ਕੇਂਦਰ ਨੇ ਵੈਕਸੀਨ ਦੀਆਂ 44 ਕਰੋੜ ਖ਼ੁਰਾਕਾਂ ਦਾ ਦਿੱਤਾ ਆਰਡਰ-30 ਫ਼ੀਸਦੀ ਰਕਮ ਜਾਰੀ

Home » Blog » ਕੇਂਦਰ ਨੇ ਵੈਕਸੀਨ ਦੀਆਂ 44 ਕਰੋੜ ਖ਼ੁਰਾਕਾਂ ਦਾ ਦਿੱਤਾ ਆਰਡਰ-30 ਫ਼ੀਸਦੀ ਰਕਮ ਜਾਰੀ
ਕੇਂਦਰ ਨੇ ਵੈਕਸੀਨ ਦੀਆਂ 44 ਕਰੋੜ ਖ਼ੁਰਾਕਾਂ ਦਾ ਦਿੱਤਾ ਆਰਡਰ-30 ਫ਼ੀਸਦੀ ਰਕਮ ਜਾਰੀ

ਨਵੀਂ ਦਿੱਲੀ / ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਰਾਜਾਂ ਨੂੰ ਮੁਫ਼ਤ ਵੈਕਸੀਨ ਦੇਣ ਦੇ ਐਲਾਨ ਦੇ ਅਗਲੇ ਹੀ ਦਿਨ ਕੇਂਦਰ ਵਲੋਂ ਨਾ ਸਿਰਫ਼ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ, ਸਗੋਂ ਕੋਰੋਨਾ ਵੈਕਸੀਨ ਦੀਆਂ 44 ਕਰੋੜ ਖੁਰਾਕਾਂ ਦਾ ਆਰਡਰ ਵੀ ਦੇ ਦਿੱਤਾ ਗਿਆ |

ਇਸ ਆਰਡਰ ‘ਚ 25 ਕਰੋੜ ਕੋਵੀਸ਼ੀਲਡ ਅਤੇ 19 ਕਰੋੜ ਕੋਵੈਕਸੀਨ ਸ਼ਾਮਿਲ ਹੈ | ਸਰਕਾਰ ਨੇ ਕੰਪਨੀਆਂ ਨੂੰ ਆਰਡਰ ਦੀ 30 ਫ਼ੀਸਦੀ ਰਕਮ ਪੇਸ਼ਗੀ ਵੀ ਦੇ ਦਿੱਤੀ ਹੈ | ਹਰਕਤ ‘ਚ ਆਈ ਮੋਦੀ ਸਰਕਾਰ ਹੁਣ ਰਾਜਾਂ ਵਲੋਂ ਖ਼ਰੀਦੀ ਵੈਕਸੀਨ ਵੀ ਵਾਪਸ ਲੈ ਰਹੀ ਹੈ | ਵਿੱਤ ਮੰਤਰਾਲੇ ਮੁਤਾਬਿਕ ਇਸ ਕਵਾਇਦ ‘ਤੇ 50 ਕਰੋੜ ਰੁਪਏ ਖ਼ਰਚ ਹੋਣਗੇ | ਵੈਕਸੀਨ ਦੀ ਬਰਬਾਦੀ ਕੇਂਦਰ ਸਰਕਾਰ ਵਲੋਂ 21 ਜੂਨ ਤੋਂ ਲਾਗੂ ਹੋਣ ਵਾਲੀ ਨਵੀਂ ਟੀਕਾਕਰਨ ਨੀਤੀ ਲਈ ਸੋਧੇ ਹੋਏ ਦਿਸ਼ਾ-ਨਿਰਦੇਸ਼ਾਂ ‘ਚ ਵੈਕਸੀਨ ਦੀ ਬਰਬਾਦੀ ਪ੍ਰਤੀ ਸਖ਼ਤ ਰੁਖ਼ ਅਪਣਾਇਆ ਗਿਆ ਹੈ | ਸੋਧੇ ਹੋਏ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਕੇਂਦਰ ਸਰਕਾਰ ਰਾਜਾਂ ਨੂੰ ਉਨ੍ਹਾਂ ਦੀ ਆਬਾਦੀ, ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਅਤੇ ਟੀਕਾਕਰਨ ਦੀ ਗਤੀ ਦੇ ਆਧਾਰ ‘ਤੇ ਕੋਰੋਨਾ ਵੈਕਸੀਨ ਦੀ ਖੁਰਾਕ ਭੇਜੇਗੀ, ਨਾਲ ਹੀ ਰਾਜਾਂ ਨੂੰ ਸਾਵਧਾਨ ਕਰਦਿਆਂ ਇਹ ਵੀ ਕਿਹਾ ਕਿ ਰਾਜਾਂ ਨੂੰ ਵੈਕਸੀਨ ਦੀ ਬਰਬਾਦੀ ਬਾਰੇ ਵਿਸ਼ੇਸ਼ ਧਿਆਨ ਰੱਖਣਾ ਪਵੇਗਾ ਨਹੀਂ ਤਾਂ ਉਨ੍ਹਾਂ ਨੂੰ ਮਿਲਣ ਵਾਲੀ ਵੈਕਸੀਨ ਦੀ ਸਪਲਾਈ ਪ੍ਰਭਾਵਿਤ ਹੋਵੇਗੀ |

ਨਵੇਂ ਦਿਸ਼ਾ-ਨਿਰਦੇਸ਼ਾਂ ‘ਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਰਾਜ ਨੂੰ ਪਹਿਲਾਂ ਹੀ ਜਾਣਕਾਰੀ ਦੇਵੇਗੀ ਕਿ ਉਨ੍ਹਾਂ ਨੂੰ ਕਿੰਨੀਆਂ ਖੁਰਾਕਾਂ ਮਿਲਣ ਵਾਲੀਆਂ ਹਨ, ਤਾਂ ਜੋ ਰਾਜ ਸਰਕਾਰਾਂ ਵੀ ਜ਼ਿਲ੍ਹਿਆਂ ਅਤੇ ਟੀਕਾ ਕੇਂਦਰਾਂ ‘ਚ ਪਹਿਲਾਂ ਹੀ ਖੁਰਾਕਾਂ ਦੀ ਜਾਣਕਾਰੀ ਦੇ ਦੇਣ ਅਤੇ ਟੀਕਾਕਰਨ ਕੇਂਦਰ ਵਲੋਂ ਵੀ ਇਹ ਜਾਣਕਾਰੀ ਜਨਤਕ ਕੀਤੀ ਜਾਵੇ, ਤਾਂ ਜੋ ਲੋਕਾਂ ਨੂੰ ਦਿੱਕਤ ਨਾ ਹੋਵੇ | ਕੇਂਦਰ ਸਰਕਾਰ ਟੀਕਾ ਬਣਾਉਣ ਵਾਲੀਆਂ ਕੰਪਨੀਆਂ ਤੋਂ 75 ਫ਼ੀਸਦੀ ਵੈਕਸੀਨ ਖ਼ਰੀਦ ਕੇ ਰਾਜਾਂ ਨੂੰ ਮੁਫ਼ਤ ਦੇਵੇਗੀ | ਬਾਕੀ 25 ਫ਼ੀਸਦੀ ਨਿੱਜੀ ਹਸਪਤਾਲ ਖ਼ਰੀਦਣਗੇ, ਜਿਸ ਲਈ ਕੀਮਤ ਵੈਕਸੀਨ ਬਣਾਉਣ ਵਾਲੀ ਕੰਪਨੀ ਵਲੋਂ ਹੀ ਐਲਾਨੀ ਜਾਵੇਗੀ | ਨਿੱਜੀ ਹਸਪਤਾਲ ਟੀਕੇ ਦੀ ਕੀਮਤ ਤੋਂ ਇਲਾਵਾ ਵੱਧ ਤੋਂ ਵੱਧ 150 ਰੁਪਏ ਆਪਣੀਆਂ ਸੇਵਾਵਾਂ ਦੀ ਕੀਮਤ ਵਜੋਂ ਲੈ ਸਕਦੇ ਹਨ | ਸਰਕਾਰ ਛੋਟੇ ਕਸਬਿਆਂ ਅਤੇ ਦੂਰ-ਦੁਰਾਡੇ ਇਲਾਕਿਆਂ ਦੇ ਨਿੱਜੀ ਹਸਪਤਾਲਾਂ ‘ਚ ਵੈਕਸੀਨ ਸਪਲਾਈ ਵਧਾਉਣ ‘ਚ ਵੀ ਮਦਦ ਕਰੇਗੀ, ਤਾਂ ਜੋ ਭੂਗੋਲਿਕ ਆਧਾਰ ‘ਤੇ ਨਾਬਰਾਬਰੀ ਨੂੰ ਖ਼ਤਮ ਕੀਤਾ ਜਾ ਸਕੇ |

ਇਸ ਤੋਂ ਇਲਾਵਾ ਰਾਜ ਸਰਕਾਰਾਂ ਨੂੰ ਛੋਟੇ ਹਸਪਤਾਲਾਂ ਦੀ ਵੈਕਸੀਨ ਦੀ ਮੰਗ ਦਾ ਖਾਕਾ ਵੀ ਤਿਆਰ ਕਰਨ ਨੂੰ ਕਿਹਾ ਗਿਆ, ਤਾਂ ਜੋ ਸਰਕਾਰੀ ਅਤੇ ਨਿੱਜੀ ਦੋਹਾਂ ਪੱਧਰਾਂ ‘ਤੇ ਕੰਮ ਨਾਲੋ-ਨਾਲ ਕੀਤਾ ਜਾ ਸਕੇ | ਸਰਕਾਰ ਨੇ ਮੁਫ਼ਤ ਵੈਕਸੀਨ ਦੇ ਐਲਾਨ ਦੇ ਨਾਲ ਅਪੀਲ ਕਰਦਿਆਂ ਇਹ ਵੀ ਕਿਹਾ ਹੈ ਕਿ ਜੋ ਲੋਕ ਪੈਸੇ ਦੇਣ ਦੇ ਸਮਰੱਥ ਹਨ ਉਹ ਨਿੱਜੀ ਹਸਪਤਾਲਾਂ ‘ਚ ਪੈਸੇ ਦੇ ਕੇ ਵੈਕਸੀਨ ਲਗਵਾਉਣ | ਇਸ ਤੋਂ ਇਲਾਵਾ ਗ਼ਰੀਬਾਂ ਨੂੰ ਨਿੱਜੀ ਹਸਪਤਾਲਾਂ ‘ਚ ਮੁਫ਼ਤ ਵੈਕਸੀਨ ਲਗਵਾਉਣ ਲਈ ਗ਼ੈਰ ਤਬਦੀਲੀਯੋਗ ਇਲੈਕਟ੍ਰਾਨਿਕ ਵਾਊਚਰ ਲਾਏ ਜਾਣਗੇ, ਜੋ ਵਿਅਕਤੀ ਵਿਸ਼ੇਸ਼ ਦੇ ਨਾਂਅ ‘ਤੇ ਜਾਰੀ ਕੀਤੇ ਜਾਣਗੇ | ਦਿਸ਼ਾ-ਨਿਰਦੇਸ਼ਾਂ ‘ਚ ਵੈਕਸੀਨ ਲਈ ਤਰਜੀਹਾਂ ਤੈਅ ਕਰਦਿਆਂ ਸਭ ਤੋਂ ਉੱਪਰ ਸਿਹਤ ਮੁਲਾਜ਼ਮ, ਫਿਰ 45 ਸਾਲ ਦੇ ਲੋਕ ਅਤੇ ਫਿਰ ਉਨ੍ਹਾਂ ਲੋਕਾਂ ਨੂੰ ਤਰਜੀਹ ਦੇਣੀ ਹੋਵੇਗੀ, ਜਿਨ੍ਹਾਂ ਦੀ ਦੂਜੀ ਖੁਰਾਕ ਬਕਾਇਆ ਹੈ, ਜਿਸ ਤੋਂ ਬਾਅਦ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਨੰਬਰ ਆਵੇਗਾ | 18 ਸਾਲ ਵਾਲੇ ਵਰਗ ਲਈ ਰਾਜ ਸਰਕਾਰ ਆਪਣੇ ਮੁਤਾਬਿਕ ਤਰਜੀਹ ਤੈਅ ਕਰ ਸਕਦੀ ਹੈ |

ਸਿਹਤ ਮੰਤਰਾਲੇ ਮੁਤਾਬਿਕ ਜੁਲਾਈ ਤੱਕ ਟੀਕੇ ਲਈ 53.6 ਕਰੋੜ ਖੁਰਾਕਾਂ ਉਪਲਬਧ ਹਨ, ਜਦਕਿ ਅਗਸਤ ਅਤੇ ਦਸੰਬਰ ਦਰਮਿਆਨ 133.6 ਕਰੋੜ ਖੁਰਾਕਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ, ਜਿਸ ਨਾਲ ਤਕਰੀਬਨ 94 ਕਰੋੜ ਲਾਭਪਾਤਰੀਆਂ ਨੂੰ ਟੀਕਾ ਲਾਇਆ ਜਾ ਸਕੇਗਾ | ਸਿਹਤ ਮੰਤਰਾਲੇ ਦੇ ਜੁਆਇੰਟ ਸਕੱਤਰ ਲਵ ਅਗਰਵਾਲ ਮੁਤਾਬਿਕ ਜੁਲਾਈ ਤੱਕ ਦੀਆਂ 53.6 ਕਰੋੜ ਵੈਕਸੀਨਾਂ ‘ਚ ਰਾਜਾਂ ਅਤੇ ਨਿੱਜੀ ਹਸਪਤਾਲਾਂ ਵਲੋਂ ਸਿੱਧੇ ਤੌਰ ‘ਤੇ ਖ਼ਰੀਦੀਆਂ ਗਈਆਂ 18 ਕਰੋੜ ਖੁਰਾਕਾਂ ਵੀ ਸ਼ਾਮਿਲ ਹਨ | ਟੀਕਾਕਰਨ ਨੀਤੀ ‘ਚ ਬਦਲਾਅ ਤੋਂ ਬਾਅਦ ਰਾਜਾਂ ਵਲੋਂ ਖ਼ਰੀਦੇ ਟੀਕਿਆਂ ਨੂੰ ਕੇਂਦਰ ਸਰਕਾਰ ਵਾਪਸ ਲੈ ਰਹੀ ਹੈ | ਵਿੱਤ ਮੰਤਰਾਲੇ ਦੇ ਹਲਕਿਆਂ ਮੁਤਾਬਿਕ ਇਸ ਲਈ 50 ਹਜ਼ਾਰ ਕਰੋੜ ਦੀ ਰਕਮ ਖ਼ਰਚ ਹੋਵੇਗੀ ਪਰ ਸਰਕਾਰ ਕੋਲ ਇਸ ਲਈ ਫੰਡ ਹਨ | ਹਲਕਿਆਂ ਮੁਤਾਬਿਕ ਵੈਕਸੀਨ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਸਰਕਾਰ ਹੁਣ ਵਿਦੇਸ਼ੀ ਵੈਕਸੀਨ ‘ਤੇ ਜ਼ਿਆਦਾ ਨਿਰਭਰ ਨਹੀਂ ਹੋਵੇਗੀ |

ਸਰਕਾਰ ਵਲੋਂ ਸਾਂਝੇ ਕੀਤੇ ਅੰਕੜਿਆਂ ਮੁਤਾਬਿਕ ਅਗਸਤ ਤੋਂ ਦਸੰਬਰ ‘ਚ ਕੋਵੀਸ਼ੀਲਡ ਦੀਆਂ 50 ਕਰੋੜ, ਕੋਵੈਕਸੀਨ ਦੀਆਂ 38.6 ਕਰੋੜ, ਬਾਇਓਲਾਜੀਕਲ-ਈ ਦੀਆਂ 5 ਕਰੋੜ ਅਤੇ ਸਪੂਤਨਿਕ-ਵੀ ਦੀਆਂ 10 ਕਰੋੜ ਖੁਰਾਕਾਂ ਉਪਲਬਧ ਹੋਣਗੀਆਂ | ਤੀਜੀ ਲਹਿਰ ‘ਚ ਬੱਚਿਆਂ ਦੇ ਜ਼ਿਆਦਾ ਪ੍ਰਭਾਵਿਤ ਹੋਣ ਦਾ ਕੋਈ ਸਬੂਤ ਨਹੀਂ ਦੇਸ਼ ‘ਚ ਆਉਣ ਵਾਲੀ ਤੀਜੀ ਲਹਿਰ ਅਤੇ ਉਸ ‘ਚ ਬੱਚਿਆਂ ਦੇ ਵਧੇਰੇ ਪ੍ਰਭਾਵਿਤ ਹੋਣ ਦੇ ਖਦਸ਼ਿਆਂ ਦਰਮਿਆਨ ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਇਨ੍ਹਾਂ ਦਾਅਵਿਆਂ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਭਾਰਤ ਜਾਂ ਦੁਨੀਆ ਦੇ ਮਾਮਲੇ ਵੇਖੀਏ ਤਾਂ ਹਾਲੇ ਤੱਕ ਅਜਿਹੇ ਕੋਈ ਅੰਕੜੇ ਸਾਹਮਣੇ ਨਹੀਂ ਆਏ, ਜਿਸ ‘ਚ ਵਿਖਾਇਆ ਗਿਆ ਹੋਵੇ ਕਿ ਬੱਚੇ ਜ਼ਿਆਦਾ ਪ੍ਰਭਾਵਿਤ ਹੋਣਗੇ |

ਡਾ. ਗੁਲੇਰੀਆ ਨੇ ਕਿਹਾ ਕਿ ਹਾਲੇ ਅਜਿਹਾ ਕੋਈ ਸਬੂਤ ਨਹੀਂ ਹੈ ਕਿ ਜੇਕਰ ਕੋਵਿਡ ਦੀ ਅਗਲੀ ਲਹਿਰ ਆਈ ਤਾਂ ਬੱਚਿਆਂ ‘ਤੇ ਜ਼ਿਆਦਾ ਪ੍ਰਭਾਵ ਪਾਵੇਗੀ | ਉਨ੍ਹਾਂ ਕਿਹਾ ਕਿ ਅਗਲੀ ਲਹਿਰ ਨੂੰ ਰੋਕਣ ਲਈ ਅਨੁਸ਼ਾਸਨ ‘ਚ ਰਹਿਣਾ, ਮਾਸਕ ਲਾਉਣਾ ਆਦਿ ਸਾਰੇ ਕੰਮ ਜਾਰੀ ਰੱਖਣੇ ਹੋਣਗੇ | ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਅਜੇ ਕੁਝ ਮਹੀਨੇ ਵੱਡੇ ਇਕੱਠਾਂ ਜਾਂ ਪਾਰਟੀਆਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ | ਵਿਦੇਸ਼ ਜਾਣ ਵਾਲਿਆਂ ਨੂੰ ਵੈਕਸੀਨ ਲਗਾਉਣ ‘ਚ ਮਿਲੇਗੀ ਤਰਜੀਹ ਵਿਦੇਸ਼ ਜਾਣ ਵਾਲੇ ਲੋਕਾਂ ਨੂੰ ਵੈਕਸੀਨ ਲਗਵਾਉਣ ‘ਚ ਤਰਜੀਹ ਦਿੱਤੀ ਜਾਵੇਗੀ | ਇੱਥੇ ਜ਼ਿਕਰਯੋਗ ਹੈ ਕਿ ਕੋਵੈਕਸੀਨ ਨੂੰ ਹਾਲੇ ਤੱਕ ਵਿਸ਼ਵ ਸਿਹਤ ਸੰਗਠਨ ਵਲੋਂ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਨਹੀਂ ਸੀ ਮਿਲੀ | ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਡਬਲਿਊ.ਐੱਚ.ਓ. ਵਲੋਂ ਜੁਲਾਈ ਤੋਂ ਸਤੰਬਰ ਦਰਮਿਆਨ ਕੋਵੈਕਸੀਨ ਨੂੰ ਮਨਜ਼ੂਰੀ ਮਿਲ ਸਕਦੀ ਹੈ | ਅਜਿਹਾ ਹੋਣ ‘ਤੇ ਸਤੰਬਰ ਤੋਂ ਕੋਵੈਕਸੀਨ ਲਗਵਾ ਚੁੱਕੇ ਲੋਕ ਵੀ ਵਿਦੇਸ਼ ਜਾ ਸਕਦੇ ਹਨ | ਹਾਲੇ ਤੱਕ 13 ਦੇਸ਼ਾਂ ਵਲੋਂ ਕੋਵੈਕਸੀਨ ਨੂੰ ਮਨਜ਼ੂਰੀ ਦਿੱਤੀ ਗਈ ਹੈ |

Leave a Reply

Your email address will not be published.