ਸਰੀ : ਬੀਤੇ ਕੁੱਝ ਸਮੇਂ ਤੋਂ ਵਿਦੇਸ਼ਾਂ ਵਿੱਚ ਪੜ੍ਹਨ ਗਏ ਵਿਦਿਆਰਥੀਆਂ ਦੀਆਂ ਮੌਤਾਂ ਹੋਣ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ । ਤਾਜ਼ਾ ਮਾਮਲਾ ਕੈਨੇਤਾ ਤੋਂ ਸਾਹਮਣੇ ਆਇਆ ਹੈ ਜਿੱਥੇ ਕੈਨੇਡਾ ਵਿਖੇ ਪੜ੍ਹਾਈ ਕਰਨ ਆਏ ਅੰਤਰਰਾਸ਼ਟਰੀ ਪੰਜਾਬੀ ਵਿਦਿਆਰਥੀ ਅਰਸ਼ਦੀਪ ਸਿੰਘ ਖੋਸਾ ਦੀ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਅਰਸ਼ਦੀਪ ਸਿੰਘ ਖੋਸਾ ਜਿਸ ਦੀ ਉਮਰ 22 ਸਾਲ ਸੀ ਅਤੇ ਉਹ ਇੱਕ ਸਾਲ ਪਹਿਲਾਂ ਪੰਜਾਬ ਤੋਂ ਕੈਨੇਡਾ ਸਟੂਡੈਂਟ ਵੀਜ਼ੇ ‘ਤੇ ਪੜ੍ਹਾਈ ਕਰਨ ਦੇ ਲਈ ਆਇਆ ਹੋਇਆ ਸੀ। ਤੁਹਾਨੂੰ ਦਸ ਦਈਏ ਕਿ ਅਰਸ਼ਦੀਪ ਸਿੰਘ ਖੋਸਾ ਇਸ ਸਮੇਂ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਖੇ ਰਹਿ ਰਿਹਾ ਸੀ, ਜਿੱਥੇ ਬੀਤੇ ਦਿਨੀ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਅਰਸ਼ਦੀਪ ਸਿੰਘ ਖੋਸਾ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕੋਟ ਕਰੋੜ ਕਲਾ ਦਾ ਰਹਿਣ ਵਾਲਾ ਸੀ ਅਤੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਨੌਜਵਾਨ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਵੱਲੋਂ ਉਸ ਦੀ ਮ੍ਰਿਤਕ ਦੇਹ ਨੂੰ ਪੰਜਾਬ ਵਾਪਸ ਭੇਜਣ ਲਈ ਗੋਫੰਡ ਨਾਂ ਦੇ ਪੇਜ ਦੀ ਸਹਾਇਤਾ ਲਈ ਪ੍ਰਬੰਧ ਵੀ ਕੀਤਾ ਗਿਆ ਹੈ।