ਕੈਨੇਡਾ ਦੀ ਇਮੀਗ੍ਰੇਸ਼ਨ ਲਈ ਸਭ ਤੋਂ ਵੱਧ ਉਤਾਵਲੇ ਭਾਰਤੀ ਨਾਗਰਿਕ

ਵੈਨਕੂਵਰ :- ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਦੀ ਤਾਜ਼ਾ ਰਿਪੋਰਟ ਅਨੁਸਾਰ ਸਾਲ 2022 ਦੌਰਾਨ 431000 ਵਿਦੇਸ਼ੀਆਂ ਨੂੰ ਦੇਸ਼ ’ਚ ਪੱਕੇ ਤੌਰ ’ਤੇ ਵੱਸਣ ਦਾ ਮੌਕਾ ਦੇਣ ਦਾ ਟੀਚਾ ਪੂਰਾ ਕਰ ਲਿਆ ਜਾਵੇਗਾ। ਪਤਾ ਲੱਗਾ ਹੈ ਕਿ ਬੀਤੀ 1 ਜਨਵਰੀ ਤੋਂ 31 ਅਗਸਤ ਤੱਕ 3 ਲੱਖ ਤੋਂ ਵੱਧ ਵਿਦੇਸ਼ੀ ਕੈਨੇਡਾ ਪੁੱਜ ਚੁੱਕੇ ਹਨ। ਇਹ ਵੀ ਕਿ ਭਾਰਤ ਦੇ ਲੋਕਾਂ ’ਚ ਕੈਨੇਡਾ ਜਾ ਕੇ ਰਹਿਣ ਦੀ ਖਿੱਚ ਬਰਕਰਾਰ ਹੈ ਅਤੇ ਮੌਜੂਦਾ ਦੌਰ ’ਚ ਵਿਦੇਸ਼ਾਂ ਤੋਂ ਸਭ ਤੋਂ ਵੱਧ ਭਾਰਤੀ ਨਾਗਰਿਕ ਕੈਨੇਡਾ ’ਚ ਰਹਿਣ ਵਾਸਤੇ ਪਹੁੰਚ ਰਹੇ ਹਨ। ਇਸ ਸਾਲ 30 ਜੂਨ ਤੱਕ 68280 ਭਾਰਤੀ ਕੈਨੇਡਾ ’ਚ ਪੱਕੇ ਹੋਏ ਹਨ। ਕੈਨੇਡਾ ਦੀ ਇਮੀਗ੍ਰੇਸ਼ਨ ਲੈਣ ਵਾਲੇ ਵਿਦੇਸ਼ੀਆਂ ’ਚ ਲਗਪਗ ਇਕ ਤਿਹਾਈ ਗਿਣਤੀ ਭਾਰਤੀ ਨਾਗਰਿਕਾਂ ਦੀ ਹੈ। ਕੈਨੇਡਾ ’ਚ 2017 ਤੋਂ ਭਾਰਤੀ ਨਾਗਰਿਕਾਂ ਦੇ ਵਸੇਬੇ ’ਚ ਤੇਜ਼ੀ ਬਣੀ ਹੋਈ ਹੈ। ਪੰਜਾਬ ਤੋਂ ਬਾਅਦ ਗੁਜਰਾਤ, ਹਰਿਆਣਾ, ਮਹਾਰਾਸ਼ਟਰ, ਤਾਮਿਲਨਾਡੂ, ਕੇਰਲਾ, ਮਹਾਰਾਸ਼ਟਰ ਅਤੇ ਯੂ.ਪੀ. ਆਦਿਕ ਰਾਜਾਂ ਤੋਂ ਲੋਕ ਕੈਨੇਡਾ ’ਚ ਰਹਿਣ ਲਈ ਵੱਧ ਦਿਲਸਚਪੀ ਲੈ ਰਹੇ ਹਨ। ਇਕ ਅੰਦਾਜ਼ੇ ਅਨੁਸਾਰ ਰੋਜ਼ਾਨਾ 1000 ਤੋਂ ਵੱਧ ਵਿਦੇਸ਼ੀਆਂ ਨੂੰ ਕੈਨੇਡਾ ’ਚ ਪੱਕੇ ਕੀਤਾ ਜਾਂਦਾ ਹੈ ਜਾਂ ਉਹ ਆਪਣੇ ਦੇਸ਼ਾਂ ਤੋਂ ਪੱਕਾ ਵੀਜ਼ਾ ਲੈ ਕੇ ਕੈਨੇਡਾ ’ਚ ਪਹੁੰਚਦੇ ਹਨ। ਬੀਤੇ ਸਾਰੇ ਸਾਲ ਦੌਰਾਨ 405330 ਵਿਦੇਸ਼ੀ ਨਾਗਰਿਕ ਕੈਨੇਡਾ ’ਚ ਪੱਕੇ ਤੌਰ ’ਤੇ ਰਹਿਣ ਲਈ ਪੁੱਜੇ ਸਨ, ਜਿਨ੍ਹਾਂ ’ਚ ਵੱਡੀ ਗਿਣਤੀ ਉਨ੍ਹਾਂ ਲੋਕਾਂ ਦੀ ਰਹੀ, ਜੋ ਕਿਸੇ ਆਰਜ਼ੀ ਵੀਜ਼ਾ ਨਾਲ ਕੈਨੇਡਾ ਗਏ ਤੇ ਕੈਨੇਡੀਅਨ ਤਜ਼ਰਬਾ ਕਲਾਸ ਤਹਿਤ ਪੱਕੇ ਹੋ ਸਕੇ। ਭਾਰਤ ਦੇ ਮੁਕਾਬਲੇ ਹੋਰ ਸਾਰੇ ਦੇਸ਼ਾਂ ਤੋਂ ਕੈਨੇਡਾ ’ਚ ਰਹਿਣ ਦੇ ਚਾਹਵਾਨ ਲੋਕਾਂ ਦੀ ਗਿਣਤੀ ਸੀਮਤ ਰਹਿ ਰਹੀ ਹੈ। ਚੀਨ ਤੋਂ ਇਸ ਸਾਲ ਦੌਰਾਨ 25000 ਤੋਂ ਵੀ ਘੱਟ ਲੋਕ ਕੈਨੇਡਾ ’ਚ ਪੱਕੇ ਹੋਏ ਹਨ। ਫਿਲਪਾਈਨ, ਅਫਗਾਨਿਸਤਾਨ, ਨਾਈਜ਼ੀਰੀਆ, ਇਰਾਨ, ਫਰਾਂਸ, ਅਮਰੀਕਾ, ਪਾਕਿਸਤਾਨ ਤੇ ਬ੍ਰਾਜ਼ੀਲ ਤੋਂ ਲੋਕ ਕੈਨੇਡਾ ਨੂੰ ਪਰਵਾਸ ਕਰਦੇ ਹਨ। ਉਨ੍ਹਾਂ ਦੀ ਗਿਣਤੀ ਭਾਰਤ ਦੇ ਮੁਕਾਬਲੇ ਨਿਗੂਣੀ ਹੈ।

Leave a Reply

Your email address will not be published.