ਕੈਨੇਡਾ ਦਾ ਵੀਜ਼ਾ ਦਿਵਾਉਣ ਦੇ ਨਾਂ ‘ਤੇ 90 ਲੋਕਾਂ ਤੋਂ 1.88 ਕਰੋੜ ਦੀ ਠੱਗੀ

ਬਠਿੰਡਾ : ਬਠਿੰਡਾ ਦੇ ਅਜੀਤ ਰੋਡ ‘ਤੇ ਇਮੀਗ੍ਰੇਸ਼ਨ ਸੈਂਟਰ ਚਲਾ ਰਹੇ ਇਕ ਬੰਦੇ ਨੇ ਰਾਮਪੁਰਾ ‘ਚ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਇਕ ਵਿਅਕਤੀ ਤੋਂ 90 ਲੋਕਾਂ ਨੂੰ ਕੈਨੇਡਾ ਦਾ ਵੀਜ਼ਾ ਲਵਾਉਣ ਦਾ ਝਾਸਾ ਦੇ ਕੇ 1.88 ਕਰੋੜ ਰੁਪਏ ਦੀ ਠੱਗੀ ਮਾਰ ਲਈ। ਮੁਲਜ਼ਮ ਨੇ ਇਹ ਰਕਮ 2020 ਵਿਚ ਲੌਕਡਾਊਨ ਦੌਰਾਨ ਲਈ ਸੀ ਅਤੇ ਭਰੋਸਾ ਦਿੱਤਾ ਸੀ ਕਿ ਲੌਕਡਾਊਨ ਖੁੱਲ੍ਹਣ ਮਗਰੋਂ ਸਾਰੀਆਂ ਫਾਈਲਾਂ ਦਾ ਵੀਜ਼ਾ ਲਗਵਾ ਦਿੱਤਾ ਜਾਏਗਾ ਪਰ ਦੋ ਸਾਲ ਬਾਅਦ ਵੀ ਵੀਜ਼ਾ ਨਾ ਮਿਲਣ ‘ਤੇ ਜਦੋਂ ਪੀੜਤ ਨੇ ਉਸ ਕੋਲੋਂ ਪੈਸੇ ਮੰਗੇ ਤਾਂ ਬਜਾਏ ਉਸ ਦੇ ਪੈਸੇ ਵਾਪਿਸ ਕਰਨ ਦੇ ਉਸ ਨੇ ਪੀੜਤ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਅਕਤੂਬਰ 2022 ਵਿਚ ਪੀੜਤ ਨੇ ਇਸ ਮਾਮਲੇ ਦੀ ਸ਼ਿਕਾਇਤ ਐਸਐਸਪੀ ਬਠਿੰਡਾ ਨੂੰ ਕੀਤੀ। ਪੁਲਿਸ ਨੇ ਜਾਂਚ ਤੋਂ ਬਾਅਦ ਦੋਸ਼ੀ ਇਮੀਗ੍ਰੇਸ਼ਨ ਸੈਂਟਰ ਦੇ ਸੰਚਾਲਕ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਦੋਸ਼ੀ ਦੀ ਗ੍ਰਿਫ਼ਤਾਰੀ ਬਾਕੀ ਹੈ। ਮਨੋਜ ਬਾਂਸਲ ਰਾਮਪੁਰਾ ਨੇ ਥਾਣਾ ਸਿਵਲ ਲਾਈਨ ਨੂੰ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਉਹ ਰਾਮਪੁਰਾ ਫੂਲ ਦੇ ਬੱਸ ਸਟੈਂਡ ਨੇੜੇ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ। ਪੀੜਤ ਮੁਤਾਬਕ ਜਨਵਰੀ 2018 ਵਿਚ ਉਹ ਸਿਟੀ ਹੋਮ ਬਠਿੰਡਾ ਦੇ ਰਹਿਣ ਵਾਲੇ ਮੁਲਜ਼ਮ ਮੁਕਲ ਕੁਮਾਰ ਨੂੰ ਮਿਲਿਆ ਸੀ, ਜੋ ਅਜੀਤ ਰੋਡ ਬਠਿੰਡਾ ਵਿਖੇ ਇਮੀਗ੍ਰੇਸ਼ਨ ਸੈਂਟਰ ਚਲਾਉਂਦਾ ਹੈ। 2018 ਵਿਚ ਮੁਲਜ਼ਮਾਂ ਰਾਹੀਂ ਉਸ ਨੇ ਸਿੰਗਾਪੁਰ ਦੇ ਦੋ ਲੋਕਾਂ ਦੇ ਵੀਜ਼ੇ ਲੁਆਏ ਸਨ। ਪੀੜਤ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਨੂੰ ਕਿਹਾ ਸੀ ਕਿ ਕਿ ਉਸ ਦੀ ਕੈਨੇਡੀਅਨ ਅੰਬੈਸੀ ਵਿਚ ਚੰਗੀ ਜਾਣ-ਪਛਾਣ ਹੈ, ਜਿਸ ਦੀ ਮਦਦ ਨਾਲ ਉਸ ਨੂੰ ਥੋੜ੍ਹੇ ਸਮੇਂ ਵਿੱਚ ਕੈਨੇਡਾ ਦਾ ਵੀਜ਼ਾ ਮਿਲ ਜਾਂਦਾ ਹੈ, ਜਿਸ ਕਰਕੇ ਉਹ ਉਸ ਦੇ ਝਾਂੇਸੇ ਵਿੱਚ ਆ ਗਿਆ। ਦਸੰਬਰ 2019 ‘ਚ ਉਸ ਨੇ ਦੋਸ਼ੀ ਮੁਕਲ ਕੁਮਾਰ ਨੂੰ ਦੋ ਵਿਅਕਤੀਆਂ ਦਾ ਕੈਨੇਡਾ ਦਾ ਵੀਜ਼ਾ ਲਗਵਾਉਣ ਲਈ ਫਾਈਲਾਂ ਦਿੱਤੀਆਂ ਸਨ, ਜਿਸ ਦਾ ਕਰੀਬ ਤਿੰਨ ਮਹੀਨਿਆਂ ਵਿੱਚ ਉਸ ਨੇ ਵੀਜ਼ਾ ਲਗਵਾ ਦਿੱਤਾ, ਇਸ ਮਗਰੋਂ ਉਸ ਨੂੰ ਦੋਸ਼ੀ ‘ਤੇ ਭਰੋਸਾ ਹੋ ਗਿਆ ਅਤੇ ਉਸ ਨੇ ਵੀਜ਼ਾ ਲਗਵਾਉਣ ਲਈ ਆਪਣੇ ਹਰ ਗਾਹਕ ਦੀ ਫਾਈਲ ਦੋਸ਼ੀ ਨੂੰ ਦੇਣੀ ਸ਼ੁਰੂ ਕਰ ਦਿੱਤੀ। ਪੀੜਤ ਮੁਤਾਬਕ ਜਨਵਰੀ 2020 ਤੋਂ ਮਾਰਚ 2020 ਤੱਕ ਉਸ ਨੇ 90 ਦੇ ਕਰੀਬ ਲੋਕਾਂ ਨੂੰ ਕੈਨੇਡਾ ਦਾ ਵੀਜ਼ਾ ਲਗਵਾਉਣ ਲਈ ਫਾਈਲਾਂ ਦਿੱਤੀਆਂ। 22 ਮਾਰਚ 2020 ਨੂੰ ਪੂਰੇ ਦੇਸ਼ ਵਿੱਚ ਲੌਕਡਾਊਨ ਸੀ। ਉਸ ਨੇ ਮੁਲਜ਼ਮ ਨੂੰ ਪੁੱਛਿਆ ਕਿ ਹੁਣ ਵੀਜ਼ਾ ਕਿਵੇਂ ਲਗਵਾਉਣਾ ਹੈ ਤਾਂ ਉਸ ਨੇ ਵੀਜ਼ਾ ਲਗਵਾਉਣ ਦਾ ਭਰੋਸਾ ਦਿੱਤਾ ਅਤੇ ਉਸ ਤੋਂ ਪੈਸੇ ਲੈਂਦਾ ਰਿਹਾ। ਉਸ ਨੇ ਕਰੀਬ 90 ਫਾਈਲਾਂ ਲਈ ਮੁਲਜ਼ਮ ਨੂੰ 1 ਕਰੋੜ 88 ਲੱਖ ਰੁਪਏ ਦਿੱਤੇ। ਪੀੜਤ ਨੇ ਦੱਸਿਆ ਕਿ ਲਾਕਡਾਊਨ ਖੁੱਲ੍ਹਣ ਤੋਂ ਬਾਅਦ ਜਦੋਂ ਉਸ ਨੇ ਮੁਲਜ਼ਮ ਨੂੰ ਵੀਜ਼ਾ ਦਿਵਾਉਣ ਲਈ ਕਿਹਾ ਤਾਂ ਪਹਿਲਾਂ ਤਾਂ ਉਹ ਟਾਲ-ਮਟੋਲ ਕਰਦਾ ਰਿਹਾ, ਪਰ 2022 ਤੱਕ ਉਸ ਵੱਲੋਂ ਦਿੱਤੀਆਂ ਫਾਈਲਾਂ ਵਿੱਚੋਂ ਕਿਸੇ ਦਾ ਵੀਜ਼ਾ ਨਹੀਂ ਸੀ, ਇਸ ਲਈ ਉਸ ਨੇ ਦੋਸ਼ੀ ਤੋਂ ਪੈਸੇ ਮੰਗੇ, ਪਰ ਮੁਲਜ਼ਮ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਇਸ ਮਗਰੋਂ ਉਹ ਪੁਲਿਸ ਕੋਲ ਪਹੁੰਚਿਆ ਅਤੇ ਦੋਸ਼ੀ ਖਿਲਾਫ ਸ਼ਿਕਾਇਤ ਦਿੱਤੀ। ਪੁਲਿਸ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *