ਕੈਨੇਡਾ : ਕੈਨੇਡਾ ਵਿੱਚ ਪੀਆਰ ਦੀ ਉਡੀਕ ਕਰ ਰਹੇ ਪਰਵਾਸੀਆਂ ਲਈ ਖੁਸ਼ਖਬਰੀ ਹੈ। ਕੈਨੇਡਾ ਸਰਕਾਰ ਜਲਦ ਹੀ 14 ਹਜ਼ਾਰ ਪਰਵਾਸੀਆਂ ਨੂੰ ਪੀਆਰ ਦੇਣ ਜਾ ਰਹੀ ਹੈ। ਇਨ੍ਹਾਂ ਪਰਵਾਸੀਆਂ ਨੂੰ ਐਕਸਪ੍ਰੈੱਸ ਐਂਟਰੀ ਡਰਾਅ ਰਾਹੀਂ ਪੀਆਰ ਮਿਲੇਗੀ। ਕੈਨੇਡਾ ਸਰਕਾਰ ਵੱਲੋਂ ਇਸ ਲਈ 14 ਹਜ਼ਾਰ ਪਰਵਾਸੀਆਂ ਨੂੰ ਸੱਦਾ ਭੇਜਿਆ ਗਿਆ ਹੈ। ਜਾਣਕਾਰੀ ਮੁਤਾਬਕ ਕੈਨੇਡਾ ਸਰਕਾਰ ਨੇ ਦਸ ਦਿਨਾਂ ਦੇ ਅੰਦਰ ਹੀ ਦੋ ਐਕਸਪ੍ਰੈੱਸ ਐਂਟਰੀ ਡਰਾਅ ਕੱਢੇ ਹਨ, ਜਿਸ ਰਾਹੀਂ 14 ਹਜ਼ਾਰ ਪਰਵਾਸੀਆਂ ਨੂੰ ਪੀਆਰ ਲਈ ਸੱਦਾ ਪੱਤਰ ਭੇਜਿਆ ਗਿਆ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਆਮ ਤੌਰ ’ਤੇ 15 ਦਿਨ ਬਾਅਦ ਐਕਸਪ੍ਰੈੱਸ ਐਂਟਰੀ ਡਰਾਅ ਕੱਢੇ ਜਾਂਦੇ ਹਨ ਪਰ ਇਸ ਵਾਰ ਹਫ਼ਤੇ ਬਾਅਦ ਹੀ ਡਰਾਅ ਕੱਢ ਦਿੱਤਾ ਗਿਆ। ਇਸ ਦੇ ਚੱਲਦਿਆਂ ਇੱਕ ਹਫ਼ਤਾ ਪਹਿਲਾਂ 7 ਹਜ਼ਾਰ ਪਰਵਾਸੀਆਂ ਨੂੰ ਪੀਆਰ ਲਈ ਸੱਦਾ ਪੱਤਰ ਭੇਜੇ ਗਏ ਸੀ। ਹੁਣ ਦੂਜਾ ਡਰਾਅ ਕੱਢਦੇ ਹੋਏ 7 ਹਾਜ਼ਰ ਹੋਰ ਪਰਵਾਸੀਆਂ ਨੂੰ ਪੱਕੇ ਕਰਨ ਵੱਲ ਪੇਸ਼ਕਦਮੀ ਕੀਤੀ ਹੈ। ਦੱਸ ਦਈਏ ਕਿ 2023 ਵਿੱਚ ਕੱਢਿਆ ਗਿਆ ਇਹ ਅੱਠਵਾਂ ਐਕਸਪ੍ਰੈੱਸ ਐਂਟਰੀ ਡਰਾਅ ਹੈ। ਐਕਸਪ੍ਰੈੱਸ ਐਂਟਰੀ ਅਜਿਹਾ ਪ੍ਰੋਗਰਾਮ ਹੈ, ਜਿਸ ਰਾਹੀਂ ਹੁਨਰਮੰਦ ਪਰਵਾਸੀ ਸਿੱਧੇ ਤੌਰ ’ਤੇ ਕੈਨੇਡਾ ਦੇ ਪੱਕੇ ਵਾਸੀ ਬਣ ਸਕਦੇ। ਇਸ ਵਿੱਚ ਬਿਨੈਕਾਰਾਂ ਨੂੰ ਉਮਰ, ਪੜ੍ਹਾਈ, ਤਜਰਬੇ ਤੇ ਆਇਲਟਸ ਆਦਿ ਦੇ ਨੰਬਰ ਮਿਲਦੇ ਹਨ। ਕੈਨੇਡਾ ਵਿਚ ਪੜ੍ਹਾਈ ਕਰ ਚੁੱਕੇ ਵਿਦਿਆਰਥੀ ਤੇ ਕੱਚੇ ਕਾਮਿਆਂ ਨੂੰ ਇਸ ਪ੍ਰੋਗਰਾਮ ਤਹਿਤ ਪੀਆਰ ਦੀ ਸਹੂਲਤ ਮਿਲ ਜਾਂਦੀ ਹੈ। ਇਮੀਗ੍ਰੇਸ਼ਨ ਰਫ਼ਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਆਮ ਤੌਰ ’ਤੇ ਐਕਸਪ੍ਰੈੱਸ ਐਂਟਰੀ ਦੇ 3500 ਸੱਦਾ ਪੱਤਰ ਭੇਜੇ ਜਾਂਦੇ ਹਨ। ਮੰਤਰਾਲੇ ਵੱਲੋਂ ਲਗਾਤਾਰ ਵੱਡੇ ਡਰਾਅ ਕੱਢੇ ਜਾਣ ਨਾਲ ਸਕੋਰ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਵਾਰ ਡਰਾਅ 484 ਅੰਕਾਂ ’ਤੇ ਰਿਹਾ, ਬੀਤੇ ਮੰਗਲਵਾਰ 490 ਅੰਕਾਂ ਵਾਲੇ ਬਿਨੈਕਾਰਾਂ ਨੂੰ ਇਨਵੀਟੇਸ਼ਨ ਭੇਜੇ ਗਏ ਸਨ। ਕੈਨੇਡਾ ਸਰਕਾਰ ਇਸ ਸਾਲ 465,000 ਨਵੇਂ ਸਥਾਈ ਵਸਨੀਕਾਂ ਦਾ ਸਵਾਗਤ ਕਰਨ ਦੀ ਤਿਆਰੀ ਵਿੱਚ ਹੈ।