁਮਾਇੰਦੇ ਨੇ ਇਨ੍ਹਾਂ ਲੋਕਾਂ ਦੀ ਆਵਾਜ਼ ਸੁਣੀ ਹੀ ਨਹੀਂ ਸਗੋਂ ਇਨ੍ਹਾਂ ਨੂੰ ਘਟੀਆ ਸਮਝ ਕੇ ਹਾਸ਼ੀਏ ਦੇ ਉਸ ਪਾਰ ਹੀ ਧੱਕਿਆ ਜਾਂਦਾ ਰਿਹਾ ਹੈ। ਇਹ ਲੋਕ ਇਸ ਬਦਸਲੂਕੀ ਦਾ ਸ਼ਿਕਾਰ ਕਿਵੇਂ ਬਣੇ ? ਇਸ ਬਾਰੇ ਇਤਿਹਾਸ ਨੂੰ ਹੰਗਾਲਣਾ ਪਵੇਗਾ। ਕੈਨੇਡਾ ਦਾ ਇਤਿਹਾਸ ਬਹੁਤਾ ਪੁਰਾਣਾ ਨਹੀਂ ਮਿਲਦਾ। ਇਹ ਤਾਂ ਜਦੋਂ ਕੋਲੰਬਸ ਘੁੰਮਦਾ ਫਿਰਦਾ 1492 ਵਿਚ ਅਮਰੀਕਾ ਪਹੁੰਚਦਾ ਹੈ ਤੇ ਸਮੁੰਦਰੋਂ ਪਾਰ ਇਹ ਧਰਤੀ ਲੱਭ ਲੈਂਦਾ ਹੈ ਜਿਹੜੀ ਖਣਿਜ ਪਦਾਰਥਾਂ ਨਾਲ ਭਰੀ ਪਈ ਹੈ। ਉਸ ਤੋਂ ਬਾਅਦ ਯੂਰੋਪੀਅਨ ਲੋਕਾਂ ਦਾ ਇੱਥੇ ਆਉਣਾ ਜਾਣਾ ਸ਼ੁਰੂ ਹੋਇਆ। ਕੈਨੇਡਾ ਦੀ ਧਰਤੀ ’ਤੇ ਆਉਣ ਵਾਲਾ ਪਹਿਲਾ ਯੂਰੋਪੀਅਨ ਜੋਹਨ ਕੇਬਟ 24 ਜੂਨ 1497 ਨੂੰ ਇੱਥੇ ਪਹੁੰਚਿਆ। ਪਹਿਲਾਂ ਪਹਿਲ ਉਹ ਵਪਾਰ ਦੇ ਬਹਾਨੇ ਜਿਵੇਂ ਲੋਕਾਂ ਤੋਂ ਜੰਗਲੀ ਜਾਨਵਰਾਂ ਦੀ ਫਰ ਲੈ ਜਾਣੀ ਤੇ ਉਨ੍ਹਾਂ ਦਾ ਲੋਹੇ ਦੇ ਯੰਤਰਾਂ ਨਾਲ ਵਟਾਂਦਰਾ ਕਰ ਲੈਣਾ। ਮੂਲ ਨਿਵਾਸੀਆਂ ਨੂੰ ਵੀ ਇਨ੍ਹਾਂ ਯੰਤਰਾਂ ਨਾਲ ਸ਼ਿਕਾਰ ਕਰਨਾ ਸੌਖਾ ਲੱਗਿਆ ਤੇ ਸਹਿਜੇ ਹੀ ਉਹ ਇਸ ਖਲਜਗਣ ਵਿਚ ਧੱਸਦੇ ਚਲੇ ਗਏ।

ਸਮਾਂ ਪਾ ਕੇ ਯੂਰੋਪੀਅਨ ਜਿਵੇਂ ਦੁਨੀਆ ਭਰ ਵਿਚ ਫੈਲਦੇ ਗਏ ਤੇ ਹਰ ਥਾਂ ਆਪਣੇ ਬਿਜ਼ਨਸ ਸੈਟਲ ਕਰਦੇ ਗਏ ਤੇ ਧਰਤੀ ’ਤੇ ਕਬਜ਼ਾ ਵੀ ਕਰਦੇ ਗਏ, ਇੱਥੇ ਵੀ ਉਨ੍ਹਾਂ ਇਵੇਂ ਹੀ ਕੀਤਾ। ਇੱਥੋਂ ਦੇ ਵਾਸੀ ਥੋੜ੍ਹੇ ਸਨ ਤੇ ਰਹਿੰਦੇ ਵੀ ਸਮੁੰਦਰ ਕੰਢੇ ਛੋਟੇ ਛੋਟੇ ਕਬੀਲਿਆਂ ਵਿਚ ਸਨ। ਇਨ੍ਹਾਂ ਲੋਕਾਂ ਦਾ ਮੁੱਖ ਕਿੱਤਾ ਮੱਛੀ ਫੜਨਾ ਸੀ। ਮੱਛੀ ਜਾਂ ਜਾਨਵਰਾਂ ਦੇ ਸ਼ਿਕਾਰ ਜਾਂ ਫ਼ਲਾਂ ਆਦਿ ਨਾਲ ਖਾਣ ਅਤੇ ਜਾਨਵਰਾਂ ਦੀ ਖੱਲ ਪਹਿਨ ਕੇ ਗੁਜ਼ਾਰਾ ਕਰਨ ਨਾਲ ਇਨ੍ਹਾਂ ਦਾ ਆਤਮ ਨਿਰਭਰਤਾ ਦਾ ਮਸਲਾ ਹੱਲ ਹੁੰਦਾ ਸੀ। ਇਨ੍ਹਾਂ ਦੀਆਂ ਲੋੜਾਂ ਸੀਮਤ ਸਨ ਤੇ ਲੋਕ ਆਰਾਮ ਦੀ ਜ਼ਿੰਦਗੀ ਜਿਉਂ ਰਹੇ ਸਨ। ਯੂਰੋਪੀਅਨਾਂ ਨੇ ਸੱਤਾ ਦੀ ਪ੍ਰਾਪਤੀ ਤੇ ਲਾਲਚ ਦੀ ਹੱਦ ਤੋਂ ਪਾਰ ਜਾ ਕੇ ਇਨ੍ਹਾਂ ਨੂੰ ਨਵੇਂ ਨਵੇਂ ਸਬਜ਼ਬਾਗ਼ ਦਿਖਾ ਕੇ, ਲਾਲਚ ਦੇ ਕੇ, ਔਰਤਾਂ ਨਾਲ ਸਬੰਧ ਬਣਾ ਕੇ, ਬੱਚੇ ਪੈਦਾ ਕਰਕੇ, ਭਰਮਾ ਕੇ ਇਸ ਧਰਤੀ ’ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਬਸਤੀਵਾਦੀ ਬ੍ਰਿਟਿਸ਼ ਸਰਕਾਰ ਜਿਸ ਨੇ ਸਾਰੇ ਦੇਸ਼ਾਂ ’ਤੇ ਕਬਜ਼ਾ ਕਰਨ ਲਈ ਆਪਣੀ ਨਸਲਵਾਦੀ ਨੀਤੀ ਤਹਿਤ ਆਪਣੇ ਆਪ ਨੂੰ ਸਭ ਤੋਂ ਉੱਤਮ ਗਰਦਾਨਕੇ ਦੂਜਿਆਂ ਨੂੰ ਨੀਵਾਂ ਤੇ ਘਟੀਆ ਦਰਸਾਉਣ ਲਈ ਉਨ੍ਹਾਂ ਨੂੰ ਆਪਣੇ ਵਰਗਾ ਵਧੀਆ ਬਣਾਉਣ ਦੀ ਕੋਸ਼ਿਸ਼ ਕੀਤੀ।

ਇਸ ਤਹਿਤ 20ਵੀਂ ਸਦੀ ਦੇ ਅਖੀਰਲੇ ਦਹਾਕਿਆਂ ਵਿਚ ਮੂਲ ਨਿਵਾਸੀਆਂ ਦੇ ਬੱਚਿਆਂ ਨੂੰ ਅੰਗਰੇਜ਼ੀ ਦੀ ਸਿੱਖਿਆ ਤੇ ਰਹਿਣ ਸਹਿਣ ਦੇ ਤਰੀਕੇ ਸਿਖਾਉਣ ਦੀ ਜ਼ਿੰਮੇਵਾਰੀ ਸਮਝਦੇ ਹੋਏ ਇਸਾਈ ਮਿਸ਼ਨਰੀਆਂ ਨੂੰ ਰੈਜ਼ੀਡੈਂਸ਼ੀਅਲ ਸਕੂਲਾਂ ਜ਼ਰੀਏ ਇਨ੍ਹਾਂ ਦੀ ਸਰਪ੍ਰਸਤੀ ਸੰਭਾਲ ਦਿੱਤੀ। ਇਸ ਤਰ੍ਹਾਂ ਦੇ 139 ਸਕੂਲ ਖੋਲ੍ਹੇ ਗਏ ਤੇ ਮੂਲ ਨਿਵਾਸੀਆਂ ਦੇ 150,000 ਬੱਚੇ ਸਕੂਲਾਂ ਵਿਚ ਜਬਰੀ ਦਾਖਲ ਕੀਤੇ ਗਏ ਸਨ, ਜਿਨ੍ਹਾਂ ਦੀ ਉਮਰ 3 ਸਾਲ ਤੋਂ 18 ਸਾਲ ਤਕ ਹੁੰਦੀ ਸੀ। ਇਨ੍ਹਾਂ ਸਕੂਲਾਂ ਨੂੰ ਸਰਕਾਰ ਫੰਡ ਦਿੰਦੀ ਸੀ। ਇਸ ਤੋਂ ਇਲਾਵਾ ਵੀ ਬਿਨਾਂ ਸਰਕਾਰੀ ਮਦਦ ਤੋਂ ਵੀ ਬਹੁਤ ਸਕੂਲ ਖੋਲ੍ਹੇ ਗਏ ਸਨ। ਇਨ੍ਹਾਂ ਰਿਹਾਇਸ਼ੀ ਸਕੂਲਾਂ ਵਿਚ ਕੈਨੇਡਾ ਦੇ ਆਦਿਵਾਸੀਆਂ ਦੇ ਸਾਰੇ ਫਸਟ ਨੇਸ਼ਨ, ਮੇਟੀਜ਼ ਤੇ ਇਨਯੂਇਟ ਕਬੀਲਿਆਂ ਦੇ ਬੱਚਿਆਂ ਨੂੰ ਮਾਪਿਆਂ ਤੋਂ ਦੂਰ ਬੇਸ਼ੱਕ ਸੱਭਿਅਕ ਤੇ ਯੂਰੋਪੀਅਨਾਂ ਵਿਚ ਅਭੇਦ ਕਰਨ ਲਈ ਰੱਖਿਆ ਗਿਆ ਸੀ, ਪਰ ਉੱਥੇ ਉਨ੍ਹਾਂ ਨੂੰ ਇਸਾਈ ਮੱਤ ਦੀ ਧਾਰਮਿਕ ਸਿੱਖਿਆ ਜਾਂ ਸਕੂਲ ਨੂੰ ਚਲਾਉਣ ਲਈ ਹੀ ਕੰਮ ਕਰਵਾਏ ਜਾਂਦੇ ਸਨ।

ਜਿਵੇਂ ਮੁੰਡਿਆਂ ਤੋਂ ਖੇਤੀ ਦਾ ਕੰਮ, ਲੱਕੜੀ ਅਤੇ ਲੋਹੇ ਆਦਿ ਦੇ ਕੰਮ ਤੇ ਕੁੜੀਆਂ ਤੋਂ ਸਿਲਾਈ, ਕਢਾਈ, ਖਾਣਾ ਬਣਾਉਣਾ, ਕੱਪੜੇ ਧੋਣਾ ਤੇ ਸਫ਼ਾਈ ਦਾ ਕੰਮ ਕਰਵਾਇਆ ਜਾਂਦਾ ਸੀ। ਜਦੋਂ ਬੱਚੇ ਇਨ੍ਹਾਂ ਸਕੂਲਾਂ ਵਿਚ ਦਾਖਲ ਹੁੰਦੇ ਤਾਂ ਪਹਿਲਾ ਕੰਮ ਉਨ੍ਹਾਂ ਦਾ ਨਾਂ ਬਦਲ ਦਿੱਤਾ ਜਾਂਦਾ ਸੀ ਜਿਸ ਵਜ੍ਹਾ ਕਰਕੇ ਅੱਜ ਮਾਰੇ ਗਏ ਬੱਚਿਆਂ ਦੀ ਪਛਾਣ ਨਹੀਂ ਹੋ ਰਹੀ। ਕਈ ਸਕੂਲਾਂ ਵਿਚ ਉਹ ਸਾਰੇ ਸਾਲ ਵਿਚੋਂ 1-2 ਮਹੀਨਿਆਂ ਜਾਂ ਹਫ਼ਤਿਆਂ ਲਈ ਹੀ ਘਰ ਜਾ ਸਕਦੇ ਸਨ। ਜੇ ਕਦੇ ਮਾਪੇ ਉਨ੍ਹਾਂ ਨੂੰ ਮਿਲਣ ਆਉਂਦੇ ਤਾਂ ਉਨ੍ਹਾਂ ’ਤੇ ਸਖ਼ਤੀ ਕੀਤੀ ਜਾਂਦੀ ਕਿ ਉਹ ਸਿਰਫ਼ ਆਪਣੇ ਮਾਪਿਆਂ ਨਾਲ ਅੰਗਰੇਜ਼ੀ ਵਿਚ ਹੀ ਗੱਲ ਕਰ ਸਕਦੇ ਸਨ, ਉੱਧਰ ਮਾਪਿਆਂ ਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ ਤੇ ਦੋਵੇਂ ਧਿਰਾਂ ਰੋਂਦੀਆਂ ਕਰਲਾਉਂਦੀਆਂ ਹੀ ਮੁੜ ਜਾਂਦੀਆਂ। ਜੇ ਉਹ ਕਬੀਲੇ ਦੀ ਭਾਸ਼ਾ ਬੋਲਦੇ ਤਾਂ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਂਦੀਆਂ। ਉਹ ਇਕੋ ਸਕੂਲ ਵਿਚ ਪੜ੍ਹਦੇ ਆਪਣੇ ਭੈਣਾਂ ਭਰਾਵਾਂ ਨੂੰ ਵੀ ਨਹੀਂ ਸੀ ਮਿਲ ਸਕਦੇ। ਜੇ ਕਿਤੇ ਕੁਤਾਹੀ ਹੋ ਜਾਂਦੀ ਤਾਂ ਮੰਜਿਆਂ ਨਾਲ ਬੰਨ੍ਹ ਦਿੱਤਾ ਜਾਂਦਾ, ਮਾਤ ਭਾਸ਼ਾ ਬੋਲਣ ’ਤੇ ਜੀਭ ਵਿਚ ਸੂਈਆਂ ਮਾਰੀਆਂ ਜਾਂਦੀਆਂ, ਭੁੱਖੇ ਰੱਖਣਾ, ਕੁੱਟਣਾ, ਮਾਰਨਾ, ਬਿਮਾਰੀ ਦੀ ਹਾਲਤ ਵਿਚ ਵੀ ਸਖ਼ਤ ਕੰਮ ਕਰਵਾਉਂਦੇ।

ਇਸ ਸਮੇਂ ਦੌਰਾਨ ਟੀਬੀ ਤੇ ਫਲੂ ਵਰਗੀਆਂ ਭਿਆਨਕ ਬਿਮਾਰੀਆਂ ਦੀ ਵੈਕਸੀਨ ਜੋ ਅੱਜ ਜਾਨਵਰਾਂ ’ਤੇ ਟੈਸਟ ਕੀਤੀ ਜਾਂਦੀ ਹੈ ਉਦੋਂ ਇਨ੍ਹਾਂ ਵਿਦਿਆਰਥੀਆਂ ’ਤੇ ਹੀ ਟੈਸਟ ਕੀਤੀ ਜਾਂਦੀ ਸੀ ਜਿਸ ਦੇ ਰਿਜ਼ਲਟ ਵਿਚ ਅਨੇਕਾਂ ਬੱਚੇ ਮਰ ਜਾਂਦੇ ਸਨ। ਸਰਕਾਰੀ ਸਿਹਤ ਇੰਸਪੈਕਟਰ ਪੀ. ਐੱਚ. ਬਰਾਈਸ ਨੇ 1907 ਵਿਚ ਰਿਪੋਰਟ ਕੀਤਾ ਸੀ ਕਿ ਮੂਲ ਨਿਵਾਸੀ ਸਿਹਤਮੰਦ ਬੱਚੇ ਜੋ ਰੈਜ਼ੀਡੈਂਸ਼ੀਅਲ ਸਕੂਲਾਂ ਵਿਚ ਜ਼ਬਰੀ ਲਿਆਂਦੇ ਗਏ ਉਨ੍ਹਾਂ ਦੀ ਉੱਥੇ ਆ ਕੇ 24% ਦੀ ਮੌਤ ਹੋ ਗਈ ਹੈ। ਜੋ ਕਈ ਸਕੂਲਾਂ ਵਿਚ ਇਸ ਤੋਂ ਵੀ ਵਧ ਕੇ 47% ਤੇ 75% ਵੀ ਹੋਈ, ਪਰ ਜੋ ਬੱਚੇ ਬਿਮਾਰ ਹੋਣ ’ਤੇ ਘਰਾਂ ਨੂੰ ਭੇਜੇ ਗਏ ਤੇ ਜਾਣ ਸਾਰ ਮਰ ਗਏ, ਉਹ ਇਨ੍ਹਾਂ ਵਿਚ ਸ਼ਾਮਲ ਨਹੀਂ ਹਨ। ਇਸ ਰਿਪੋਰਟ ਨੂੰ ਉਦੋਂ ਜਨਤਕ ਨਹੀਂ ਕੀਤਾ ਗਿਆ, ਸਗੋਂ 1922 ਵਿਚ ਜਾ ਕੇ ਇਹ ਪਬਲਿਸ਼ ਹੋਈ ਸੀ। ਇਨ੍ਹਾਂ ਸਕੂਲਾਂ ਵਿਚ ਬੱਚਿਆਂ ਦੀਆਂ ਮੌਤਾਂ ਤਸ਼ੱਦਦ, ਕੁਪੋਸ਼ਣ, ਬਲਾਤਕਾਰ, ਮਾਪਿਆਂ ਦੇ ਹੇਰਵੇ, ਅੱਗ ਵਿਚ ਝੁਲਸ ਕੇ ਤੇ ਸਕੂਲੋਂ ਭੱਜਣ ਸਮੇਂ ਬਰਫ਼ ਵਿਚ ਜੰਮ ਕੇ ਤੇ ਭਿਆਨਕ ਮਹਾਮਾਰੀਆਂ ਦੌਰਾਨ ਹੋਈਆਂ ਦੱਸੀਆਂ ਜਾ ਰਹੀਆਂ ਹਨ।

ਜੂਨ 2015 ਵਿਚ ਟਰੁਥ ਐਂਡ ਰੀਕੌਂਸੀਲੇਸ਼ਨ ਕਮਿਸ਼ਨ ਆਫ ਕੈਨੇਡਾ ਨੇ ਰਿਪੋਰਟ ਕੀਤਾ ਕਿ ਤਕਰੀਬਨ 6000 ਤੋਂ ਵੱਧ ਬੱਚੇ ਇਨ੍ਹਾਂ ਸਕੂਲਾਂ ਵਿਚ ਮਾਰੇ ਗਏ ਹਨ, ਪਰ ਅਜੇ ਅੰਕੜੇ ਅਧੂਰੇ ਹਨ। 3201 ਦੀ ਪੁਸ਼ਟੀ ਹੋਈ ਹੈ, ਪਰ ਇਨ੍ਹਾਂ ਵਿਚੋਂ ਤੀਜਾ ਹਿੱਸਾ ਬੱਚਿਆਂ ਦੇ ਨਾਂਵਾਂ ਦਾ ਨਹੀਂ ਪਤਾ ਲੱਗ ਸਕਿਆ, ਚੌਥੇ ਹਿੱਸੇ ਦੀ ਕੋਈ ਲੰਿਗਕ ਪਛਾਣ ਨਹੀਂ ਤੇ ਅੱਧੇ ਮਰਨ ਵਾਲਿਆਂ ਦੇ ਕਾਰਨ ਦਾ ਪਤਾ ਨਹੀਂ ਲੱਗਿਆ ਕਿ ਉਹ ਕਿਵੇਂ ਮਰੇ ਸਨ। 80,000 ਤੋਂ ਵੱਧ ਜੋ ਇਸ ਸਕੂਲੀ ਤਸ਼ੱਦਦ ਦਾ ਸ਼ਿਕਾਰ ਬਣੇ ਤੇ ਜਿਨ੍ਹਾਂ ਨੇ ਇਸ ਸੱਭਿਆਚਾਰਕ ਨਸਲਕੁਸ਼ੀ ਦੀਆਂ ਕਹਾਣੀਆਂ ਆਪਣੀਆਂ ਹੱਡਬੀਤੀਆਂ ਲੋਕਾਂ ਨਾਲ ਸਾਂਝੀਆਂ ਕੀਤੀਆਂ ਹਨ, ਅਜੇ ਵੀ ਅਤੀਤ ਦਾ ਅਮਾਨਵੀ ਤਸ਼ੱਸ਼ਦ ਮੋਢਿਆਂ ਉੱਤੇ ਚੁੱਕ ਕੇ ਜੀਅ ਰਹੇ ਹਨ। ਟੀ. ਆਰ. ਸੀ. ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ 6750 ਪੀੜਤ ਜਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਇੰਟਰਵਿਊ ਰਾਹੀਂ ਡਾਕੂਮੈਂਟ ਵੀ ਕੀਤਾ ਹੈ। ਕਹਿ ਸਕਦੇ ਹਾਂ ਕਿ ਉੱਥੇ ਹਰ ਤਰ੍ਹਾਂ ਦੇ ਸਰੀਰਿਕ, ਮਾਨਸਿਕ, ਜਿਨਸੀ ਸ਼ੋਸ਼ਣ ਤੇ ਦਿਮਾਗੀ ਤਸੀਹੇ ਦਿੱਤੇ ਜਾਂਦੇ ਸਨ ਜਿਸ ਨਾਲ ਇਹ ਨਿਰਾਸ਼ ਬੱਚੇ ਸਕੂਲ ਤੋਂ ਬਾਹਰ ਨਿਕਲ ਕੇ ਵੀ ਪੜ੍ਹਨ ਵੱਲ ਉੱਕਾ ਹੀ ਨਾ ਜਾਂਦੇ ਕਿਉਂਕਿ ਉਨ੍ਹਾਂ ਦੇ ਬਚਪਨ ਦੀ ਨੀਂਹ ਮਾਪਿਆਂ ਤੋਂ ਦੂਰ ਸਕੂਲਾਂ ਦੇ ਨਾਂ ’ਤੇ ਕਸਾਈ ਖਾਨਿਆਂ ਵਿਚ ਰੱਖੀ ਜਾਂਦੀ ਸੀ।

ਬਚਪਨ ਵਿਚ ਸਹੇ ਜ਼ੁਲਮ ਉਨ੍ਹਾਂ ’ਤੇ ਅਜਿਹਾ ਅਸਰ ਕਰਦੇ ਕਿ ਬਾਅਦ ਵਿਚ ਵੀ ਉਹ ਜਰਾਇਮ ਪੇਸ਼ਾਵਰ ਹੋ ਨਿੱਬੜਦੇ ਸਨ ਜਿਵੇਂ ਕਿ ਅੰਕੜੇ ਦਰਸਾ ਰਹੇ ਹਨ ਕਿ ਸਭ ਤੋਂ ਵੱਧ ਇਨ੍ਹਾਂ ਲੋਕਾਂ ਵਿਚ ਹਿੰਸਕ ਲੜਾਈ ਝਗੜੇ ਹੁੰਦੇ ਹਨ। ਕੈਨੇਡਾ ਵਿਚ ਮੂਲ ਨਿਵਾਸੀਆਂ ਦੇ ਦੁਖਾਂਤ ਦਾ ਸਿਰਫ਼ ਇਹੀ ਪੰਨਾ ਨਹੀਂ ਹੈ ਸਗੋਂ ਇਨ੍ਹਾਂ ਨਾਲ ਵੱਖਵਾਦੀ, ਨਸਲਵਾਦੀ ਰਵੱਈਆ ਅਪਣਾ ਕੇ, ਸ਼ਹਿਰਾਂ ਨਾਲੋਂ ਤੋੜ ਕੇ, ਇਨ੍ਹਾਂ ਦੀ ਐਡੀ ਵੱਡੀ ਧਰਤੀ ਤੋਂ ਵਾਂਝਾ ਕਰਕੇ ਸਿਰਫ਼ 0.2% ਰਿਜ਼ਰਵ ਥਾਵਾਂ ’ਤੇ ਡੱਕ ਦਿੱਤਾ ਗਿਆ ਹੈ। ਇਨ੍ਹਾਂ ਦਾ ਜੱਦੀ ਮੁੱਖ ਕਿੱਤਾ ਮੱਛੀ ਫੜਨਾ ਤੇ ਸ਼ਿਕਾਰ ਕਰਨਾ ਸੀ, ਉਹ ਵੀ ਕਾਨੂੰਨ ਬਣਾ ਕੇ ਸੀਮਤ ਕਰ ਦਿੱਤਾ ਕਿ ਸਿਰਫ਼ ਇਨ੍ਹਾਂ ਥਾਵਾਂ ਤੋਂ ਹੀ ਤੁਸੀਂ ਸ਼ਿਕਾਰ ਤੇ ਮੱਛੀ ਫੜ ਸਕਦੇ ਹੋ। ਹੁਣ ਇਨ੍ਹਾਂ ਦੀਆਂ ਬਹੁਤ ਸਾਰੀਆਂ ਉਪ-ਬੋਲੀਆਂ ਤਾਂ ਖ਼ਤਮ ਹੀ ਹੋ ਗਈਆਂ ਹਨ ਤੇ ਉਂਜ ਵੀ ਸਿਰਫ਼ 4% ਲੋਕ ਹੀ ਆਪਣੀਆਂ ਭਾਸ਼ਾਵਾਂ ਬੋਲਦੇ ਹਨ ਜਿਨ੍ਹਾਂ ਦੀ ਗਿਣਤੀ 260,550 ਦੱਸੀ ਜਾ ਰਹੀ ਹੈ। ਲੋਕਾਂ ਨਾਲ ਅੰਨ੍ਹੇ ਵਿਤਕਰੇ ਦੀ ਵਜ੍ਹਾ ਕਰਕੇ ਜ਼ੁਲਮ ਦੀ ਦਰ ਵੀ ਇਨ੍ਹਾਂ ਵਿਚ ਜ਼ਿਆਦਾ ਹੈ, ਸਿੱਟੇ ਵਜੋਂ ਕੈਨੇਡਾ ਦੀਆਂ ਜੇਲ੍ਹਾਂ ਵਿਚ 30% ਤੋਂ ਵੀ ਜ਼ਿਆਦਾ ਕੈਦੀ, ਮੂਲ ਵਾਸੀ ਹਨ।

ਇਸ ਸਮੇਂ ਕੈਨੇਡਾ ਵਿਚ ਡਰੱਗ ਓਵਰਡੋਜ਼ ਦਾ ਪ੍ਰਕੋਪ ਬਹੁਤ ਜ਼ਿਆਦਾ ਹੈ, ਉਸ ਵਿਚ ਵੀ ਮੂਲ ਨਿਵਾਸੀਆਂ ਦੀ ਮਰਨ ਦਰ ਸਭ ਤੋਂ ਵੱਧ ਹੈ। ਸੀਟੀਵੀ ਨਿਊਜ਼ ਚੈਨਲ ਮੁਤਾਬਕ ਬੇਸ਼ੱਕ ਸਕੂਲ ਬੰਦ ਹੋ ਗਏ, ਪਰ ਹੁਣ ਵੀ ਮੂਲ ਵਾਸੀਆਂ ਦੇ 14 ਸਾਲ ਤੋਂ ਘੱਟ ਉਮਰ ਦੇ ਬੱਚੇ 52.2% ਫੋਸਟਰ ਕੇਅਰ ਘਰਾਂ ਵਿਚ ਰਹਿੰਦੇ ਹਨ ਯਾਨੀ ਕਿ ਕੁੱਲ 28,665 ਵਿਚੋਂ 14,970 ਬੱਚੇ। ਹੁਣ ਕਾਨੂੰਨ ਮੁਤਾਬਕ ਉਨ੍ਹਾਂ ਤੋਂ ਬੱਚਿਆਂ ਨੂੰ ਖੋਹ ਲਿਆ ਜਾਂਦਾ ਹੈ ਕਿ ਤੁਸੀਂ ਵਧੀਆ ਪਾਲਣ ਪੋਸ਼ਣ ਨਹੀਂ ਕਰ ਸਕਦੇ, ਪਰ ਫੋਸਟਰ ਮਾਪਿਆਂ ਨੂੰ ਕਿਤੇ ਜ਼ਿਆਦਾ ਤਨਖਾਹ ਦਿੱਤੀ ਜਾਂਦੀ ਹੈ। ਜਦੋਂ ਪਰਿਵਾਰਾਂ ਦੀਆਂ ਨਸਲਾਂ ਦੀ ਜ਼ਿਹਨੀਅਤ ਵਿਚ ਗ਼ਰੀਬੀ ਤੇ ਗੁਲਾਮੀ ਦੀ ਨੀਂਹ ਨੂੰ ਇੰਨਾ ਮਜ਼ਬੂਤ ਕਰ ਦਿੱਤਾ ਗਿਆ ਹੈ, ਉਸ ਵਿਚੋਂ ਕੱਢਣ ਦੀ ਬਜਾਏ ਡਰੱਗਜ਼ ਵਿਚ ਧੱਕ ਦਿੱਤਾ ਜਾਂਦਾ ਹੈ। ਉਨ੍ਹਾਂ ਦੀ ਮਜਬੂਰੀ ਸਮਝਣ ਦੀ ਬਜਾਏ ਕਸੂਰਵਾਰ ਠਹਿਰਾ ਦਿੱਤਾ ਜਾਂਦਾ ਹੈ, ਪਰ ਉਨ੍ਹਾਂ ਨੂੰ ਬਣਦੀ ਮਦਦ ਨਹੀਂ ਦਿੱਤੀ ਜਾਂਦੀ।

2016 ਦੇ ਸਰਕਾਰੀ ਅੰਕੜਿਆਂ ਮੁਤਾਬਕ ਦੁੱਖ ਦੀ ਗੱਲ ਹੈ ਕਿ ਕੈਨੇਡਾ ਦੀ ਕੁੱਲ ਜਨਸੰਖਿਆ ਵਿਚੋਂ 10% ਲੋਕ ਗ਼ਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਹਨ, ਪਰ ਮੂਲ ਵਾਸੀਆਂ ਦੇ ਬੱਚੇ 40% ਗ਼ਰੀਬੀ ਰੇਖਾ ਤੋਂ ਥੱਲੇ ਪਲ ਰਹੇ ਹਨ। ‘ਦਿ ਗਾਰਡੀਅਨ’ ਵਿਚ 7 ਸਤੰਬਰ, 2020 ਨੂੰ ਛਪੀ ਰਿਪੋਰਟ ਮੁਤਾਬਕ ਪਿਛਲੇ 30 ਸਾਲਾਂ ਵਿਚ 4000 ਤੋਂ ਵੀ ਵੱਧ ਮੂਲਵਾਸੀ ਔਰਤਾਂ ਮਾਰੀਆਂ ਗਈਆਂ ਜਾਂ ਅਲੋਪ ਹਨ ਤੇ ਇਨ੍ਹਾਂ ਔਰਤਾਂ ਨਾਲ ਹੋਣ ਵਾਲੇ ਬਲਾਤਕਾਰ ਕੇਸਾਂ ਦੀ ਗਿਣਤੀ ਕਿਤੇ ਵੱਧ ਹੈ। ਕੁਝ ਸਾਲ ਪਹਿਲਾਂ ਬੀ.ਸੀ. ਦੇ ਸ਼ਹਿਰ ਕੋਕਿਟਲਮ ਦੇ ਸੂਰ ਫਾਰਮ ਦਾ ਮਾਲਕ ਕਿੰਨੀਆਂ ਹੀ ਔਰਤਾਂ ਨਾਲ ਬਲਾਤਕਾਰ ਕਰਦਾ ਰਿਹਾ ਤੇ ਬਾਅਦ ਵਿਚ ਮਾਰ ਕੇ ਸੁਰਾਂ ਨੂੰ ਮਾਸ ਖਵਾਉਂਦਾ ਰਿਹਾ, ਇਹ ਵੀ ਅਤਿ ਘਿਨਾਉਣੀ ਗੱਲ ਸੀ। 1980ਵਿਆਂ ਵਿਚ ਕੈਨੇਡੀਅਨ ਲੀਗਲ ਸਿਸਟਮ ਨੇ ਮੂਲ ਵਾਸੀ ਪੀੜਤਾਂ ਵੱਲੋਂ ਲਾਏ ਗਏ ਇਲਜ਼ਾਮਾਂ ਨੂੰ ਨੋਟਿਸ ਵਿਚ ਲਿਆਂਦਾ ਜਿਨ੍ਹਾਂ ਵਿਚ 38000 ਜਿਨਸੀ, ਸਰੀਰਿਕ ਤੇ ਮਾਨਸਿਕ ਸ਼ੋਸ਼ਣ ਦੇ ਕੇਸ ਦਾਖਲ ਕੀਤੇ ਗਏ ਸਨ ਜਿਨ੍ਹਾਂ ਵਿਚੋਂ 50 ਤੋਂ ਵੀ ਘੱਟ ਨੂੰ ਸਜ਼ਾਵਾਂ ਹੋਈਆਂ।

ਇਹ ਸਾਰੇ ਕੇਸ ਪਾਦਰੀਆਂ, ਸਰਕਾਰ ਤੇ ਕੈਥੋਲਿਕ ਚਰਚ ਕੈਨੇਡਾ ਦੇ ਖਿਲਾਫ਼ ਦਰਜ ਕੀਤੇ ਗਏ ਸਨ। ਅੱਜ ਵੀ ਸੁਣਨ ਵਿਚ ਆਉਂਦਾ ਹੈ ਕਿ ਰਿਜ਼ਰਵਾਂ ਵਿਚ ਸੁੱਖ ਸਹੂਲਤਾਂ ਨਹੀਂ ਹਨ ਤੇ ਲੋਕਾਂ ਦਾ ਗੁਜ਼ਾਰਾ ਵੀ ਮੁਸ਼ਕਲ ਨਾਲ ਹੁੰਦਾ ਹੈ। ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਯਤਨ ਨਹੀਂ ਕੀਤੇ ਜਾ ਰਹੇ ਸਗੋਂ ਉਨ੍ਹਾਂ ਥਾਵਾਂ ’ਤੇ ਸ਼ਰਾਬ ਜਾਂ ਕੋਕ ਵੱਧ ਮਿਲਦਾ ਹੈ, ਸਾਫ਼ ਪਾਣੀ ਅਤੇ ਸਫ਼ਾਈ ਲਈ ਉਹ ਦਰ-ਦਰ ਭਟਕਦੇ ਹਨ। 13 ਸਤੰਬਰ, 2007 ਨੂੰ ਯੂਨਾਈਟਿਡ ਨੇਸ਼ਨਜ਼ ਵੱਲੋਂ ਐਲਾਨ ਕੀਤਾ ਗਿਆ ਕਿ ਦੁਨੀਆ ਭਰ ਦੇ ਆਦਿਵਾਸੀਆਂ ਨੂੰ ਉਨ੍ਹਾਂ ਦੇ ਮੁੱਢਲੇ ਹੱਕ ਜਿਹੜੇ ਨਿੱਜੀ ਜਾਂ ਸਾਂਝੇ ਹੋਣ, ਉਹ ਮਿਲਣੇ ਚਾਹੀਦੇ ਹਨ ਜਿਵੇਂ ਸਿੱਖਿਆ, ਰੁਜ਼ਗਾਰ, ਸਿਹਤ ਸਹੂਲਤਾਂ, ਭਾਸ਼ਾ, ਬੋਲੀ, ਹੋਂਦ ਅਰਥਾਤ ਪਛਾਣ ਆਦਿ। ਜਿੱਥੇ ਬਹੁਤ ਸਾਰੇ ਦੇਸ਼ਾਂ ਨੇ ਇਸ ਦੇ ਹੱਕ ਵਿਚ ਵੋਟ ਪਾਈ, ਉੱਥੇ ਕੈਨੇਡਾ ਨੇ ਆਪਣੇ ਤਿੰਨ ਸਾਥੀਆਂ ਅਮਰੀਕਾ, ਨਿਊਜ਼ੀਲੈਂਡ ਤੇ ਆਸਟਰੇਲੀਆ ਨਾਲ ਮਿਲ ਕੇ ਵਿਰੋਧ ਵਿਚ ਵੋਟ ਪਾਈ ਸੀ। ਅਜੇ ਤਾਂ ਹੱਕ ਮਿਲਣ ਦੀ ਗੱਲ ਚੱਲੀ ਸੀ, ਜਦੋਂ ਹੱਕ ਦੇਣ ਦੀ ਗੱਲ ਹੋਵੇਗੀ ਤਾਂ ਇਹ ਸਰਕਾਰਾਂ ਕਿਸ ਤਰ੍ਹਾਂ ਦਾ ਪ੍ਰਤੀਕਰਮ ਦੇਣਗੀਆਂ, ਯਕੀਨ ਨਹੀਂ ਕਰ ਸਕਦੇ। ਬਾਅਦ ਵਿਚ ਕੈਨੇਡਾ ਨੇ 2016 ਵਿਚ ਇਸ ਐਲਾਨਨਾਮੇ ਵਿਚ ਸ਼ਾਮਲ ਹੋਣ ਦੀ ਹਾਮੀ ਭਰੀ ਸੀ।

ਇਹ ਲੋਕ ਜਿਨ੍ਹਾਂ ਦੀ ਧਰਤੀ ਨੂੰ ਹਥਿਆ ਕੇ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਹਨ ਉਨ੍ਹਾਂ ਨੂੰ ਤਾਂ ਇਨ੍ਹਾਂ ਲੋਕਾਂ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਅੱਜ ਤਕ ਮੂਲ ਨਿਵਾਸੀਆਂ ਨਾਲ ਜੋ ਵੀ ਬਸਤੀਵਾਦੀ ਹਕੂਮਤਾਂ ਵੱਲੋਂ ਯੋਜਨਾਬੱਧ ਤਰੀਕੇ ਨਾਲ ਚਾਹੇ ਰੈਜ਼ੀਡੈਂਸ਼ੀਅਲ ਸਕੂਲਾਂ ਦੀ ਗੱਲ ਹੋਵੇ ਜਾਂ ਜ਼ਮੀਨਾਂ ਖੋਹ ਕੇ ਰਿਜ਼ਰਵਾਂ ਵਿਚ ਧੱਕਣ ਦੀ ਜਾਂ ਸੁੱਖ ਸਹੂਲਤਾਂ ਤੋਂ ਵਾਂਝੇ ਕਰਕੇ ਨਾ ਬਰਾਬਰੀ ਤੇ ਨਸਲਵਾਦੀ ਰਵੱਈਏ ਦੀ, ਤਾਂ ਹੀ ਭਰਪਾਈ ਹੋ ਸਕਦੀ ਹੈ, ਜੇਕਰ ਅੱਜ ਵੀ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ ਤੇ ਉਨ੍ਹਾਂ ’ਤੇ ਹੋ ਰਹੇ ਜ਼ੁਲਮਾਂ ਦੀ ਕਹਾਣੀ ਨੂੰ ਖ਼ਤਮ ਕੀਤਾ ਜਾਵੇ ਤੇ ਆਮ ਸ਼ਹਿਰੀਆਂ ਵਾਂਗ ਹਰ ਵਸਤ ਦੇ ਮਾਲਕ ਉਹ ਆਪ ਹੋਣ ਤੇ ਦੋਇਮ ਦਰਜੇ ਨੂੰ ਖ਼ਤਮ ਕੀਤਾ ਜਾਵੇ। ਉਨ੍ਹਾਂ ਦੇ ਪਿੰਡਾਂ ਤਕ ਸਭ ਸਹੂਲਤਾਂ ਪਹੁੰਚਾਉਣਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਨਾ ਕਿ ਸਭ ਸਹੂਲਤਾਂ ਕੁਝ ਲੋਕਾਂ ਤਕ ਹੀ ਪਹੁੰਚਾਈਆਂ ਜਾਣ। ਮੂਲ ਨਿਵਾਸੀਆਂ ਵੱਲੋਂ ਸਾਂਝੇ ਤੌਰ ’ਤੇ ਕੀਤੇ ਫੈਸਲਿਆਂ ’ਤੇ ਫੁੱਲ ਚੜ੍ਹਾਏ ਜਾਣੇ ਚਾਹੀਦੇ ਹਨ।

ਕੈਨੇਡਾ ਅਜਿਹਾ ਦੇਸ਼ ਹੈ ਜਿੱਥੇ ਬਾਹਰੋਂ ਆ ਕੇ ਲੋਕ ਰਹਿ ਰਹੇ ਹਨ। ਉਨ੍ਹਾਂ ਨੂੰ ਇੱਥੋਂ ਦੇ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਇਹ ਧਰਤੀ ਦੇ ਲੋਕ ਜਿਨ੍ਹਾਂ ਦਾ ਮਾਣ ਹੋਣਾ ਚਾਹੀਦਾ ਸੀ, ਉਹ ਹਮੇਸ਼ਾਂ ਵਿਤਕਰਾ ਸਹਿੰਦੇ ਹੋਏ ਤਸ਼ੱਦਦ ਦਾ ਪਾਤਰ ਹੀ ਕਿਵੇਂ ਬਣੇ ਰਹੇ ਹਨ ? ਅਜੇ ਵੀ ਉਨ੍ਹਾਂ ਕੋਲ ਸਕੂਲਾਂ, ਹਸਪਤਾਲਾਂ, ਪਾਣੀ, ਵਧੀਆ ਖੁਰਾਕ ਤੇ ਸਫ਼ਾਈ ਦਾ ਪ੍ਰਬੰਧ ਕਿਉਂ ਨਹੀਂ ਹੈ ? ਉਨ੍ਹਾਂ ਦੇ ਆਪਣੇ ਮੁੱਢਲੇ ਹੱਕ, ਆਜ਼ਾਦੀ ਤੇ ਸਰਕਾਰ ਬਣਾਉਣ ਦਾ ਅਧਿਕਾਰ ਕਿਉਂ ਨਹੀਂ ਹੈ ? ਇਨ੍ਹਾਂ ਬੱਚਿਆਂ ਦੇ ਦੁੱਖ ਵਿਚ ਸ਼ਰੀਕ ਹੋਣ ਦਾ ਮਤਲਬ, ਸਹੀ ਅਰਥਾਂ ਵਿਚ ਤਾਂ ਹੋਵੇਗਾ ਜੇਕਰ ਇਨ੍ਹਾਂ ਭਾਈਚਾਰਿਆਂ ਨੂੰ ਮੁੱਢਲੇ ਹੱਕ ਦਿਵਾਉਣ ਦੇ ਅਸੀਂ ਭਾਗੀਦਾਰ ਬਣੀਏ। ਕਿਹਾ ਜਾ ਰਿਹਾ ਹੈ ਕਿ ਇਹ ਕੈਨੇਡਾ ਦੇ ਇਤਿਹਾਸ ਦਾ ਕਾਲਾ ਪੰਨਾ ਹੈ, ਪਰ ਅੱਜ ਦੇ ਕੈਨੇਡਾ ਦੀ ਅਸਲੀ ਤਸਵੀਰ ਵਿਚ ਇਹ ਵਿਤਕਰੇ ਜਿਉਂ ਦੇ ਤਿਉਂ ਹਨ। ਹੁਣ ਸਰਕਾਰਾਂ ਵੱਲੋਂ ਮੁਆਫ਼ੀਆਂ ਮੰਗੀਆਂ ਜਾ ਰਹੀਆਂ ਹਨ, ਮੁਆਫ਼ੀਆਂ ਦਾ ਤਾਂ ਹੀ ਫਾਇਦਾ ਹੈ, ਜੇਕਰ ਇਨ੍ਹਾਂ ਗ਼ਲਤੀਆਂ ਨੂੰ ਦੁਹਰਾਇਆ ਨਾ ਜਾਵੇ। ਕੈਥੋਲਿਕ ਚਰਚ ਜੇ ਅੱਜ ਮੁਆਫ਼ੀ ਵੀ ਨਹੀਂ ਮੰਗ ਰਹੀ ਤਾਂ ਇਸ ਤੋਂ ਸਾਫ਼ ਹੈ ਕਿ ਉਹ ਧਰਮ ਦੇ ਨਾਂ ’ਤੇ ਹੋਣ ਵਾਲੇ ਕੁਕਰਮ ਨੂੰ ਹਮੇਸ਼ਾਂ ਜਾਰੀ ਰੱਖਣ ਵਿਚ ਯਕੀਨ ਕਰਦੇ ਹਨ ਅਤੇ ਆਪ ਸਹੀ ਹੋਣ ਦਾ ਦਾਅਵਾ ਕਰਦੇ ਹਨ।

ਸ਼ਰਮ ਦੀ ਗੱਲ ਹੈ ਕਿ 21ਵੀਂ ਸਦੀ ਜੋ ਵਿਗਿਆਨ ਦੇ ਢਾਂਚੇ ਦੀ ਦੇਣ ਹੈ, ਇਸ ਵਿਚ ਅਜੇ ਵੀ ਲੋਕ ਧਰਮਾਂ ਦੇ ਸੰਗਲਾਂ ਵਿਚ ਜਕੜੇ ਪਏ ਹਨ ਤੇ ਲੋਕਾਂ ਨੂੰ ਆਪਸ ਵਿਚ ਲੜਾ ਰਹੇ ਹਨ। ਚਰਚ ਦਾ ਮੁਖੀ ਪੋਪ ਬੇਕਸੂਰ ਬੱਚਿਆਂ ਦੇ ਕਤਲ ਸਬੰਧੀ ਹੋਈ ਗ਼ਲਤੀ ਨੂੰ ਗਲਤੀ ਕਹਿਣ ਵਿਚ ਸ਼ਰਮ ਮਹਿਸੂਸ ਕਰ ਰਿਹਾ ਹੈ। ਬਰਨਾਤਵੀ ਬਸਤੀਵਾਦੀਆਂ ਤੇ ਕੈਨੇਡੀਅਨ ਸਰਕਾਰਾਂ ਵੱਲੋਂ ਚੀਨੀਆਂ, ਜਪਾਨੀਆਂ, ਭਾਰਤੀਆਂ, ਯਹੂਦੀਆਂ ਤੇ ਹੋਰ ਘੱਟ ਗਿਣਤੀਆਂ ਜਿਨ੍ਹਾਂ ਨੇ ਇਸ ਦੇਸ਼ ਦੀ ਤਰੱਕੀ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ, ਸਮੇਂ ਸਮੇਂ ’ਤੇ ਉਨ੍ਹਾਂ ਨਾਲ ਵੀ ਵਧੀਕੀਆਂ ਕੀਤੀਆਂ ਤੇ ਇੱਥੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ, ਉਨ੍ਹਾਂ ਤੋਂ ਵੀ ਹੁਣ ਮੁਆਫ਼ੀਆਂ ਮੰਗੀਆਂ ਜਾ ਰਹੀਆਂ ਹਨ। ਅਸਲ ਵਿਚ ਬ੍ਰਿਟਿਸ਼ ਹਕੂਮਤ ਨੇ ਜੋ ਨਸਲਵਾਦ ਦਾ ਬੀਜ ਲੋਕਾਂ ਦੇ ਮਨਾਂ ਵਿਚ ਬੀਜਿਆ ਸੀ, ਉਹ ਅਜੇ ਵੀ ਕਿਤੇ ਨਾ ਕਿਤੇ, ਸਮੇਂ ਸਮੇਂ ’ਤੇ ਪੁੰਗਰ ਹੀ ਰਿਹਾ ਹੈ। ਜਿੰਨਾ ਚਿਰ ਸਰਕਾਰਾਂ ਵੱਲੋਂ ਅਣਸੁਣੀ, ਅਣਦੇਖੀ ਕੀਤੀ ਜਾ ਰਹੀ ਹੈ ਤੇ ਮਨੁੱਖਤਾਵਾਦੀ ਕਦਰਾਂ ਕੀਮਤਾਂ ’ਤੇ ਕੰਮ ਨਹੀਂ ਕੀਤਾ ਜਾ ਰਿਹਾ, ਇਹ ਰਹੇਗਾ ਵੀ।

ਇਸ ਦਾ ਹੀ ਕਾਰਨ ਹੈ ਕਿ ਟੋਰਾਂਟੋ ਦੇ ਨੇੜੇ ਲੰਡਨ ਵਿਚ ਇਕ ਮੁਸਲਿਮ ਪਰਿਵਾਰ ਨੂੰ ਨਸਲਵਾਦੀ ਗੋਰੇ ਵੱਲੋਂ ਪਿਕਅਪ ਟਰੱਕ ਥੱਲੇ ਕੁਚਲ ਕੇ ਮਾਰ ਦੇਣਾ। ਇਹੋ ਜਿਹੇ ਕਾਰਨਾਮਿਆਂ ’ਤੇ ਦੁੱਖ ਪ੍ਰਗਟ ਕਰਕੇ ਸਮੱਸਿਆ ਹੱਲ ਨਹੀਂ ਹੋਣੀ ਸਗੋਂ ਇਸ ਨਸਲਘਾਤ ਦੀ ਜੜ ਪੁੱਟਣ ਲਈ ਯੋਗ ਕਦਮ ਤੇ ਲਗਾਤਾਰ ਕੰਮ ਹੋਣਾ ਚਾਹੀਦਾ ਹੈ। ਆਸ ਕਰਦੇ ਹਾਂ ਕਿ ਅੱਜ ਸਾਰੇ ਲੋਕ ਇਕਜੁੱਟ ਹੋ ਕੇ ਕੈਨੇਡੀਅਨ ਢਾਂਚੇ ਵਿਚ ਹੋਈ ਨਾਬਰਾਬਰੀ, ਅਣਮਨੁੱਖੀ ਜਬਰ ਦੀ ਦਾਸਤਾਨ ਲਈ ਇਨਸਾਫ਼ ਦੀ ਲੜਾਈ ਇਕਜੁੱਟ ਹੋ ਕੇ ਲੜਨ ਤਾਂ ਕਿ ਇਹ ਜ਼ੁਲਮੀ ਇਤਿਹਾਸ ਕਦੇ ਦੁਹਰਾਇਆ ਨਾ ਜਾ ਸਕੇ। ਇਸ ਜ਼ੁਲਮ ਦੀਆਂ ਪੈੜਾਂ ਦਾ ਖੁਰਾਖੋਜ ਮਿਟਾਉਣ ਤੇ ਮੂਲ ਨਿਵਾਸੀਆਂ ਦੇ ਅੱਲੇ ਜ਼ਖ਼ਮਾਂ ’ਤੇ ਮੱਲ੍ਹਮ ਲਾਉਣ ਲਈ ਉਨ੍ਹਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਤੇ ਇਨਸਾਫ਼ ਦਿੱਤਾ ਜਾਵੇ।

Leave a Reply

Your email address will not be published.