ਕੇਸਰੀ ਝੰਡੇ ਝੁਲਾਉਣ ਦਾ ਪ੍ਰੋਗਰਾਮ ਸਿੱਖ ਜਥੇਬੰਦੀਆਂ ਦਾ ਨਿੱਜੀ

ਅੰਮ੍ਰਿਤਸਰ : 15 ਅਗਸਤ ਨੂੰ ਦੇਸ਼ ਦੇ ਅਜ਼ਾਦੀ ਦਿਹਾੜੇ ਮੌਕੇ ਤਿਰੰਗੇ ਦੀ ਥਾਂ ਕੁਝ ਸਿੱਖ ਜਥੇਬੰਦੀਆਂ ਵੱਲੋਂ ਘਰਾਂ ‘ਤੇ ਕੇਸਰੀ ਝੰਡੇ ਝੁਲਾਉਣ ਦੀ ਅਪੀਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਨੇ ਉਨ੍ਹਾਂ ਦਾ ਨਿੱਜੀ ਪ੍ਰੋਗਰਾਮ ਦੱਸਿਆ ਹੈ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਸਬੰਧੀ ਆਪਣਾ ਫ਼ੈਸਲਾ ਲਵੇਗੀ।ਦੱਸ ਦੇਈਏ ਕਿ ਦਲ ਖਾਲਸਾ ਵੱਲੋਂ ਘਰਾਂ ‘ਤੇ ਝੁਲਾਏ ਜਾਣ ਵਾਲੇ ਕੇਸਰੀ ਝੰਡੇ ਮੁੱਹਈਆ ਕਰਵਾਉਣ ਦੀ ਸ਼੍ਰੋਮਣੀ ਕਮੇਟੀ ਨੂੰ ਕੀਤੀ ਅਪੀਲ ‘ਤੇ ਜਵਾਬ ਨਾ ਦਿੰਦਿਆਂ ਭਾਈ ਧਾਮੀ ਨੇ ਕਿਹਾ ਕਿ 15 ਅਗਸਤ ਨੂੰ ਲੈ ਕੇ ਕੀ ਪ੍ਰੋਗਰਾਮ ਉਲੀਕਣਾ ਹੈ ਇਸ ਬਾਰੇ ਅਸੀਂ ਫ਼ੈਸਲਾ ਲਵਾਂਗੇ। ਪ੍ਰਧਾਨ ਹਰਜਿੰਦਰ ਧਾਮੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਦਮਦਮੀ ਟਕਸਾਲ ਦੇ ਸਥਾਪਨਾ ਦਿਵਸ ਸਮਾਗਮਾਂ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਨੇ ਗੁਰੂ ਕੇ ਬਾਗ ਮੋਰਚੇ ਦੇ ਸਮਾਗਮ ਬਾਰੇ ਜਾਣਕਾਰੀ ਦਿੰਦੇ ਹੋਏ ਸਮਾਗਮ ਵਿੱਚ ਸੰਗਤ ਨੂੰ ਪਹੁੰਚਣ ਦੀ ਅਪੀਲ ਕੀਤੀ।ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ 30 ਅਗਸਤ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਸਿੱਖ ਸੰਗਤ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ।

Leave a Reply

Your email address will not be published.