ਕੈਨੇਡਾ ਦੇ ਪ੍ਰਸਿੱਧ ਕਬੱਡੀ ਖਿਡਾਰੀ ਸੰਦੀਪ ਨੰਗਲ ਦੇ ਕਤਲ ਚ ਸ਼ਾਮਲ ਦੋ ਹੋਰ ਗ੍ਰਿਫ਼ਤਾਰ

ਜਲੰਧਰ/ਦਿੱਲੀ :—ਨਕੋਦਰ ਦੇ ਪਿੰਡ ਨੀਵੀਂ ਮੱਲੀਆਂ ਵਿੱਚ 14 ਮਾਰਚ ਨੂੰ ਕੈਨੇਡਾ ਦੇ ਪ੍ਰਸਿੱਧ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਗੁੜਗਾਓਂ ਦੇ ਸ਼ਾਰਪ ਸ਼ੂਟਰ ਵਿਕਾਸ ਮਾਹਲੇ ਅਤੇ ਉਸਦੇ ਸਾਥੀ ਫੌਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ।

ਸ਼ਾਰਪ ਸ਼ੂਟਰ ਮਾਹਲੇ ਨੂੰ ਜਲੰਧਰ ਅਤੇ ਦਿੱਲੀ ਪੁਲਿਸ ਦੀ ਸਾਂਝੀ ਟੀਮ ਨੇ ਦਿੱਲੀ ਅਤੇ ਫੌਜੀ ਨੂੰ ਰੁਦਰਪੁਰ ਨੇੜਿਓਂ ਕਾਬੂ ਕੀਤਾ ਹੈ। ਮਾਹਲੇ ਤੋਂ ਨਾਜਾਇਜ਼ ਹਥਿਆਰਾਂ ਦੀ ਖੇਪ ਬਰਾਮਦ ਹੋਈ ਹੈ । ਜਲੰਧਰ ਦੀ ਟੀਮ ਨੇ ਦਿੱਲੀ ਦੀ ਟੀਮ ਦੇ ਇਨਪੁਟਸ ‘ਤੇ ਮੁਲਜ਼ਮ ਨੂੰ ਕਾਬੂ ਕੀਤਾ ਹੈ।ਇਸ ਤੋਂ ਪਹਿਲਾਂ ਇਸੇ ਮਾਮਲੇ ਵਿੱਚ ਪੁਲਿਸ ਸੰਗਰੂਰ ਜੇਲ੍ਹ ਵਿੱਚ ਬੰਦ ਹਰਿਆਣਾ ਦੇ ਗੈਂਗਸਟਰ ਕੌਸ਼ਲ ਚੌਧਰੀ, ਫਤਿਹ ਸਿੰਘ ਅਤੇ ਅਮਿਤ ਡਾਗਰ ਅਤੇ ਹੁਸ਼ਿਆਰਪੁਰ ਜੇਲ੍ਹ ਵਿੱਚ ਬੰਦ ਸਿਮਰਨਜੀਤ ਸਿੰਘ ਉਰਫ਼ ਜੁਝਾਰ ਸਿੰਘ ਵਾਸੀ ਮਾਧੋਪੁਰ (ਯੂ.ਪੀ.) ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਚੁੱਕੀ ਹੈ। ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਕੁਝ ਨਿੱਜੀ ਨੰਬਰ ਵੀ ਮਿਲੇ ਹਨ, ਜਿਨ੍ਹਾਂ ਦੀ ਮਦਦ ਨਾਲ ਪੁਲੀਸ ਮੁਲਜ਼ਮਾਂ ਦੀ ਭਾਲ ਵਿੱਚ ਜੁਟੀ ਹੋਈ ਹੈ। ਸੂਤਰਾਂ ਮੁਤਾਬਕ ਗੈਂਗਸਟਰ ਪੁਨੀਤ ਸ਼ਰਮਾ ਦੀ ਲੋਕੇਸ਼ਨ ਪਹਿਲਾਂ ਵੀ ਵਿਕਾਸ ਕੋਲ ਸੀ ਪਰ ਦੋ ਹਫ਼ਤਿਆਂ ਤੋਂ ਲੋਕੇਸ਼ਨ ਦੱਖਣ ਵੱਲ ਆ ਰਹੀ ਸੀ। ਮਿਲੀ ਜਾਣਕਾਰੀ ਅਨੁਸਾਰ ਐੱਸਪੀ ਕੰਵਲਪ੍ਰੀਤ ਸਿੰਘ ਚਾਹਲ ਅਤੇ ਉਨ੍ਹਾਂ ਦੀ ਟੀਮ ਨੇ ਇੱਕ ਆਪ੍ਰੇਸ਼ਨ ਕਰਕੇ ਵਿਕਾਸ ਮਾਹਲੇ ਅਤੇ ਫੌਜੀ ਨੂੰ ਗ੍ਰਿਫਤਾਰ ਕੀਤਾ ਹੈ। ਜਲੰਧਰ ਪੁਲੀਸ ਮੁਲਜ਼ਮਾਂ ਤੋਂ ਦਿੱਲੀ ਵਿੱਚ ਹੀ ਪੁੱਛਗਿੱਛ ਕਰ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਸਨੋਵਰ ਢਿੱਲੋਂ ਨੇ ਐਨਆਰਆਈ ਸੁਖਵਿੰਦਰ ਸਿੰਘ (ਮੋਗਾ) ਉਰਫ਼ ਸੁੱਖਾ ਦੁੱਨੇਕੇ ਰਾਹੀਂ ਗੱਲ ਕੀਤੀ ਸੀ ਕਿ ਉਹ ਆਪਣੀ ਨੈਸ਼ਨਲ ਕਬੱਡੀ ਫੈਡਰੇਸ਼ਨ ਆਫ਼ ਓਨਟਾਰੀਓ ਵਿੱਚ ਖਿਡਾਰੀਆਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਨਾਮੀ ਖਿਡਾਰੀ ਸੰਦੀਪ ਦੀ ਮੇਜਰ ਲੀਗ ਕਬੱਡੀ ਨਾਲ ਜੁੜੇ ਹੋਏ ਸਨ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਦੇ ਕਤਲ ਦੀ ਸਾਜ਼ਿਸ਼ ਕੈਨੇਡਾ ਦੇ ਕਬੱਡੀ ਮਾਫੀਆ ਸਨੋਵਰ ਢਿੱਲੋਂ ਨੇ ਐੱਨਆਰਆਈ ਸੁਖਵਿੰਦਰ ਸਿੰਘ (ਮੋਗਾ), ਮਲੇਸ਼ੀਆ ਦੇ ਜਦਜੀਤ ਗਾਂਧੀ ਵਾਸੀ ਡੇਹਲੋਂ (ਲੁਧਿਆਣਾ) ਨਾਲ ਮਿਲ ਕੇ ਰਚੀ ਸੀ। 3 ਸਾਜ਼ਿਸ਼ਕਾਰ ਵਿਦੇਸ਼ ਵਿੱਚ ਹਨ ਜਦਕਿ ਚੌਥਾ ਦੋਸ਼ੀ ਗੌਰਵ ਕਤਿਆਲ ਵਾਸੀ ਖੁੱਡਾ ਲੁਹਾਰਾ (ਚੰਡੀਗੜ੍ਹ) ਅਰਮੀਨੀਆ ਜੇਲ ਵਿੱਚ ਬੰਦ ਹੈ।

Leave a Reply

Your email address will not be published. Required fields are marked *