ਨਿਊਯਾਰਕ/ ਬਰੈਂਪਟਨ / ਬੀਤੇ ਦਿਨ ਕੈਨੇਡਾ ਦੇ ਸੂਬੇ ਉਨਟਾਰੀਉ ਦੀ ਵਸਾਗਾ ਨਾਮੀਂ ਬੀਚ ‘ਤੇ ਸ਼ਨੀਵਾਰ ਵਾਲੇ ਦਿਨ ਸ਼ਾਮ ਦੇ ਤਕਰੀਬਨ 5:30 ਵਜੇ ਦੇ ਕਰੀਬ ਇਕ 22 ਸਾਲਾ ਬਰੈਂਪਟਨ ਵਾਸੀ ਨੌਜਵਾਨ ਗੁਰਪ੍ਰੀਤ ਸਿੰਘ ਗਿੱਲ ਦੀ ਪਾਣੀ ਵਿਚ ਡੁੱਬਣ ਨਾਲ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।
ਨੌਜਵਾਨ ਅੰਤਰਰਾਸ਼ਟਰੀ ਵਿਦਿਆਰਥੀ ਸੀ ਅਤੇ ਕੈਨੇਡਾ ਵਿਖੇ ਪੜ੍ਹਣ ਆਇਆ ਸੀ ਅਤੇ ਉਸ ਦਾ ਪੰਜਾਬ ਤੋਂ ਪਿਛੋਕੜ ਜ਼ਿਲ੍ਹਾ ਅੰਮ੍ਰਿਤਸਰ ਦੇ ਅਧੀਨ ਆਉਂਦੇ ਪਿੰਡ ਨੰਗਲੀ (ਫਤਹਿਗੜ ਚੂੜੀਆਂ ਰੋਡ) ਨਾਲ ਹੈ। ਉਕਤ ਨੌਜਵਾਨ ਦੇ ਪਿਤਾ ਸਤਵਿੰਦਰ ਸਿੰਘ ਗਿੱਲ ਅਤੇ ਮਾਤਾ ਦਲਜੀਤ ਕੌਰ ਦੱਸਿਆ ਕਿ 20 ਨਵੰਬਰ 2017 ਨੂੰ ਉਹਨਾਂ ਆਪਣੇ ਬੱਚੇ ਗੁਰਪ੍ਰੀਤ ਸਿੰਘ ਨੂੰ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ ‘ਤੇ ਕੈਨੇਡਾ ਪੜਾਈ ਲਈ ਭੇਜਿਆ ਸੀ ਤੇ ਹੁਣ ਮੌਜੂਦਾ ਸਮੇਂ ਪੜ੍ਹਾਈ ਪੂਰੀ ਕਰਕੇ ਵਰਕ ਪਰਮਿਟ ‘ਤੇ ਕੰਮ ਕਰਦਾ ਸੀ ਅਤੇ ਬਰੈਂਪਟਨ ਵਿਚ ਰਹਿ ਰਿਹਾ ਸੀ। ਉਹਨਾਂ ਦੱਸਿਆ ਕਿ ਉਹ ਬੀਤੇ ਦਿਨ ਕੰਮ ਤੋਂ ਛੁੱਟੀ ਹੋਣ ਕਰਕੇ ਆਪਣੇ ਪੰਜ ਸਾਥੀਆਂ ਨਾਲ ਵਸਾਖਾ ਬੀਚ ਤੇ ਨਹਾਉਣ ਗਿਆ ਸੀ, ਨਹਾਉਂਦੇ ਸਮੇਂ ਪਾਣੀ ਵਿੱਚ ਡੁੱਬ ਗਿਆ। ਗੁਰਪ੍ਰੀਤ ਸਿੰਘ ਗਿੱਲ ਨੂੰ ਬਚਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।