ਕੈਨੇਡਾ ਦਾ ਵਸਨੀਕ ਦੱਸ ਕੇ ਫਾਰਮੇਸੀ ਅਫਸਰ ਨਾਲ ਕੀਤੀ ਠੱਗੀ

ਕੈਨੇਡਾ ਦਾ ਵਸਨੀਕ ਦੱਸ ਕੇ ਫਾਰਮੇਸੀ ਅਫਸਰ ਨਾਲ ਕੀਤੀ ਠੱਗੀ

ਫਰੀਦਕੋਟ : ਸੋਸ਼ਲ ਮੀਡੀਆ ਰਾਹੀਂ ਨਾਂ ਬਦਲ ਕੇ ਖ਼ੁਦ ਨੂੰ ਕੈਨੇਡਾ ਦਾ ਵਸਨੀਕ ਦੱਸ ਕੇ ਇਕ ਸਰਕਾਰੀ ਨੌਕਰੀ ਕਰਦੀ ਫਾਰਮੇਸੀ ਅਫਸਰ ਨਾਲ ਲਗਭਗ 14 ਲੱਖ ਰੁਪਏ ਅਤੇ 20 ਤੋਲੇ ਸੋਨੇ ਦੇ ਗਹਿਣਿਆਂ ਦੀ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਪੁਲਿਸ ਮੁਖੀ ਫਰੀਦਕੋਟ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਜਰਨੈਲ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਪਿੰਡ ਮਚਾਕੀ ਖੁਰਦ ਮੁਤਾਬਿਕ ਉਸਦੀ ਬੇਟੀ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਫਾਰਮੇਸੀ ਅਫਸਰ ਹੈ। ਦਿਲਬਾਗ ਸਿੰਘ ਪੁੱਤਰ ਅਕਾਲੀ ਸਿੰਘ ਵਾਸੀ ਪਿੰਡ ਮੱਲ ਕੇ ਜ਼ਿਲ੍ਹਾ ਮੋਗਾ ਨੇ ਉਸਦੀ ਬੇਟੀ ਨੂੰ ਵਿਆਹ ਦਾ ਝਾਂਸਾ ਦੇ ਕੇ, ਝੂਠ ਬੋਲ ਕੇ, ਖ਼ੁਦ ਨੂੰ ਕੈਨੇਡਾ ਦਾ ਵਸਨੀਕ ਦੱਸਣ ਦਾ ਝੂਠ ਅਤੇ ਵਿਦੇਸ਼ ਲਿਜਾਣ ਦਾ ਝਾਂਸਾ ਦੇ ਕੇ ਸਮੇਂ-ਸਮੇਂ ਉਕਤ ਰਕਮ ਬਟੋਰੀ, ਜਿਸ ਦੇ ਉਸ ਨੇ ਸਾਰੇ ਸਬੂਤ ਸ਼ਿਕਾਇਤ ਦੇ ਨਾਲ ਨੱਥੀ ਕੀਤੇ। ਦਿਲਬਾਗ ਸਿੰਘ ਆਪਣਾ ਨਾਂ ਬਦਲ ਕੇ ਕਦੇ ਬਿਮਾਰੀ ਦਾ ਬਹਾਨਾ ਬਣਾ ਕੇ, ਕਦੇ ਉਸਦੀ ਬੇਟੀ ਦੀਆਂ ਫੇਸਬੁੱਕ ਤੋਂ ਤਸਵੀਰਾਂ ਡਾਊਨਲੋਡ ਕਰਕੇ, ਉਹਨਾਂ ਨੂੰ ਇਤਰਾਜ਼ਯੋਗ ਬਣਾ ਕੇ ਵਾਇਰਲ ਕਰਨ ਦੀਆਂ ਧਮਕੀਆਂ ਦਾ ਦਬਾਅ ਬਣਾ ਕੇ, ਗੁਮਰਾਹ ਕਰਕੇ ਵੱਖ ਵੱਖ ਮੋਬਾਈਲ ਨੰਬਰਾਂ ਰਾਹੀਂ ਗੂਗਲ ਪੇ ਰਾਹੀਂ ਸਮੇਂ-ਸਮੇਂ ਜੋ ਪੈਸਾ ਬਟੋਰਦਾ ਰਿਹਾ, ਉਸਦਾ ਕੁੱਲ ਜੋੜ ਕਰੀਬ 14 ਲੱਖ ਰੁਪਏ ਬਣਦਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਭੇਤ ਖੁੱਲ੍ਹਿਆ ਤਾਂ ਦਿਲਬਾਗ ਸਿੰਘ ਪੈਸੇ ਵਾਪਸ ਕਰਨ ਦੀ ਬਜਾਏ ਧਮਕੀਆਂ ਦੇਣ ਲੱਗ ਪਿਆ।ਤਫਤੀਸ਼ੀ ਅਫਸਰ ਏਐੱਸਆਈ ਸੁਰਿੰਦਰਜੀਤ ਸਿੰਘ ਖਾਰਾ ਮੁਤਾਬਿਕ ਸ਼ਿਕਾਇਤ ਕਰਤਾ ਨੇ ਦਿਲਬਾਗ ਸਿੰਘ ਸਮੇਤ ਕੁੱਲ 6 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਦੋਸ਼ ਲਾ ਕੇ ਸ਼ਿਕਾਇਤ ਦਰਜ ਕਰਵਾਈ ਸੀ ਪਰ ਪੜਤਾਲ ਕਰਨ ਉਪਰੰਤ ਉਕਤ ਮਾਮਲੇ ਦੇ ਦੋਸ਼ ਸਿਰਫ ਦਿਲਬਾਗ ਸਿੰਘ ਅਤੇ ਉਸਦੇ ਚਾਚੇ ਅਮਰ ਸਿੰਘ ਅਮਰੂ ਵੱਲ ਹੀ ਕੇਂਦਰਿਤ ਰਹੇ। ਤਫਤੀਸ਼ੀ ਅਫਸਰ ਨੇ ਦੱਸਿਆ ਕਿ ਉਕਤਾਨ ਖ਼ਿਲਾਫ਼ ਆਈਪੀਸੀ ਦੀ ਧਾਰਾ 384/420/120ਬੀ/506 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਉਕਤ ਮਾਮਲੇ ਵਿੱਚ ਅਜੇ ਕੋਈ ਗਿ੍ਫ਼ਤਾਰੀ ਨਹੀਂ ਹੋਈ।

Leave a Reply

Your email address will not be published.